ਚੰਦਰਮਾ ’ਤੇ ਪਰਮਾਣੂ ਰਿਐਕਟਰ ਬਣਾਉਣ ਦੀ ਤਿਆਰੀ ਕਰ ਰਿਹੈ ਅਮਰੀਕਾ
ਵਾਸ਼ਿੰਗਟਨ: ਅਮਰੀਕਾ ਚੰਦਰਮਾ ’ਤੇ ਪਰਮਾਣੂ ਰਿਐਕਟਰ ਬਣਾਉਣ ਦੀ ਤਿਆਰੀ ਕਰ ਰਿਹਾ ਹੈ। ਨਾਸਾ ਦੇ ਅੰਤਰਿਮ ਪ੍ਰਸ਼ਾਸਕ ਸੀਨ ਡਫੀ ਨੇ ਐਲਾਨ ਕੀਤਾ ਹੈ ਕਿ 2030 ਤੱਕ ਚੰਦਰਮਾ ਦੀ ਸਤ੍ਹਾ ’ਤੇ ਪਰਮਾਣੂ ਰਿਐਕਟਰ ਸਥਾਪਤ ਕਰਨ ਦੀ ਯੋਜਨਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਚੰਦਰਮਾ ਦੇ ਸਾਧਨ ਸੰਪੰਨ ਹਿੱਸੇ ’ਤੇ ਦਾਅਵਾ ਕਰਨ ਲਈ ਅਮਰੀਕਾ ਤੇ ਚੀਨ ਦੇ ਨਾਲ ਪੁਲਾੜ ਦੀ ਨਵੀਂ ਦੌੜ ਚੱਲ ਰਹੀ ਹੈ। ਡਫੀ ਨੇ ਕਿਹਾ ਕਿ ਅਸੀਂ ਚੀਨ ਦੇ ਨਾਲ ਚੰਦਰਮਾ ਦੀ ਦੌੜ ਵਿਚ ਹਾਂ। ਚੰਦਰਮਾ ’ਤੇ ਬੁਨਿਆਦ ਬਣਾਉਣ ਲਈ ਸਾਨੂੰ ਊਰਜਾ ਦੀ ਜ਼ਰੂਰਤ ਹੈ। ਇਸ ਲਈ ਅਸੀਂ ਪੰਜ ਸਾਲਾਂ ਵਿਚ ਚੰਦਰਮਾ ’ਤੇ 100 ਕਿੱਲੋਵਾਟ ਦਾ ਪਰਮਾਣੂ ਰਿਐਕਟਰ ਸਥਾਪਤ ਕਰਨਾ ਚਾਹੁੰਦੇ ਹਾਂ।
ਉਨ੍ਹਾਂ ਅੱਗੇ ਕਿਹਾ ਕਿ ਚੰਨ ਦਾ ਇਕ ਹਿੱਸਾ ਇਹੋ-ਜਿਹਾ ਹੈ ਕਿ ਜਿਸ ’ਤੇ ਅਮਰੀਕਾ ਤੇ ਚੀਨ ਦੋਵਾਂ ਦੀ ਨਜ਼ਰ ਹੈ। ਅਸੀਂ ਪਹਿਲਾਂ ਉੱਥੇ ਪਹੁੰਚਣਾ ਚਾਹੁੰਦੇ ਹਾਂ। ਬਰਫ਼ ਤੇ ਸੂਰਜ ਦਾ ਪ੍ਰਕਾਸ਼, ਨਵੀਂ ਬੁਨਿਆਦ ਬਣਾਉਣ ਲਈ ਆਦਰਸ਼ ਬਣਾਉਂਦੇ ਹਨ। ਇਹ ਹਾਲਾਤ ਮਨੁੱਖੀ ਜੀਵਨ ਨੂੰ ਬਣਾਈ ਰੱਖਣ ਲਈ ਅਹਿਮ ਹਨ। ਡਫੀ ਨੇ ਪੁਲਾੜ ਵਿਚ ਪਰਮਾਣੂ ਸਮੱਗਰੀ ਲਾਂਚ ਕਰਨ ਬਾਰੇ ਚਿੰਤਾਵਾਂ ਨੂੰ ਲੈ ਕੇ ਸਪੱਸ਼ਟ ਕੀਤਾ ਕਿ ਰਿਐਕਟਰ ਜ਼ਮੀਨ ਤੋਂ ਲਾਂਚ ਕਰਨ ਵੇਲੇ ਸਰਗਰਮ ਨਹੀਂ ਹੋਵੇਗਾ।