Global

ਪਾਕਿਸਤਾਨ ਨੇ ਕੀਤੀ ਅਫਗਾਨ ਸਰਹੱਦ ‘ਤੇ ਬੰਬਾਰੀ, ਕੀ ਤਾਲਿਬਾਨ ਲੈਣਗੇ ਬਦਲਾ?

ਕਾਬੁਲ – ਪਾਕਿਸਤਾਨ ਨੇ ਅਫਗਾਨਿਸਤਾਨ ਦੇ ਹਵਾਈ ਖੇਤਰ ਦੀ ਉਲੰਘਣਾ ਕੀਤੀ ਤੇ ਸਰਹੱਦ ਦੇ ਨਜ਼ਦੀਕ ਬੰਬਾਰੀ ਕੀਤੀ। ਇਸ ’ਤੇ ਤਾਲਿਬਾਨ ਨੇ ਨਾਰਾਜ਼ਗੀ ਪ੍ਰਗਟਾਈ ਤੇ ਕਿਹਾ ਕਿ ਇਹ ਉਕਸਾਵੇ ਵਾਲੀ ਹਰਕਤ ਹੈ।

ਤਾਲਿਬਾਨ ਸਰਕਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪਾਕਿਸਤਾਨ ਨੇ ਅਫਗਾਨ ਹਵਾਈ ਖੇਤਰ ਦੀ ਉਲੰਘਣਾ ਕਰਦੇ ਹੋਏ ਦੋਵਾਂ ਦੇਸ਼ਾਂ ਦੀ ਸਰਹੱਦ ਦੇ ਨਜ਼ਦੀਕ ਇਕ ਬਾਜ਼ਾਰ ’ਤੇ ਬੰਬਾਰੀ ਕੀਤੀ ਤੇ ਕਾਬੁਲ ਦੇ ਖੇਤਰ ’ਤੇ ਕਬਜ਼ਾ ਕੀਤਾ। ਰੱਖਿਆ ਮੰਤਰਾਲੇ ਨੇ ਬਿਆਨ ’ਚ ਕਿਹਾ ਕਿ ਇਹ ਇਕ ਹਿੰਸਕ ਤੇ ਉਕਸਾਵੇ ਵਾਲੀ ਹਰਕਤ ਹੈ।

ਅਸੀਂ ਅਫਗਾਨ ਹਵਾਈ ਖੇਤਰ ਦੀ ਇਸ ਉਲੰਘਣਾ ਦੀ ਸਖ਼ਤ ਨਿੰਦਾ ਕਰਦੇ ਹਾਂ ਤੇ ਆਪਣੇ ਖੇਤਰ ਦੀ ਰੱਖਿਆ ਕਰਨਾ ਸਾਡਾ ਅਧਿਕਾਰ ਹੈ। ਇੱਧਰ, ਸਾਬਕਾ ਅਮਰੀਕੀ ਦੂਤ ਜਾਲਮੇ ਖਲੀਲਜ਼ਦਾ ਨੇ ਅਫਗਾਨਿਸਤਾਨ ਦੇ ਖ਼ਿਲਾਫ਼ ਪਾਕਿਸਤਾਨ ਵਲੋਂ ਕੀਤੇ ਗਏ ਹਮਲੇ ’ਤੇ ਚਿੰਤਾ ਪ੍ਰਗਟ ਕੀਤੀ ਤੇ ਕਿਹਾ ਕਿ ਇਸ ਨਾਲ ਖ਼ਤਰਾ ਪੈਦਾ ਹੋ ਸਕਦਾ ਹੈ। ਅੱਤਵਾਦੀ ਪਨਾਹਗਾਹਾਂ ਨਾਲ ਨਜਿੱਠਣ ਲਈ ਕਾਬੁਲ ਤੇ ਇਸਲਾਮਾਬਾਦ ਵਿਚਾਲੇ ਗੱਲਬਾਤ ਹੋਣੀ ਚਾਹੀਦੀ ਹੈ।

ਪਾਕਿਸਤਾਨ ਦੀ ਫ਼ੌਜ ਨੇ ਸ਼ੁੱਕਰਵਾਰ ਨੂੰ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਦੇ 30 ਅੱਤਵਾਦੀਆਂ ਨੂੰ ਮਾਰ ਸੁੱਟਣ ਦਾ ਦਾਅਵਾ ਕੀਤਾ। ਖੈਬਰ ਪਖ਼ਤੂਨਖ਼ਵਾ ਸੂਬੇ ਦੇ ਓਰਕਜ਼ਈ ਜ਼ਿਲ੍ਹੇ ’ਚ ਇਕ ਮੁਹਿੰਮ ’ਚ ਇਨ੍ਹਾਂ ਅੱਤਵਾਦੀਆਂ ਨੂੰ ਢੇਰ ਕੀਤਾ ਗਿਆ। ਇਹ ਅੱਤਵਾਦੀ ਅਫਗਾਨ ਸਰਹੱਦ ਨਾਲ ਲੱਗਦੇ ਓਰਕਜਈ ’ਚ ਅੱਠ ਅਕਤੂਬਰ ਨੂੰ ਪਾਕਿਸਤਾਨੀ ਫ਼ੌਜੀ ਕਾਫਲੇ ’ਤੇ ਹਮਲੇ ’ਚ ਸ਼ਾਮਲ ਸਨ। ਇਸ ਵਿਚ ਇਕ ਲੈਫਟੀਨੈਂਟ ਕਰਨਲ ਤੇ ਇਕ ਮੇਜਰ ਸਮੇਤ 11 ਪਾਕਿਸਤਾਨੀ ਫ਼ੌਜੀ ਮਾਰੇ ਗਏ ਸਨ। ਟੀਟੀਪੀ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਸੀ।