Global

ਵਿਰੋਧੀ ਧਿਰ ਕੰਜ਼ਰਵੇਟਿਵ ਦੇ ਨੇਤਾ ਪੀਅਰ ਪੋਲੀਅਰ ਅਲਬਰਟਾ ਤੋਂ ਜ਼ਿਮਨੀ ਚੋਣ ਜਿੱਤੇ

ਟੋਰਾਂਟੋ – ਕੈਨੇਡਾ ਦੀ ਮੁੱਖ ਵਿਰੋਧੀ ਕੰਜ਼ਰਵੇਟਿਵ ਪਾਰਟੀ ਦੇ ਆਗੂ ਪੀਅਰ ਪੋਲੀਅਰ ਹੁਣ ਅਲਬਰਟਾ ਦੇ ਹਲਕਾ ਬੈਟਲ ਰਿਵਰ ਕਰਾਅਫੁੱਟ ਤੋਂ ਹਾਊਸ ਆਫ ਕਾਮਨਜ਼ ‘ਚ ਨੁਮਾਇੰਦਗੀ ਕਰਨਗੇ। ਅੱਜ ਹੋਈ ਜ਼ਿਮਨੀ ਚੋਣ ‘ਚ ਭਾਵੇਂਕਿ ਇਲੈਕਸ਼ਨ ਕੈਨੇਡਾ ਨੇ ਅਜੇ ਫਾਈਨਲ ਨਤੀਜੇ ਨਹੀਂ ਐਲਾਨੇ ਪਰ ਹੁਣ ਤਕ ਵੋਟਾਂ ਦੀ ਗਿਣਤੀ ਮੁਤਾਬਿਕ ਉਨ੍ਹਾਂ 80 ਪ੍ਰਤੀਸ਼ਤ ਤੋਂ ਉੱਪਰ ਵੋਟ ਹਾਸਲ ਕਰ ਲਏ ਹਨ ਜਦੋਂਕਿ ਉਨ੍ਹਾਂ ਦੇ ਨਜ਼ਦੀਕੀ ਵਿਰੋਧੀ 10 ਪ੍ਰਤੀਸ਼ਤ ਤੋਂ ਵੀ ਘੱਟ ਵੋਟ ਹਾਸਲ ਕਰ ਸਕੇ। ਭਾਵੇਂਕਿ ਅਜੇ ਵੋਟਾਂ ਦੀ ਗਿਣਤੀ ਜਾਰੀ ਹੈ ਪਰ ਇਸੇ ਦੌਰਾਨ ਆਪਣੀ ਜਿੱਤ ਦਾ ਐਲਾਨ ਕਰਦੇ ਹੋਏ ਪੋਲੀਅਰ ਨੇ ਸਾਬਕਾ ਸੰਸਦ ਮੈਂਬਰ ਡੈਮੀਅਨ ਕੁਰੇਕ ਦਾ ਧੰਨਵਾਦ ਕੀਤਾ ਜਿਸਨੇ ਆਮ ਚੋਣਾਂ ‘ਚ 83 ਪ੍ਰਤੀਸ਼ਤ ਵੋਟਾਂ ਨਾਲ ਰਾਈਡਿੰਗ ਜਿੱਤੀ ਸੀ। ਇੱਥੋਂ ਅਸਤੀਫਾ ਦੇਕੇ ਪਾਰਟੀ ਆਗੂ ਲਈ ਹਾਊਸ ਆਫ ਕਾਮਨਜ਼ ਲਈ ਰਾਹ ਸਾਫ ਕੀਤਾ। ਜ਼ਿਕਰਯੋਗ ਹੈ ਕਿ ਪੀਅਰ ਪੋਲੀਅਰ ਅਪ੍ਰੈਲ ‘ਚ ਆਪਣੀ ਓਟਵਾ-ਖੇਤਰ ਦੀ ਸੀਟ ਹਾਰ ਗਏ ਸਨ ਜਿਸ ‘ਤੇ ਉਹ ਪਿਛਲੇ 20 ਸਾਲਾਂ ਤੋਂ ਜਿਤਦੇ ਆ ਰਹੇ ਸਨ।

ਉਪ ਚੋਣ ਲਈ ਵੋਟਾਂ ਦੀ ਗਿਣਤੀ ਦੌਰਾਨ ਪੋਲੀਅਰ ਨੇ ਕਿਹਾ ਕਿ “ਇਸ ਪਤਝੜ ‘ਚ ਜਿਵੇਂ ਹੀ ਹਾਊਸ ਆਫ ਕਾਮਨਜ਼ ਦਾ ਇਜਲਾਸ ਸ਼ੁਰੂ ਹੋਵੇਗਾ। ਅਸੀਂ ਅੱਤ ਦੀ ਮਹਿੰਗਾਈ, ਅਪਰਾਧ, ਇਮੀਗ੍ਰੇਸ਼ਨ, ਰਹਿਣ-ਸਹਿਣ ਦੀ ਲਾਗਤ ਅਤੇ ਘਰਾਂ ਦੀਆਂ ਕੀਮਤਾਂ ਲੋਕਾਂ ਦੀ ਪਹੁੰਚ ਤੋਂ ਦੁਰ ਹੋਣ ਦਾ ਵਿਰੋਧ ਕਰਾਂਗੇ, ਸਗੋਂ ਅਸੀਂ ਸੁਰੱਖਿਅਤ ਗਲੀਆਂ, ਸੁਰੱਖਿਅਤ ਸਰਹੱਦਾਂ, ਸਾਡੇ ਲੋਕਾਂ ਲਈ ਚੰਗੀ ਤਨਖਾਹ ਵਾਲੇ ਇਕ ਮਜ਼ਬੂਤ ਅਤੇ ਪ੍ਰਭੂਸੱਤਾ ਸੰਪੰਨ ਦੇਸ਼ ਲਈ ਅਸਲ ਹੱਲ ਦਾ ਪ੍ਰਸਤਾਵ ਲੈਕੇ ਆਵਾਂਗੇ। ਟੋਰਾਂਟੋ ਤੋਂ ਮੈਂਬਰ ਪਾਰਲੀਮੈਂਟ ਅਮਰਜੀਤ ਗਿੱਲ, ਕੰਜ਼ਰਵੇਟਿਵ ਆਗੂ ਬੌਬ ਦੁਸਾਂਝ ਸਿੰਘ ਆਦਿ ਨੇ ਪੋਲੀਅਰ ਨੂੰ ਜਿੱਤ ਦੀ ਵਧਾਈ ਦਿੱਤੀ ਹੈ ।