CrimePunjab

ਸਵਾ ਕਿੱਲੋ ਹੈਰੋਇਨ ਸਣੇ ਤਿੰਨ ਕਾਬੂ

ਮੋਗਾ-ਇੱਥੋਂ ਦੇ ਸੀਆਈਏ ਸਟਾਫ਼ ਨੇ ਤਿੰਨ ਨੌਜਵਾਨਾਂ ਨੂੰ ਸਵਾ ਕਿੱਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਤਿੰਨਾਂ ਨੌਜਵਾਨਾਂ ਦੀ ਉਮਰ 20 ਤੋਂ 25 ਸਾਲ ਹੈ। ਮੁੱਢਲੀ ਪੁੱਛਗਿੱਛ ਵਿਚ ਨੌਜਵਾਨਾਂ ਨੇ ਖੁਲਾਸਾ ਕੀਤਾ ਕਿ ਉਹ ਜ਼ੀਰਾ ਦੇ ਇੱਕ ਤਸਕਰ ਤੋਂ ਇਹ ਹੈਰੋਇਨ ਲਿਆਏ ਸਨ। ਐੱਸਪੀ (ਆਈ) ਡਾ. ਬਾਲ ਕ੍ਰਿਸ਼ਨ ਸਿੰਗਲਾ, ਡੀਐੱਸਪੀ (ਆਈ) ਸੁਖਅੰਮ੍ਰਿਤ ਸਿੰਘ ਅਤੇ ਸੀਆਈਏ ਸਟਾਫ਼ ਮੁਖੀ ਇੰਸਪੈਕਟਰ ਦਲਜੀਤ ਸਿੰਘ ਬਰਾੜ ਨੇ ਦੱਸਿਆ ਕਿ ਮੁਖਬਰ ਦੀ ਸੂਚਨਾ ਉੱਤੇ ਸਬ ਇੰਸਪੈਕਟਰ ਜਰਨੈਲ ਸਿੰਘ ਦੀ ਅਗਵਾਈ ਹੇਠ ਟੀਮ ਨੇ ਤਿੰਨਾਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਦੀ ਪਛਾਣ ਅਕਾਸ਼ਦੀਪ ਸਿੰਘ ਪਿੰਡ ਗਾਦੜੀਵਾਲਾ (ਜ਼ੀਰਾ), ਗੌਤਮ ਅਤੇ ਹੁਸਨਦੀਪ ਸਿੰਘ ਉਰਫ਼ ਹਨੀ ਦੋਵੇਂ ਵਾਸੀ ਮੋਗਾ ਵਜੋਂ ਹੋਈ ਹੈ। ਉਨ੍ਹਾਂ ਨੂੰ ਸਥਾਨਕ ਮੋਗਾ-ਅੰਮ੍ਰਿਤਸਰ ਹਾਈਵੇਅ ਦਿੱਲੀ ਕਲੋਨੀ ਨੇੜਿਉਂ ਕਾਬੂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਅਕਾਸ਼ਦੀਪ ਸਿੰਘ ਦੇ ਬੈਗ ਵਿਚੋਂ 1 ਕਿਲੋ 270 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਅਤੇ ਉਸ ਮੁਲਜ਼ਮ ਖ਼ਿਲਾਫ਼ ਥਾਣਾ ਜ਼ੀਰਾ ਵਿਚ ਨਾਬਾਲਗ ਨਾਲ ਜਬਰ ਜਨਾਹ ਦੇ ਦੋਸ਼ ਹੇਠ ਅਤੇ ਗੌਤਮ ਖ਼ਿਲਾਫ਼ ਥਾਣਾ ਮਟੌਰ (ਮੁਹਾਲੀ) ਵਿੱਚ ਨਸ਼ਾ ਤਸਕਰੀ ਦੇ ਦੋਸ਼ ਹੇਠ ਕੇਸ ਦਰਜ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਤੋਂ ਹੋਰ ਪੁੱਛਗਿੱਛ ਲਈ ਅਦਾਲਤ ਨੇ ਤਿੰਨ ਰੋਜ਼ਾ ਪੁਲੀਸ ਰਿਮਾਂਡ ਦੇ ਦਿੱਤਾ ਹੈ। ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਉਹ ਜ਼ੀਰਾ ਦੇ ਇੱਕ ਨਾਮੀ ਤਸਕਰ ਤੋਂ ਹੈਰੋਇਨ ਲੈ ਕੇ ਆਏ ਸਨ। ਇਹ ਪਤਾ ਲੱਗਿਆ ਹੈ ਕਿ ਬੇੁਰਜ਼ਗਾਰ ਹੋਣ ਕਰ ਕੇ ਉਹ ਨਸ਼ਾ ਤਸਕਰੀ ਕਰਨ ਲਗ ਪਏ।