_*ਸਰਕਾਰੀ ਹਾਈ ਸਕੂਲ ਸ਼ੇਖੇ ਪਿੰਡ ਨੇ ਖੇਡਾਂ ਵਿਚ ਮਾਰੀਆਂ ਮੱਲਾਂ*_

ਜਲੰਧਰ, 30 ਅਗਸਤ ( ਚਰਨਜੀਤ ਸਿੰਘ ) ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਗੁਰਸ਼ਰਨ ਸਿੰਘ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਰਾਜੀਵ ਜੋਸ਼ੀ ਦੀ ਯੋਗ ਅਗਵਾਈ ਵਿਚ ਜ਼ਿਲ੍ਹੇ ਦੇ ਵੱਖ ਵੱਖ ਸਕੂਲਾਂ ਵਿੱਚ ਜ਼ੋਨ ਪੱਧਰੀ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਲੜੀ ਤਹਿਤ ਜ਼ੋਨ-7 ਦੇ ਖੇਡ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਾੜੀ ਵਿਖੇ ਕਰਵਾਏ ਜਾ ਰਹੇ ਹਨ। ਇਨ੍ਹਾਂ ਮੁਕਾਬਲਿਆਂ ਵਿੱਚ ਸਰਕਾਰੀ ਹਾਈ ਸਕੂਲ ਸ਼ੇਖੇ ਪਿੰਡ ਨੇ ਖੋ-ਖੋ ਅੰਡਰ-14 (ਕੁੜੀਆਂ) ਵਿੱਚ ਪਹਿਲਾ, ਅੰਡਰ-17 (ਮੁੰਡਿਆਂ) ਵਿੱਚ ਪਹਿਲਾ, ਸਰਕਲ ਸਟਾਈਲ ਕਬੱਡੀ ਮੁਕਾਬਲਿਆਂ ਵਿੱਚ ਅੰਡਰ-14 (ਕੁੜੀਆਂ) ਵਿੱਚ ਪਹਿਲਾ ਅਤੇ ਅੰਡਰ-17 (ਮੁੰਡਿਆਂ) ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਲਈ ਆਪਣਾ ਸਥਾਨ ਪੱਕਾ ਕੀਤਾ। ਇਸ ਤੋਂ ਇਲਾਵਾ ਸ਼ੇਖੇ ਪਿੰਡ ਦੇ ਵਿਦਿਆਰਥੀਆਂ ਵੱਲੋਂ ਕੱਬਡੀ ਅੰਡਰ-14 (ਮੁੰਡਿਆਂ) ਨੇ ਪਹਿਲਾ, ਖੋ-ਖੋ ਅੰਡਰ-17 (ਕੁੜੀਆਂ) ਨੇ ਤੀਸਰਾ ਅਤੇ ਅੰਡਰ-14 (ਮੁੰਡਿਆਂ) ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਪ੍ਰਿੰਸੀਪਲ ਸ਼ਸ਼ੀ ਕੁਮਾਰ, ਹੈੱਡਮਿਸਟ੍ਰੈਸ ਰਸ਼ਪਾਲ ਕੌਰ, ਹਰਜੀਤ ਸਿੰਘ, ਅਜੈ ਕੁਮਾਰ ਅਵਸਥੀ, ਨੀਲਮ ਕੁਮਾਰੀ, ਦਵਿੰਦਰ ਕੌਰ, ਮਨਪ੍ਰੀਤ ਕੌਰ, ਮਨਦੀਪ ਕੌਰ, ਅਮਰੀਕ ਕੌਰ, ਵਿਨੋਦ ਸ਼ਰਮਾ, ਸਰਬਜੀਤ ਕੌਰ ਅਤੇ ਸਮੂਹ ਸਟਾਫ਼ ਮੈਂਬਰਾਂ ਵੱਲੋਂ ਜੇਤੂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਕੋਚ ਡੀਪੀਈ ਸੰਦੀਪ ਕੌਰ ਨੂੰ ਵਧਾਈ ਦਿੱਤੀ ਅਤੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ।