National

ਨੇਤਰਹੀਣ ਬੱਚਿਆਂ ਦਾ ਗੀਤ ਸੁਣ ਭਾਵੁਕ ਹੋਏ ਮੁਰਮੂ

ਦੇਹਰਾਦੂਨ-ਉੱਤਰਾਖੰਡ ਦੀ ਤਿੰਨ ਰੋਜ਼ਾ ਯਾਤਰਾ ’ਤੇ ਆਏ ਰਾਸ਼ਟਰਪਤੀ ਦਰੋਪਦੀ ਮੁਰਮੂ ਅੱਜ ਨੇਤਰਹੀਣ ਬੱਚਿਆਂ ਦਾ ਸ਼ੁਭ ਕਾਮਨਾਵਾਂ ਵਾਲਾ ਗੀਤ ਸੁਣ ਕੇ ਭਾਵੁਕ ਹੋ ਗਏ। ਮੁਰਮੂ ਦੀਆਂ ਅੱਖਾਂ ’ਚ ਉਸ ਸਮੇਂ ਅੱਥਰੂ ਆ ਗਏ, ਜਦੋਂ ਨੇਤਰਹੀਣ ਬੱਚਿਆਂ ਦੇ ਇੱਕ ਸਮੂਹ ਨੇ ਉਨ੍ਹਾਂ ਦੇ 67ਵੇਂ ਜਨਮਦਿਨ ਮੌਕੇ ਉਨ੍ਹਾਂ ਨੂੰ ਸ਼ੁਭ ਕਾਮਨਾਵਾਂ ਦੇਣ ਲਈ ਗੀਤ ਗਾਇਆ।

ਇੱਥੇ ਦਿਵਿਆਂਗਾਂ ਦੇ ਸ਼ਕਤੀਕਰਨ ਲਈ ਸੰਸਥਾ (ਐੱਨਆਈਈਪੀਵੀਡੀ) ਦੇ ਦੌਰੇ ਦੌਰਾਨ ਬੱਚਿਆਂ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਜਦੋਂ ਬੱਚਿਆਂ ਨੇ ਇੰਨਾ ਸੁਹਣਾ ਗੀਤ ਗਾਇਆ ਤਾਂ ਉਹ ਭਾਵੁਕ ਹੋ ਗਏ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਸਮੂਹ ਦੀ ਗਾਇਨ ਪ੍ਰਤਿਭਾ ਨੇ ਉਨ੍ਹਾਂ ਦੇ ਇਸ ਵਿਚਾਰ ਨੂੰ ਪੱਕਾ ਕੀਤਾ ਹੈ ਕਿ ਦਿਵਿਆਂਗਤਾ ਨਾਲ ਪੈਦਾ ਹੋਣ ਵਾਲੇ ਬੱਚਿਆਂ ’ਚ ਕੁਝ ਵਿਸ਼ੇਸ਼ ਸਮਰੱਥਾਵਾਂ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਦਿਵਿਆਂਗਾਂ ਨੂੰ ਸਸ਼ਕਤ ਬਣਾਉਣ ਤੇ ਉਨ੍ਹਾਂ ਨੂੰ ਅੱਗੇ ਵਧਾਉਣ ਦਾ ਬਰਾਬਰ ਮੌਕਾ ਦੇਣ ਲਈ ਬਣਾਈਆਂ ਗਈਆਂ ਹਨ। ਸਮਾਗਮ ਨੂੰ ਉੱਤਰਾਖੰਡ ਦੇ ਰਾਜਪਾਲ ਲੈਫਟੀਨੈਂਟ ਜਨਰਲ (ਸੇਵਾਮੁਕਤ) ਗੁਰਮੀਤ ਸਿੰਘ ਅਤੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਵੀ ਸੰਬੋਧਨ ਕੀਤਾ।