ਮਹਿੰਦਰ ਸਿੰਘ ਧੋਨੀ ਨੇ ਵੈਲਾਮਲ ਕ੍ਰਿਕਟ ਸਟੇਡੀਅਮ ਦਾ ਕੀਤਾ ਉਦਘਾਟਨ
ਨਵੀਂ ਦਿੱਲੀ –ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਮਦੁਰਾਈ ਨੇੜੇ ਚਿੰਤਾਮਣੀ ਵਿੱਚ ਵੈਲਾਮਲ ਕ੍ਰਿਕਟ ਸਟੇਡੀਅਮ ਦਾ ਉਦਘਾਟਨ ਕੀਤਾ। ਇਸ ਮੌਕੇ ‘ਤੇ ਉੱਥੇ ਕਾਫੀ ਭੀੜ ਦੇਖਣ ਨੂੰ ਮਿਲੀ, ਜੋ ਅਕਸਰ ਧੋਨੀ ਦੀ ਮੌਜੂਦਗੀ ‘ਚ ਹੁੰਦੀ ਹੈ। ਸਟੇਡੀਅਮ ਵਿੱਚ ਧੋਨੀ ਨੇ ਬੱਚਿਆਂ ਨਾਲ ਕ੍ਰਿਕਟ ਵੀ ਖੇਡੀ। ਇਸ ਦੌਰਾਨ ਇੱਕ ਬੱਚੇ ਨੇ ਕੁਝ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਜੋ ਆਮ ਹੈ ਪਰ ਧੋਨੀ ਦੇ ਕੀਤੇ ਕੰਮ ਨੇ ਸਾਰਿਆਂ ਦਾ ਦਿਲ ਜਿੱਤ ਲਿਆ।
ਧੋਨੀ ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ। ਹੁਣ ਉਹ ਸਿਰਫ ਆਈਪੀਐਲ ਖੇਡਦੇ ਹਨ। ਪਿਛਲੇ ਸਾਲ ਉਨ੍ਹਾਂ ਨੇ ਚੇਨਈ ਸੁਪਰਕਿੰਗਜ਼ ਦੀ ਕਪਤਾਨੀ ਕੀਤੀ ਸੀ। ਇਸ ਸੀਜ਼ਨ ਵੀ ਉਹ ਟੀਮ ਦੀ ਪੀਲੀ ਜਰਸੀ ਵਿਚ ਦਿਖਾਈ ਦੇਣਗੇ। ਭਾਰਤ ਨੂੰ ਤਿੰਨ ਆਈਸੀਸੀ ਟਰਾਫੀਆਂ ਜਿਤਵਾਉਣ ਵਾਲੇ ਕਪਤਾਨ ਦੀ ਫੈਨ ਫਾਲੋਇੰਗ ਕਾਫੀ ਵੱਡੀ ਹੈ ਅਤੇ ਜਦੋਂ ਗੱਲ ਚੇਨਈ ਦੀ ਆਉਂਦੀ ਹੈ ਤਾਂ ਇਸ ਦਾ ਕੋਈ ਜਵਾਬ ਨਹੀਂ ਹੈ।
ਜਦੋਂ ਧੋਨੀ ਸਟੇਡੀਅਮ ਵਿੱਚ ਬੈਟਿੰਗ ਕਰਨ ਆ ਰਹੇ ਸਨ, ਤਦੋਂ ਵਿਕਟਕੀਪਿੰਗ ਕਰ ਰਹੇ ਛੋਟੇ ਬੱਚੇ ਨੇ ਉਨ੍ਹਾਂ ਦੇ ਪੈਰ ਛੂਏ। ਇਸ ਦੌਰਾਨ ਧੋਨੀ ਦੀ ਬਾਡੀ ਲੈਂਗਵੇਜ ਤੋਂ ਲੱਗ ਰਿਹਾ ਸੀ ਕਿ ਉਹ ਬੱਚੇ ਨੂੰ ਮਨਾ ਕਰ ਰਹੇ ਹਨ ਫਿਰ ਧੋਨੀ ਨੇ ਉਸ ਬੱਚੇ ਨਾਲ ਹੱਥ ਮਿਲਾਇਆ ਅਤੇ ਉਸ ਦੇ ਸਿਰ ‘ਤੇ ਹੱਥ ਰੱਖਿਆ। ਇਸ ਦੌਰਾਨ ਧੋਨੀ ਨੇ ਕੁਝ ਗੇਂਦਾਂ ਵੀ ਖੇਡੀਆਂ। ਧੋਨੀ ਮੁੰਬਈ ਤੋਂ ਮਦੁਰਾਈ ਆਏ ਸਨ। ਇਹ ਤਮਿਲਨਾਡੂ ਦਾ ਦੂਜਾ ਸਭ ਤੋਂ ਵੱਡਾ ਸਟੇਡੀਅਮ ਮੰਨਿਆ ਜਾ ਰਿਹਾ ਹੈ।
