ਮੀਂਹ ਨਾਲ ਮੰਡੀਆਂ ’ਚ ਭਿੱਜੀ ਝੋਨੇ ਦੀ ਫ਼ਸਲ, ਦੋ ਦਿਨ ਜ਼ੋਰਦਾਰ ਮੀਂਹ ਦਾ ਅਲਰਟ ਜਾਰੀ
ਲੁਧਿਆਣਾ –ਪੰਜਾਬ ’ਚ ਐਤਵਾਰ ਸਵੇਰੇ ਕਈ ਜ਼ਿਲ੍ਹਿਆਂ ਵਿਚ ਤੇਜ਼ ਹਵਾਵਾਂ ਨਾਲ ਮੀਂਹ ਪਿਆ। ਮੀਂਹ ਕਾਰਨ ਮੰਡੀਆਂ ਵਿਚ ਵੇਚਣ ਲਈ ਲਿਆਂਦੀ ਗਈ ਝੋਨੇ ਦੀ ਫ਼ਸਲ ਭਿੱਜ ਗਈ। ਇਹੀ ਨਹੀਂ, ਮੀਂਹ ਦਾ ਝੋਨੇ ਦੀ ਵਾਢੀ ’ਤੇ ਵੀ ਅਸਰ ਪਿਆ ਹੈ। ਉੱਧਰ, ਮੌਸਮ ਵਿਭਾਗ ਨੇ ਸੂਬੇ ਵਿਚ ਅਗਲੇ ਦੋ ਦਿਨ ਜ਼ੋਰਦਾਰ ਮੀਂਹ ਤੇ ਗੜੇਮਾਰੀ ਦੀ ਸੰਭਾਵਨਾ ਪ੍ਰਗਟਾਈ ਹੈ। ਇਸ ਕਾਰਨ ਕਿਸਾਨਾਂ ਦੀਆਂ ਚਿੰਤਾਵਾਂ ਵੱਧ ਗਈਆਂ ਹਨ। ਕਿਸਾਨਾਂ ਨੂੰ ਇਹ ਚਿੰਤਾ ਸਤਾ ਰਹੀ ਹੈ ਕਿ ਜੇਕਰ ਹਨੇਰੀ ਦੇ ਨਾਲ ਮੀਂਹ ਪੈਂਦਾ ਹੈ ਤਾਂ ਉਨ੍ਹਾਂ ਦੀ ਪੱਕੀ ਹੋਈ ਝੋਨੇ ਦੀ ਫ਼ਸਲ ਖੇਤਾਂ ਵਿਚ ਵਿਛ ਸਕਦੀ ਹੈ ਜਿਸ ਨਾਲ ਫ਼ਸਲ ਖ਼ਰਾਬ ਹੋਣ ਦਾ ਵੀ ਡਰ ਹੈ।
ਦੂਜੇ ਪਾਸੇ, ਬੀਬੀਐੱਮਬੀ ਮੈਨੇਜਮੈਂਟ ਨੇ ਰਣਜੀਤ ਸਾਗਰ ਡੈਮ ਤੇ ਪੌਂਗ ਡੈਮ ਤੋਂ ਐਤਵਾਰ ਨੂੰ ਰਾਵੀ ਅਤੇ ਦਰਿਆ ਵਿਚ ਪਾਣੀ ਛੱਡਣ ਦਾ ਕੰਮ ਜਾਰੀ ਰੱਖਿਆ। ਬੀਬੀਐੱਮਬੀ ਮੈਨੇਜਮੈਂਟ ਵੱਲੋਂ ਅਜਿਹਾ ਅਗਲੇ ਦੋ ਦਿਨ ਹਿਮਾਚਲ ਵਿਚ ਜ਼ੋਰਦਾਰ ਮੀਂਹ ਪੈਣ ਕਾਰਨ ਡੈਮ ’ਚ ਹੋਰ ਪਾਣੀ ਆਉਣ ਦੀ ਸੰਭਾਵਨਾ ਦੇ ਮੱਦੇਨਜ਼ਰ ਕੀਤਾ ਜਾ ਰਿਹਾ ਹੈ।
ਐਤਵਾਰ ਸਵੇਰੇ ਪੰਜ ਵਜੇ ਸੂਬੇ ਦੇ ਕਈ ਜ਼ਿਲ੍ਹਿਆਂ ਵਿਚ ਤੇਜ਼ ਹਵਾਵਾਂ ਨਾਲ ਮੀਂਹ ਪੈਣਾ ਸ਼ੁਰੂ ਹੋਇਆ। ਸਵੇਰੇ ਲਗਪਗ ਸੱਤ ਵਜੇ ਤੱਕ ਰੁਕ-ਰੁਕ ਕੇ ਮੀਂਹ ਪੈਂਦਾ ਰਿਹਾ। ਇਸ ਨਾਲ ਮੌਸਮ ਵਿਚ ਵੀ ਬਦਲਾਅ ਆਇਆ ਹੈ। ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਗਏ ਅਨੁਮਾਨ ਮੁਤਾਬਕ, ਸੱਤ ਅਕਤੂਬਰ ਤੱਕ ਪੰਜਾਬ ਵਿਚ ਤੇਜ਼ ਹਵਾਵਾਂ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਕੁਝ ਥਾਵਾਂ ’ਤੇ ਭਾਰੀ ਤੋਂ ਅਤਿ ਭਾਰੀ ਮੀਂਹ ਵੀ ਪੈ ਸਕਦਾ ਹੈ। ਇਸ ਦੇ ਨਾਲ ਹੀ ਕੁਝ ਥਾਵਾਂ ’ਤੇ ਗੜੇਮਾਰੀ ਦੀ ਸੰਭਾਵਨਾ ਵੀ ਹੈ। ਅੱਠ ਅਕਤੂਬਰ ਤੋਂ ਮੌਸਮ ਸਾਫ਼ ਹੋ ਜਾਵੇਗਾ।
