ਸਾਬਕਾ MLA ਹਰਮੀਤ ਸਿੰਘ ਸੰਧੂ AAP ’ਚ ਸ਼ਾਮਲ
ਤਰਨਤਾਰਨ – ਤਰਨਤਾਰਨ ਵਿਧਾਨ ਸਭਾ ਹਲਕੇ ਤੋਂ ਤਿੰਨ ਵਾਰ ਵਿਧਾਇਕ ਰਹੇ ਹਰਮੀਤ ਸਿੰਘ ਸੰਧੂ ਮੰਗਲਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਦੇ ਸੂਬਾ ਇੰਚਾਰਜ ਮੁਨੀਸ਼ ਸਿਸੋਦੀਆ ਦੀ ਮੌਜੂਦਗੀ ’ਚ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। ਹਾਲਾਂਕਿ ਸੰਧੂ ਦੇ ਆਪ ਵਿਚ ਸ਼ਾਮਲ ਹੋਣ ਦਾ ਲੰਮੇ ਸਮੇਂ ਕਿਆਫਾ ਲਗਾਇਆ ਜਾ ਰਿਹਾ ਸੀ। ਮੰਨਿਆ ਜਾ ਰਿਹਾ ਹੈ ਕਿ ਤਰਨਤਾਰਨ ਵਿਧਾਨ ਸਭਾ ਹਲਕਾ ਜੋ ਆਪ ਦੇ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦੇ ਦੇਹਾਂਤ ਤੋਂ ਬਾਅਦ ਖਾਲ੍ਹੀ ਐਲਾਨਿਆ ਜਾ ਚੁੱਕਾ ਹੈ, ਤੋਂ ਜਿਮਨੀ ਚੋਣ ਵਿਚ ਹਰਮੀਤ ਸਿੰਘ ਸੰਧੂ ਉਮੀਦਵਾਰ ਹੋ ਸਕਦੇ ਹਨ।
ਦੱਸ ਦਈਏ ਕਿ ਹਰਮੀਤ ਸਿੰਘ ਸੰਧੂ ਨੇ ਤਰਨਤਾਰਨ ਵਿਧਾਨ ਸਭਾ ਹਲਕੇ ਤੋਂ ਸਾਲ 2002 ਦੀਆਂ ਵਿਧਾਨ ਸਭਾ ਚੋਣਾਂ ਵਿਚ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਅਤੇ ਅਕਾਲੀ ਦਲ ਦੇ ਉਮੀਦਵਾਰ ਅਲਵਿੰਦਰਪਾਲ ਸਿੰਘ ਪੱਖੋਕੇ ਨੂੰ ਹਰਾ ਕੇ ਵਿਧਾਨ ਸਭਾ ਪੁੱਜੇ ਸਨ। 2007 ਦੀਆਂ ਵਿਧਾਨ ਸਭਾ ਚੋਣਾਂ ’ਚ ਹਰਮੀਤ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਉਮੀਦਵਾਰ ਬਣਾਇਆ ਅਤੇ ਉਹ ਕਾਂਗਰਸ ਦੇ ਮਨਜੀਤ ਸਿੰਘ ਘਸੀਟਪੁਰਾ ਨੂੰ ਹਰਾ ਕੇ ਵਿਧਾਨ ਸਭਾ ਪੁੱਜੇ।
ਜਦੋਂਕਿ 2012 ਦੀਆਂ ਚੋਣਾਂ ਵਿਚ ਵੀ ਹਰਮੀਤ ਸਿੰਘ ਸੰਧੂ ਨੇ ਕਾਂਗਰਸੀ ਉਮੀਦਵਾਰ ਡਾ. ਧਰਮਬੀਰ ਅਗਨੀਹੋਤਰੀ ਨੂੰ ਹਰਾ ਕੇ ਜਿੱਤ ਦੀ ਹੈਟਟ੍ਰਿੱਕ ਬਣਾ ਲਈ। ਹਾਲਾਂਕਿ ਸਾਲ 2017 ’ਚ ਕਾਂਗਰਸ ਅਤੇ 2022 ’ਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਕੋਲੋਂ ਚੋਣ ਹਰ ਗਏ। 27 ਜੂਨ ਨੂੰ ਤਰਨਤਾਰਨ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦਾ ਦੇਹਾਂਤ ਹੋ ਗਿਆ ਅਤੇ ਇਸ ਸੀਟ ਨੂੰ ਖਾਲ੍ਹੀ ਵੀ ਐਲਾਨ ਦਿੱਤਾ ਗਿਆ। ਜਿਸਦੇ ਚੱਲਦਿਆਂ ਜਿਮਨੀ ਚੋਣ ਲਈ ਇਥੋਂ ਟਿਕਟ ਹਾਸਲ ਕਰਨ ਲਈ ਆਮ ਆਦਮੀ ਪਾਰਟੀ ਦੇ ਵੱਖ ਵੱਖ ਆਗੂਆਂ ’ਚ ਦੌੜ ਲੱਗੀ ਹੋਈ ਹੈ। ਉਥੇ ਹੀ ਸਿਆਸੀ ਹਲਕਿਆਂ ਵਿਚ ਹਰਮੀਤ ਸਿੰਘ ਸੰਧੂ ਦੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦੀਆਂ ਚਰਚਾਵਾਂ ਵੀ ਸੀਟ ਖਾਲ੍ਹੀ ਐਲਾਨੇ ਜਾਣ ਦੇ ਨਾਲ ਸ਼ੁਰੂ ਹੋ ਗਈਆਂ ਸਨ। ਹਾਲਾਂਕਿ ਕੁਝ ਮਹੀਨੇ ਪਹਿਲਾਂ ਵੀ ਹਰਮੀਤ ਸਿੰਘ ਸੰਧੂ ਦੇ ਆਪ ਵਿਚ ਸ਼ਾਮਲ ਹੋਣ ਦੀਆਂ ਚਰਚਾਵਾਂ ਉੱਠੀਆਂ ਸਨ, ਜੋ ਪਾਰਟੀ ਦੇ ਕੁਝ ਅੰਦਰੂਨੀ ਕਾਰਨਾਂ ਕਰਕੇ ਉਸ ਵੇਲੇ ਸਿਰੇ ਨਾ ਚੜ੍ਹ ਸਕੀਆਂ।
ਹਰਮੀਤ ਸਿੰਘ ਸੰਧੂ ਦੀ ਆਪ ਵਿਚ ਸ਼ਮੂਲੀਅਤ ਪੰਜਾਬ ਭਵਨ ਵਿਖੇ ਹੋਈ ਹੈ। ਸੰਧੂ ਦੇ ਨਿੱਜੀ ਸੂਤਰਾਂ ਦੀ ਮੰਨੀਏ ਤਾਂ ਹਰਮੀਤ ਸਿੰਘ ਸੰਧੂ ਦੁਪਹਿਰ ਤਿੰਨ ਵਜੇ ਤੱਕ ਅੰਮ੍ਰਿਤਸਰ ਵਿਚ ਮੌਜੂਦ ਸਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸੰਧੂ ਨੂੰ ਅੰਮ੍ਰਿਤਸਰ ਤੋਂ ਚੰਡੀਗੜ੍ਹ ਲਿਜਾਣ ਲਈ ਬਕਾਇਦਾ ਹੈਲੀਕਾਪਟਰ ਭੇਜਿਆ ਗਿਆ। ਹਾਲਾਂਕਿ ਸੰਧੂ ਦੇ ਨਜ਼ਦੀਕੀ ਸਾਥੀ ਵੀ ਉਨ੍ਹਾਂ ਦੇ ਸ਼ਮੂਲੀਅਤ ਵਾਲੇ ਪ੍ਰੋਗਰਾਮ ਦਾ ਪਤਾ ਲੱਗਣ ’ਤੇ ਕਾਰਾਂ ਰਾਂਹੀ ਚੰਡੀਗੜ੍ਹ ਵੱਲ ਰਵਾਨਾ ਹੋ ਗਏ।
