ਵਿਸ਼ੇਸ਼ ਇਜਲਾਸ: ਸਦਨ ’ਚ ਟਕਰਾਅ, ਤਲਖ਼ੀ ਅਤੇ ਹੰਗਾਮਾ
ਚੰਡੀਗੜ੍ਹ-ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਦੂਜੇ ਦਿਨ ਅੱਜ ਡੈਮਾਂ ’ਤੇ ਕੇਂਦਰੀ ਸੁਰੱਖਿਆ ਬਲਾਂ ਦੀ ਤਾਇਨਾਤੀ ਖ਼ਿਲਾਫ਼ ਮਤੇ ਉੱਤੇ ਬਹਿਸ ਦੌਰਾਨ ਪੂਰਾ ਸਮਾਂ ਮਾਹੌਲ ਤਲਖ਼ ਰਿਹਾ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਹਾਕਮ ਧਿਰ ਨੇ ਘੇਰੀ ਰੱਖਿਆ। ਸ੍ਰੀ ਬਾਜਵਾ ਨੇ ਵੀ ਸਿਆਸੀ ਟੱਕਰ ਦੇਣ ਦੀ ਪੂਰੀ ਵਾਹ ਲਾਈ। ਸਦਨ ’ਚ ਪਹਿਲੀ ਤਲਖ਼ੀ ਉਦੋਂ ਹੋਈ ਜਦੋਂ ਵਿਰੋਧੀ ਧਿਰ ਦੇ ਸ੍ਰੀ ਬਾਜਵਾ ਨੇ ਟਿੱਪਣੀ ਕਰ ਦਿੱਤੀ ਕਿ ਹਾਕਮ ਧਿਰ ਅਸੈਂਬਲੀ ਨੂੰ ਸਟੇਜ ਦੀ ਤਰ੍ਹਾਂ ਵਰਤ ਕੇ ਡਰਾਮਾ ਕਰ ਰਹੀ ਹੈ। ਜੁਆਬੀ ਹਮਲੇ ਵਿੱਚ ਮੰਤਰੀ ਅਮਨ ਅਰੋੜਾ ਨੇ ਇਤਰਾਜ਼ ਕੀਤਾ ਅਤੇ ਮੰਗ ਕੀਤੀ ਕਿ ਬਾਜਵਾ ਖ਼ਿਲਾਫ਼ ਨਿੰਦਾ ਮਤਾ ਲਿਆਂਦਾ ਜਾਵੇ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੀ ਵਾਰ-ਵਾਰ ਬਾਜਵਾ ਨੂੰ ਯੂ-ਟਰਨ ਆਖ ਕੇ ਹੱਲਾ ਬੋਲਿਆ। ਬਾਜਵਾ ਨੇ ‘ਆਪ’ ਸਰਕਾਰ ਵੱਲ ਇਸ਼ਾਰਾ ਕਰਦਿਆਂ ਸੁਆਲ ਉਠਾਇਆ ਕਿ ਬੀਐੱਸਐੱਫ ਨੂੰ ਕੌਮਾਂਤਰੀ ਸੀਮਾ ਤੋਂ 50 ਕਿਲੋਮੀਟਰ ਅੰਦਰ ਦਾ ਅਧਿਕਾਰ ਕਿਸ ਨੇ ਦਿੱਤਾ। ਸ੍ਰੀ ਚੀਮਾ ਨੇ ਕਿਹਾ ਕਿ ਇਹ ਅਧਿਕਾਰ ਅਮਰਿੰਦਰ ਸਰਕਾਰ ਨੇ ਦਿੱਤੇ ਸਨ। ਦੂਜਾ ਮੌਕਾ ਆਇਆ ਕਿ ਜਦੋਂ ਅਮਨ ਅਰੋੜਾ ਨੇ ਪਿਛਲੀਆਂ ਕਾਂਗਰਸੀ ਸਰਕਾਰਾਂ ਦੀ ਪਾਣੀਆਂ ਦੇ ਮਾਮਲੇ ’ਤੇ ਭੂਮਿਕਾ ’ਤੇ ਉਂਗਲ ਉਠਾਉਂਦਿਆਂ ਇੱਕ ਕਹਾਵਤ ਦਾ ਹਵਾਲਾ ਦੇ ਦਿੱਤਾ। ਸ੍ਰੀ ਬਾਜਵਾ ਨੇ ਕਹਾਵਤ ਨੂੰ ਧਾਰਮਿਕ ਨਜ਼ਰੀਏ ਤੋਂ ਪੇਸ਼ ਕਰਦਿਆਂ ਹੰਗਾਮਾ ਕਰ ਦਿੱਤਾ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮਾਮਲੇ ’ਚ ਬਾਜਵਾ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਪੀਪੀਐੱਸ ’ਚ ਪੜ੍ਹਨ ਵਾਲਿਆਂ ਨੂੰ ਕਹਾਵਤਾਂ ਦਾ ਕੀ ਪਤਾ ਹੈ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵੀ ਕਿਹਾ ਕਿ ਇਹ ਤਾਂ ਪ੍ਰਚੱਲਿਤ ਕਹਾਵਤਾਂ ਹਨ।
ਸਦਨ ’ਚ ਤੀਜੀ ਵਾਰ ਜਦੋਂ ਮੁੱਖ ਮੰਤਰੀ ਨੇ ਬਾਜਵਾ ਨੂੰ ਬਹਿਸ ’ਚ ਵਿਘਨ ਪਾਉਣ ਦੇ ਹਵਾਲੇ ਨਾਲ ਘੜੀ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ 12 ਵਜੇ ਚੁੱਕੇ ਹਨ, ਬਹਿਸ ਨੂੰ ਚੱਲਣ ਦਿਓ ਤਾਂ ਬਾਜਵਾ ਨੇ ਮੋੜਵੇਂ ਰੂਪ ਵਿੱਚ ਅਸਿੱਧਾ ਇਸ਼ਾਰਾ ਕੀਤਾ ਕਿ ‘ਤੁਹਾਡੇ 12 ਵੱਜ ਗਏ ਹਨ।’ ਹਾਕਮ ਧਿਰ ਨੇ ਇਸ ਟਿੱਪਣੀ ’ਤੇ ਹੰਗਾਮਾ ਕਰ ਦਿੱਤਾ। ਹਾਕਮ ਧਿਰ ਨੇ ਪਾਣੀਆਂ ਦੇ ਮੁੱਦੇ ’ਤੇ ਕੇਂਦਰ ਸਰਕਾਰ ਤੇ ਕਾਂਗਰਸ ਨੂੰ ਘੇਰੀ ਰੱਖਿਆ। ਅੱਜ ਸਦਨ ’ਚ ਸਮੁੱਚੀ ਕਾਰਵਾਈ ਦੌਰਾਨ ਪੇਸ਼ ਹੋਏ ਬਿੱਲਾਂ ਨੂੰ ਕਾਂਗਰਸ ਨੇ ਸਹਿਮਤੀ ਦਿੱਤੀ।
