ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਵਿਜੀਲੈਂਸ ਨੇ ਕੀਤਾ ਗ੍ਰਿਫ਼ਤਾਰ
ਬਠਿੰਡਾ – ਵੀਰਵਾਰ ਨੂੰ ਵਿਜੀਲੈਂਸ ਬਿਊਰੋ ਬਠਿੰਡਾ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ’ਚ ਪੰਜਾਬ ਪੁਲਿਸ ਦੀ ਬਰਖਾਸਤ ਕਾਂਸਟੇਬਲ ਅਮਨਦੀਪ ਕੌਰ ਵਿਰੁੱਧ ਦੂਜਾ ਸਪਲੀਮੈਂਟਰੀ ਚਲਾਨ ਦਾਇਰ ਕੀਤਾ। ਵਿਜੀਲੈਂਸ ਨੇ ਅੰਤਿਮ ਚਲਾਨ ਲਈ ਅਦਾਲਤ ਵਿਚ ਬੈਂਕ ਖਾਤੇ ਦੇ ਵੇਰਵੇ ਜਮ੍ਹਾਂ ਕਰਵਾਉਣ ਲਈ ਸਮਾਂ ਮੰਗਿਆ ਹੈ। ਇਸ ਤੋਂ ਬਾਅਦ ਹੀ ਅੰਤਿਮ ਸਪਲੀਮੈਂਟਰੀ ਚਲਾਨ ਦਾਇਰ ਕੀਤਾ ਜਾਵੇਗਾ ਅਤੇ ਮੁਕੱਦਮਾ ਸ਼ੁਰੂ ਹੋਵੇਗਾ।
ਬਠਿੰਡਾ ਪੁਲਿਸ ਪਹਿਲਾਂ ਹੀ ਨਸ਼ੀਲੇ ਪਦਾਰਥਾਂ ਦੇ ਮਾਮਲੇ ਵਿਚ ਅਦਾਲਤ ’ਚ ਚਲਾਨ ਦਾਇਰ ਕਰ ਚੁੱਕੀ ਹੈ ਅਤੇ ਮੁਕੱਦਮਾ ਹੁਣ ਸ਼ੁਰੂ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਬਠਿੰਡਾ ਪੁਲਿਸ ਨੇ ਕਾਂਸਟੇਬਲ ਅਮਨਦੀਪ ਕੌਰ ਨੂੰ ਵੱਡੀ ਮਾਤਰਾ ਵਿਚ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਇਸ ਤੋਂ ਬਾਅਦ ਪੰਜਾਬ ਪੁਲਿਸ ਨੇ ਉਸਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ।
ਹਾਲਾਂਕਿ ਕਾਂਸਟੇਬਲ ਨੂੰ ਨਸ਼ਾ ਤਸਕਰੀ ਦੇ ਮਾਮਲੇ ਵਿਚ ਜ਼ਮਾਨਤ ਮਿਲ ਗਈ ਸੀ ਪਰ ਵਿਜੀਲੈਂਸ ਨੇ ਬਾਅਦ ਵਿਚ ਉਸਦੇ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਦਾਇਰ ਕੀਤਾ। ਜਿਸ ਵਿਚ ਉਹ ਜੇਲ੍ਹ ’ਚ ਹੈ। ਪਿਛਲੇ ਬੁੱਧਵਾਰ ਬਰਖਾਸਤ ਪੰਜਾਬ ਪੁਲਿਸ ਦੀ ਸੀਨੀਅਰ ਕਾਂਸਟੇਬਲ ਅਮਨਦੀਪ ਕੌਰ ਅਚਾਨਕ ਜੇਲ੍ਹ ਵਿਚ ਬਿਮਾਰ ਹੋ ਗਈ ਅਤੇ ਉਸ ਨੂੰ ਇਲਾਜ ਲਈ ਬਠਿੰਡਾ ਸਿਵਲ ਹਸਪਤਾਲ ਲਿਆਂਦਾ ਗਿਆ। ਅਮਨਦੀਪ ਕੌਰ ਨੇ ਪੇਟ ਦਰਦ ਦੀ ਸ਼ਿਕਾਇਤ ਕੀਤੀ ਅਤੇ ਸ਼ੁਰੂ ਵਿਚ ਜੇਲ੍ਹ ਹਸਪਤਾਲ ਵਿਚ ਉਸਦਾ ਇਲਾਜ ਕੀਤਾ ਗਿਆ ਪਰ ਜਦੋਂ ਉਸ ਨੂੰ ਆਰਾਮ ਨਾ ਆਇਆ ਤਾਂ ਉਸ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ।
