PoliticsPunjab

ਲੁਧਿਆਣਾ ਪੱਛਮੀ ਜ਼ਿਮਨੀ ਚੋਣ ’ਚ ‘ਆਪ’ ਦੇ ਸੰਜੀਵ ਅਰੋੜਾ ਜੇਤੂ

ਲੁਧਿਆਣਾ-ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੀ ਉਪ ਚੋਣ ’ਚ ਆਮ ਆਦਮੀ ਪਾਰਟੀ ਨੇ ਮੁੜ ਜਿੱਤ ਹਾਸਲ ਕੀਤੀ ਹੈ। ‘ਆਪ’ ਉਮੀਦਵਾਰ ਅਤੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਦੋ ਵਾਰ ਵਿਧਾਇਕ ਰਹੇ ਅਤੇ ਸਾਬਕਾ ਮੰਤਰੀ ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਨੂੰ 10,637 ਵੋਟਾਂ ਦੇ ਫ਼ਰਕ ਨਾਲ ਹਰਾਇਆ। ਸੰਜੀਵ ਅਰੋੜਾ ਨੂੰ ਕੁੱਲ 35,179 ਵੋਟਾਂ ਮਿਲੀਆਂ। ਆਸ਼ੂ 24,542 ਵੋਟਾਂ ਲੈ ਕੇ ਦੂਜੇ ਸਥਾਨ ’ਤੇ ਰਹੇ। ਭਾਜਪਾ ਉਮੀਦਵਾਰ ਜੀਵਨ ਗੁਪਤਾ ਨੇ 20,323 ਵੋਟਾਂ ਨਾਲ ਤੀਜਾ ਸਥਾਨ ਹਾਸਲ ਕੀਤਾ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਉਪਕਾਰ ਸਿੰਘ ਘੁੰਮਣ ਦੀ ਜਮਾਨਤ ਜਬਤ ਹੋ ਗਈ। ਉਨ੍ਹਾਂ ਨੂੰ ਸਿਰਫ਼ 8,203 ਵੋਟਾਂ ਪਈਆਂ। ਜ਼ਿਮਨੀ ਚੋਣ ਵਿੱਚ 793 ਵੋਟਰਾਂ ਨੇ ਨੋਟਾ ਦਾ ਬਟਨ ਦੱਬਿਆ। ‘ਆਪ’ ਦੇ ਸੰਜੀਵ ਅਰੋੜਾ ਨੇ ਅੱਜ ਇਥੇ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਸਾਰ ਹੀ ਲੀਡ ਬਣਾ ਲਈ ਸੀ ਜੋ 14 ਰਾਊਂਡ ਪੂਰੇ ਹੋਣ ਤੱਕ ਕਾਇਮ ਰਹੀ। ਭਾਜਪਾ ਦੇ ਜੀਵਨ ਗੁਪਤਾ ਇਕ ਰਾਊਂਡ ’ਚ ਦੂਜੇ ਸਥਾਨ ’ਤੇ ਪਹੁੰਚ ਗਏ ਸਨ ਪਰ ਬਾਅਦ ’ਚ ਉਹ ਲਗਾਤਾਰ ਤੀਜੇ ਸਥਾਨ ’ਤੇ ਰਹੇ।

ਪਾਰਟੀ ਵਰਕਰਾਂ ਨੇ ਸੰਜੀਵ ਅਰੋੜਾ ਦੀ ਜਿੱਤ ਤੋਂ ਪਹਿਲਾਂ ਹੀ ਸਰਾਭਾ ਨਗਰ ਸਥਿਤ ਮੁੱਖ ਚੋਣ ਦਫ਼ਤਰ ਵਿੱਚ ਢੋਲ ਵਜਾ ਕੇ ਖੁਸ਼ੀ ਮਨਾਉਣੀ ਸ਼ੁਰੂ ਕਰ ਦਿੱਤੀ ਸੀ। ’ਆਪ’ ਦੇ ਮੁੱਖ ਆਗੂ ਇੰਨੇ ਭਰੋਸੇਮੰਦ ਸਨ ਕਿ ਉਨ੍ਹਾਂ ਵੋਟਾਂ ਦੀ ਗਿਣਤੀ ਦੇ ਵਿਚਕਾਰ ਹੀ ਆਖਣਾ ਸ਼ੁਰੂ ਕਰ ਦਿੱਤਾ ਸੀ ਕਿ ਪਾਰਟੀ ਵੱਡੀ ਲੀਡ ਨਾਲ ਜਿੱਤੇਗੀ। ਸੰਜੀਵ ਅਰੋੜਾ ਦੀ ਜਿੱਤ ਦੇ ਨਾਲ ਆਸ਼ੂ ਨੂੰ ਤਿੰਨ ਸਾਲਾਂ ਦੌਰਾਨ ਇਸ ਹਲਕੇ ਤੋਂ ਦੂਜੀ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਆਸ਼ੂ ਦੀ ਹਾਰ ਪਿੱਛੇ ਕਾਂਗਰਸ ਦੀ ਧੜੇਬੰਦੀ ਨੂੰ ਸਭ ਤੋਂ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ। ‘ਆਪ’ ਨੇ ਸੰਜੀਵ ਅਰੋੜਾ ਦੀ ਉਮੀਦਵਾਰੀ ਦਾ ਸਭ ਤੋਂ ਪਹਿਲਾਂ ਐਲਾਨ ਕਰ ਦਿੱਤਾ ਸੀ ਅਤੇ ਉਨ੍ਹਾਂ ਤਿੰਨ ਮਹੀਨਿਆਂ ਦੇ ਪ੍ਰਚਾਰ ਦੌਰਾਨ ਹਰ ਵਾਰਡ ਦਾ ਦੌਰਾ ਕਰਕੇ ਪਾਰਟੀ ਦੀ ਜਿੱਤ ਯਕੀਨੀ ਬਣਾਈ।