PoliticsPunjab

ਭਗਵੰਤ ਮਾਨ ਵੱਲੋਂ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ

ਚੰਡੀਗੜ੍ਹ-ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਪੱਛਮੀ ਦੀ ਉਪ ਚੋਣ ’ਚ ‘ਆਪ’ ਦੀ ਜਿੱਤ ਮਗਰੋਂ ਅੱਜ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕਰਕੇ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਪਾਰਟੀ ਦਾ ਮੁੱਖ ਦਫ਼ਤਰ ਬਣਾਉਣ ਲਈ ਜਗ੍ਹਾ ਦੇਣ ਦੀ ਮੰਗ ਉਠਾਈ। ਮੁੱਖ ਮੰਤਰੀ ਨੇ ਰਾਜਪਾਲ ਨੂੰ ਲਿਖਤੀ ਦਰਖਾਸਤ ਦੇ ਕੇ ਕਿਹਾ ਕਿ ‘ਆਪ’ ਦਾ ਚੰਡੀਗੜ੍ਹ ਵਿੱਚ ਕੋਈ ਦਫ਼ਤਰ ਨਹੀਂ ਹੈ ਜਦੋਂ ਕਿ ਬਾਕੀ ਸਿਆਸੀ ਧਿਰਾਂ ਦੇ ਇਥੇ ਦਫ਼ਤਰ ਹਨ।

ਭਗਵੰਤ ਮਾਨ ਨੇ ਕਿਹਾ ਕਿ ‘ਆਪ’ ਕੌਮੀ ਪਾਰਟੀ ਹੈ ਅਤੇ ਉਹ ਮੁੱਖ ਦਫ਼ਤਰ ਵਾਸਤੇ ਜਗ੍ਹਾ ਲਈ ਸਾਰੀਆਂ ਸ਼ਰਤਾਂ ਪੂਰੀਆਂ ਕਰਦੀ ਹੈ। ਉਨ੍ਹਾਂ ਹਾਲ ਹੀ ਵਿੱਚ ਗੁਜਰਾਤ ਤੇ ਪੰਜਾਬ ’ਚ ਹੋਈਆਂ ਜ਼ਿਮਨੀ ਚੋਣਾਂ ਵਿੱਚ ਪਾਰਟੀ ਉਮੀਦਵਾਰਾਂ ਦੀ ਜਿੱਤ ਦਾ ਹਵਾਲਾ ਵੀ ਦਿੱਤਾ। ਮੁੱਖ ਮੰਤਰੀ ਨੇ ਦੱਸਿਆ ਕਿ ਦਫ਼ਤਰ ਵਾਸਤੇ ਜਗ੍ਹਾ ਲਈ ਜੋ ਵੀ ਨਿਯਮ ਹਨ, ਉਨ੍ਹਾਂ ਦੀ ਪੂਰਤੀ ਪਾਰਟੀ ਕਰਦੀ ਹੈ ਅਤੇ ਉਂਝ ਵੀ ਰਾਜਧਾਨੀ ਵਿੱਚ ਪੰਜਾਬ ਦਾ 60:40 ਦਾ ਅਨੁਪਾਤ ਹੈ। ਉਨ੍ਹਾਂ ਦੱਸਿਆ ਕਿ ਰਾਜਪਾਲ ਨੇ ਭਰੋਸਾ ਦਿੱਤਾ ਹੈ ਕਿ ਉਹ ਇਸ ਬਾਰੇ ਜਲਦੀ ਕੋਈ ਫ਼ੈਸਲਾ ਲੈਣਗੇ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਸ਼ਿਸ਼ਟਾਚਾਰੀ ਮੀਟਿੰਗ ਸੀ ਜਿਸ ਦਾ ਕੈਬਨਿਟ ਫੇਰਬਦਲ ਵਗ਼ੈਰਾ ਨਾਲ ਕੋਈ ਤੁਅੱਲਕ ਨਹੀਂ ਹੈ। ਉਨ੍ਹਾਂ ਦੱਸਿਆ ਕਿ ਉਹ ਭਲਕੇ ਦਿੱਲੀ ਜਾ ਰਹੇ ਹਨ ਜਿੱਥੇ ਪਾਰਟੀ ਵੱਲੋਂ ਜਿੱਤ ਦੀ ਖ਼ੁਸ਼ੀ ਮਨਾਈ ਜਾਣੀ ਹੈ। ਉਨ੍ਹਾਂ ਪਾਰਟੀ ਵਿੱਚ ਪੂਰੀ ਇਕਜੁੱਟਤਾ ਅਤੇ ਅਨੁਸ਼ਾਸਨ ਹੋਣ ਦੀ ਗੱਲ ਆਖੀ। ਕਾਂਗਰਸ ’ਚ ਪਾਟੋਧਾੜ ਬਾਰੇ ਉਨ੍ਹਾਂ ਕਿਹਾ, ‘‘ਜਿਸ ਪਰਿਵਾਰ ਵਿੱਚ ਲਾਣੇਦਾਰ ਦੀ ਗੱਲ ਮੰਨੀ ਨਹੀਂ ਜਾਂਦੀ, ਉਸ ਘਰ ਵਿੱਚ ਜਲਦੀ ਕੰਧਾਂ ਨਿਕਲ ਜਾਂਦੀਆਂ ਹਨ।’’

ਸ਼੍ਰੋਮਣੀ ਅਕਾਲੀ ਦਲ ਦੀ ਲੁਧਿਆਣਾ ਪੱਛਮੀ ਸੀਟ ’ਤੇ ਜ਼ਮਾਨਤ ਜ਼ਬਤ ਹੋਣ ਬਾਰੇ ਪੁੱਛੇ ਜਾਣ ’ਤੇ ਭਗਵੰਤ ਮਾਨ ਨੇ ਕਿਹਾ ਕਿ ਇਕੱਲੇ ਸੁਖਬੀਰ ਬਾਦਲ ਨੂੰ ਹੀ ਨਹੀਂ ਬਲਕਿ ਸ਼੍ਰੋਮਣੀ ਅਕਾਲੀ ਦਲ ਨੂੰ ਕੰਮ ਛੱਡ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਚਾਰ ਜ਼ਿਮਨੀ ਚੋਣਾਂ ’ਚ ਅਕਾਲੀ ਦਲ ਨੇ ਚੋਣ ਹੀ ਨਹੀਂ ਲੜੀ ਸੀ। ਮੁੱਖ ਮੰਤਰੀ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸੰਭਾਵੀ ਗੱਠਜੋੜ ਨੂੰ ਕੱਛੂਕੁੰਮੇ ਅਤੇ ਚੂਹੇ ਦੀ ਦੋਸਤੀ ਦਾ ਹਵਾਲਾ ਦਿੱਤਾ ਜਿਸ ’ਚ ਦੋਵੇਂ ਹੀ ਇੱਕ-ਦੂਜੇ ਨੂੰ ਲੈ ਬੈਠਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਅਸਲ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਭਚੋਲਾ ਪੈ ਚੁੱਕਾ ਹੈ।