Punjab

ਰਾਵੀ ’ਚ ਵਧੇ ਪਾਣੀ ਕਾਰਨ ਕੰਡਿਆਲੀ ਤਾਰ ਪ੍ਰਭਾਵਿਤ, ਘੁਸਪੈਠ ਦਾ ਖ਼ਤਰਾ; ਸਰਹੱਦ ’ਤੇ ਬੀਐੱਸਐੱਫ ਜਵਾਨ ਚੌਕਸ

ਡੇਰਾ ਬਾਬਾ ਨਾਨਕ : ਭਾਰਤ-ਪਾਕਿ ਦੀ ਕੌਮਾਂਤਰੀ ਸਰਹੱਦ ਨਾਲ ਵਹਿੰਦੇ ਰਾਵੀ ਦਰਿਆ ਦੇ ਪਾਣੀ ਦਾ ਪੱਧਰ ਵਧਣ ਕਾਰਨ ਪਿਛਲੇ ਮਹੀਨੇ ਆਏ ਹੜ੍ਹ ਸਦਕਾ ਸਰਹੱਦ ’ਤੇ ਲੱਗੇ ਗੇਟ, ਓਪੀ ਟਾਵਰ ਤੇ ਕੰਡਿਆਲੀ ਤਾਰ ਪ੍ਰਭਾਵਿਤ ਹੋਈ ਸੀ। ਉਥੇ ਰਾਵੀ, ਉਂਜ ਤੇ ਸਤਲੁਜ ਦਰਿਆ ਦਾ ਪਾਣੀ ਘਟਣ ਤੋਂ ਬਾਅਦ ਪਾਕਿਸਤਾਨ ਵੱਲ ਬੈਠੇ ਦੇਸ਼ ਵਿਰੋਧੀ ਅਨਸਰਾਂ ਵੱਲੋਂ ਸਰਹੱਦ ’ਤੇ ਟੁੱਟੀ ਕੰਡਿਆਲੀ ਤਾਰ ਤੇ ਰਾਵੀ ਦਰਿਆ ’ਤੇ ਪੈਂਦੇ ਸੰਵੇਦਨਸ਼ੀਲ ਪੁਆਇੰਟਾਂ ਰਾਹੀਂ ਭਾਰਤੀ ਖੇਤਰ ’ਚ ਘੁਸਪੈਠ ਕਰਨ ਤੋਂ ਇਲਾਵਾ ਨਸ਼ੀਲੇ ਪਦਾਰਥ ਤੇ ਹਥਿਆਰ ਭੇਜਣ ਦਾ ਖ਼ਤਰਾ ਵੀ ਵੱਧ ਗਿਆ ਹੈ।

ਦੱਸਣਯੋਗ ਹੈ ਕਿ ਪੰਜਾਬ ਦੀ ਕਰੀਬ 553 ਕਿੱਲੋਮੀਟਰ ਸਰਹੱਦ, ਜੋ ਜੰਮੂ ਕਸ਼ਮੀਰ ਦੇ ਏਰੀਏ ਦੀ ਸਰਹੱਦ ਤੋਂ ਸ਼ੁਰੂ ਹੁੰਦੀ ਹੋਈ ਪੰਜਾਬ ਨਾਲ ਸਬੰਧਤ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਅਬੋਹਰ ਤੇ ਫਾਜ਼ਿਲਕਾ ਉਸ ਤੋਂ ਬਾਅਦ ਰਾਜਸਥਾਨ ਬਾਰਡਰ ਨਾਲ ਜੁੜਦੀ ਹੈ। ਇਸ ਕੌਮਾਂਤਰੀ ਸਰਹੱਦ ’ਤੇ ਬੀਐੱਸਐੱਫ ਫਰੰਟੀਅਰ ਪੰਜਾਬ ਅਧੀਨ ਆਉਂਦੇ ਬੀਐੱਸਐੱਫ ਦੇ ਚਾਰ ਦੇ ਕਰੀਬ ਸੈਕਟਰਾਂ ਅਧੀਨ ਆਉਂਦੀਆਂ ਬੀਐੱਸਐੱਫ ਦੇ ਹਜ਼ਾਰਾਂ ਪੁਰਸ਼ ਤੇ ਮਹਿਲਾ ਜਵਾਨ ਚੌਕਸ ਹਨ, ਜਦਕਿ 25 ਅਗਸਤ ਤੋਂ ਰਾਵੀ ਦਰਿਆ, ਉਂਜ ਦਰਿਆ ਤੇ ਸਤਲੁਜ ਦਰਿਆਵਾਂ ’ਚ ਵਧੇ ਪਾਣੀ ਦੇ ਪੱਧਰ ਕਾਰਨ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ, ਅੰਮ੍ਰਿਤਸਰ ਤੇ ਫਿਰੋਜ਼ਪੁਰ ਜ਼ਿਲ੍ਹੇ ਵੱਡੇ ਪੱਧਰ ’ਤੇ ਪ੍ਰਭਾਵਿਤ ਹੋਏ ਸਨ ਅਤੇ ਦਰਿਆਵਾਂ ਦਾ ਪਾਣੀ ਸਰਹੱਦ ’ਤੇ ਛੇ ਤੋਂ ਅੱਠ ਫੁੱਟ ਤੱਕ ਆਉਣ ਕਾਰਨ ਜਿੱਥੇ ਸਰਹੱਦ ’ਤੇ ਲੱਗੀ ਕੰਡਿਆਲੀ ਤਾਰ ਕਈ ਥਾਵਾਂ ਤੋਂ ਪਾਣੀ ’ਚ ਵਹਿ ਜਾਣ ਤੋਂ ਇਲਾਵਾ ਸਰਹੱਦ ’ਤੇ ਲੱਗੇ ਓਪੀ ਟਾਵਰ, ਕੰਡਿਆਲੀ ਤਾਰ ਤੋਂ ਪਾਰ ਕਿਸਾਨਾਂ ਤੇ ਬੀਐੱਸਐੱਫ ਜਵਾਨਾਂ ਦੇ ਜਾਣ ਲਈ ਲਗਾਏ ਗੇਟ ਤੇ ਬੀਐੱਸਐੱਫ ਦੀਆਂ ਬੀਓਪੀ ਵੀ ਪਾਣੀ ਨਾਲ ਪ੍ਰਭਾਵਿਤ ਹੋਈਆਂ ਸਨ। ਪਾਣੀ ਵਧਣ ਉਪਰੰਤ ਪਾਣੀ ’ਚ ਫਸੇ ਜਿੱਥੇ ਬੀਐੱਸਐੱਫ ਜਵਾਨਾਂ ਨੂੰ ਹੈਲੀਕਾਪਟਰਾਂ ਤੇ ਕਿਸ਼ਤੀਆਂ ਰਾਹੀਂ ਪਾਣੀ ਤੋਂ ਬਾਹਰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਸੀ, ਉਥੇ ਪਿਛਲੇ ਕੁਝ ਦਿਨਾਂ ਤੋਂ ਰਾਵੀ, ਉਜ ਤੇ ਸਤਲੁਜ ਦਰਿਆਵਾਂ ਦਾ ਪਾਣੀ ਕੰਡਿਆਲੀ ਤਾਰ ਨੇੜਿਓ ਸੁੱਕਣ ਤੋਂ ਬਾਅਦ ਜਿੱਥੇ ਬੀਐੱਸਐੱਫ ਦੇ ਜਵਾਨਾਂ ਵੱਲੋਂ ਪਾਣੀ ਦੇ ਵਹਾਅ ਨਾਲ ਟੁੱਟੀ ਕੰਡਿਆਲੀ ਤਾਰ ਨੂੰ ਜੋੜਨ ਲਈ ਜੱਦੋ-ਜਹਿਦ ਕੀਤੀ ਜਾ ਰਹੀ ਹੈ। ਪਾਕਿ ਵੱਲ ਬੈਠੇ ਦੇਸ਼ ਵਿਰੋਧੀ ਅਨਸਰਾਂ ਵੱਲੋਂ ਸਰਹੱਦ ’ਤੇ ਟੁੱਟੀ ਤਾਰ ਦਾ ਫਾਇਦਾ ਉਠਾਉਣ ਦੀਆਂ ਕੋਸ਼ਿਸ਼ਾਂ ਕਰਦਿਆਂ ਆਪਣੇ ਨਾਪਾਕ ਇਰਾਦਿਆਂ ਨੂੰ ਅੰਜਾਮ ਦੇਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੀ ਕੌਮਾਂਤਰੀ ਸਰਹੱਦ ’ਤੇ ਤਾਇਨਾਤ ਬੀਐੱਸਐੱਫ ਦੇ ਸੈਕਟਰ ਗੁਰਦਾਸਪੁਰ ਦੇ ਡੀਆਈਜੀ ਜੇਕੇ ਬਿਰਦੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਹੜ੍ਹਾਂ ਤੋਂ ਬਾਅਦ ਬੀਐੱਸਐੱਫ ਦੇ ਜਵਾਨ ਪਹਿਲਾਂ ਨਾਲੋਂ ਵੀ ਵੱਧ ਸਰਹੱਦ ’ਤੇ ਚੌਕਸ ਹਨ ਅਤੇ ਬੀਐੱਸਐੱਫ ਦੇ ਮਹਿਲਾ ਤੇ ਪੁਰਸ਼ ਜਵਾਨਾਂ ਵੱਲੋਂ ਸਰਹੱਦ ਅਤੇ ਸੰਵੇਦਨਸ਼ੀਲ ਪੁਆਇੰਟਾਂ ’ਤੇ ਤਿੱਖੀ ਨਜ਼ਰ ਰੱਖੀ ਹੋਈ ਹੈ। ਉਨ੍ਹਾਂ ਦੱਸਿਆ ਬੀਐੱਸਐੱਫ ਦੇ ਜਵਾਨਾਂ ਵੱਲੋਂ ਪ੍ਰਭਾਵਿਤ ਕਡਿਆਲੀ ਤਾਰ ਨੂੰ ਠੀਕ ਕਰਨ ਤੋਂ ਇਲਾਵਾ ਕੰਡਿਆਲੀ ਤਾਰ ਨਾਲ ਲੱਗੀ ਰੇਤ ਨੂੰ ਹਟਾਉਣ ਅਤੇ ਬੀਓਪੀ ਦੀ ਸਫਾਈ ਨੂੰ ਯਕੀਨੀ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਬੀਐੱਸਐੱਫ ਦੇ ਜਵਾਨ ਸਰਹੱਦ ਦੇ ਚੱਪੇ-ਚੱਪੇ ’ਤੇ ਪੂਰੀ ਤਰ੍ਹਾਂ ਚੌਕਸ ਹਨ ਅਤੇ ਦੇਸ਼ ਵਿਰੋਧੀ ਅਨਸਨਾਂ ਦੇ ਮਨਸੂਬਿਆਂ ਨੂੰ ਫੇਲ੍ਹ ਕਰ ਰਹੇ ਹਨ।