ਪੰਜਾਬ ਦੀਆਂ ਜੇਲ੍ਹਾਂ ’ਚ 20 ਕੈਦੀਆਂ ਦੀਆਂ ਗ਼ੈਰ-ਕੁਦਰਤੀ ਮੌਤਾਂ ਦਰਜ, ਜੇਲ੍ਹਾਂ 118.8 ਫ਼ੀਸਦ ਤੱਕ ਓਵਰਕ੍ਰਾਊਡਿਡ
ਚੰਡੀਗੜ੍ਹ –ਪੰਜਾਬ ਦੀਆਂ ਜੇਲ੍ਹਾਂ ਤੋਂ ਲਗਾਤਾਰ ਹਿੰਸਾ, ਝਗੜਿਆਂ ਤੇ ਸ਼ੱਕੀ ਮੌਤਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਪਟਿਆਲਾ, ਸੰਗਰੂਰ, ਫਰੀਦਕੋਟ ਤੇ ਹੁਸ਼ਿਆਰਪੁਰ ਵਰਗੀਆਂ ਜੇਲ੍ਹਾਂ ’ਚ ਕੈਦੀਆਂ ਦੇ ਵਿਚਕਾਰ ਝਗੜੇ, ਖ਼ੁਦਕੁਸ਼ੀ ਤੇ ਕਥਿਤ ਹੱਤਿਆ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਇਹ ਘਟਨਾਵਾਂ ਨਾ ਸਿਰਫ ਜੇਲ੍ਹ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਸਵਾਲ ਉਠਾਉਂਦੀਆਂ ਹਨ, ਸਗੋਂ ਸੂਬੇ ਦੀ ਕਾਨੂੰਨ-ਵਿਵਸਥਾ ਦੀ ਵੀ ਪੋਲ ਖੋਲ੍ਹ ਰਹੀਆਂ ਹਨ। ਇਸ ਦੇ ਨਾਲ ਹੀ ਇਕ ਹੋਰ ਚਿੰਤਾਜਨਕ ਪਹਿਲੂ ਇਹ ਹੈ ਕਿ ਪੰਜਾਬ ਦੀਆਂ ਕਈ ਜੇਲ੍ਹਾਂ ਤੋਂ ਗੈਂਗਸਟਰ ਮੋਬਾਈਲ ਫੋਨ ਤੇ ਆਨਲਾਈਨ ਨੈੱਟਵਰਕ ਦੇ ਜ਼ਰੀਏ ਫਿਰੌਤੀ ਵਸੂਲਣ ਤੇ ਗੈਂਗ ਚਲਾਉਣ ਦੀਆਂ ਗਤਿਵਿਧੀਆਂ ਜਾਰੀ ਰੱਖੇ ਹੋਏ ਹਨ। ਪੁਲਿਸ ਤੇ ਖੂਫੀਆ ਏਜੰਸੀਆਂ ਇਹ ਦੇਖ ਕੇ ਹੈਰਾਨ ਹਨ ਕਿ ਜੇਲ੍ਹ ਦੀਆਂ ਚਾਰਦਿਵਾਰੀਆਂ ਦੇ ਅੰਦਰੋਂ ਹੀ ਰੰਗਦਾਰੀ ਤੇ ਧਮਕੀ ਦੇ ਸੁਨੇਹੇ ਭੇਜੇ ਜਾ ਰਹੇ ਹਨ। ਨੈਸ਼ਨਲ ਕਰਾਈਮ ਰਿਕਾਰਡਸ ਬਿਊਰੋ (ਐੱਨਸੀਆਰਬੀ) ਦੀ ਸਾਲ 2023 ਦੀ ਰਿਪੋਰਟ ਨੇ ਪੰਜਾਬ ਦੀਆਂ ਜੇਲ੍ਹਾਂ ਦੀ ਸਥਿਤੀ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਰਿਪੋਰਟ ਦੇ ਅਨੁਸਾਰ, ਪੰਜਾਬ ਦੇਸ਼ ਦਾ ਸਭ ਤੋਂ ਵੱਧ ਅਪਰਾਧਿਕ ਮੌਤਾਂ ਵਾਲਾ ਸੂਬਾ ਬਣ ਗਿਆ ਹੈ। ਸੂਬੇ ਦੀਆਂ ਜੇਲ੍ਹਾਂ ’ਚ ਪਿਛਲੇ ਸਾਲ 20 ਕੈਦੀਆਂ ਦੀਆਂ ਅਪਰਾਧਿਕ ਮੌਤਾਂ ਦਰਜ ਕੀਤੀਆਂ ਗਈਆਂ, ਜਿਨ੍ਹਾਂ ’ਚ 13 ਖੁਦਕੁਸ਼ੀਆਂ, 3 ਹੱਤਿਆਵਾਂ ਤੇ 4 ਦੁਰਘਟਨਾਵਾਂ ਸ਼ਾਮਲ ਹਨ। ਇਹ ਅੰਕੜਾ ਕਿਸੇ ਹੋਰ ਸੂਬੇ ਨਾਲੋਂ ਵੱਧ ਹੈ। ਇਸ ਦੇ ਨਾਲ ਹੀ ਪੰਜਾਬ ਦੀਆਂ ਜੇਲ੍ਹਾਂ ’ਚ 59 ਝੜਪਾਂ ਹੋਈਆਂ, ਜੋ ਦੇਸ਼ ’ਚ ਸਭ ਤੋਂ ਵੱਧ ਹਨ। ਇਹ ਸਥਿਤੀ ਦਰਸਾਉਂਦੀ ਹੈ ਕਿ ਜੇਲ੍ਹਾਂ ਦੇ ਅੰਦਰ ਨਾ ਸਿਰਫ ਵਿਵਸਥਾ ਵੱਧ ਰਹੀ ਹੈ, ਸਗੋਂ ਮਾਨਸਿਕ ਤਣਾਅ ਤੇ ਆਪਸੀ ਹਿੰਸਾ ਵੀ ਵੱਡੇ ਪੱਧਰ ‘ਤੇ ਪਹੁੰਚ ਚੁੱਕੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਤਕਨੀਕੀ ਸੁਧਾਰਾਂ ਨਾਲੋਂ ਜ਼ਿਆਦਾ ਮਨੁੱਖੀ ਨਜ਼ਰੀਏ ’ਚ ਸੁਧਾਰ ਦੀ ਲੋੜ ਹੈ। ਮਨੁੱਖੀ ਹੱਕਾਂ ਦੇ ਕਾਰਕੁਨ ਤੇ ਸਾਬਕਾ ਜੇਲ੍ਹ ਅਧਿਕਾਰੀ ਮੰਨਦੇ ਹਨ ਕਿ ਖੁਦਕੁਸ਼ੀ ਤੇ ਹਿੰਸਾ ਦੇ ਪਿੱਛੇ ਮੁੱਖ ਕਾਰਨ ਮਾਨਸਿਕ ਤਣਾਅ, ਇਕੱਲਾਪਣ ਤੇ ਉਦਾਸੀ ਹੈ। ਮਾਹਰ ਮੰਨਦੇ ਹਨ ਕਿ ਜੇਲ੍ਹਾਂ ’ਚ ਮਾਨਸਿਕ ਸਿਹਤ ਮੁਲਾਂਕਣ, ਕਾਉਂਸਲਿੰਗ ਪ੍ਰੋਗਰਾਮ ਤੇ ਆਤਮਹੱਤਿਆ ਰੋਕਥਾਮ ਯੂਨਿਟਾਂ ਬਣਾਈਆਂ ਜਾਣ। ਨਾਲ ਹੀ, ਕੈਦੀਆਂ ਦੇ ਪੁਨਰਵਾਸ ਲਈ ਸਿੱਖਿਆ, ਹੁਨਰ ਸਿਖਲਾਈ ਤੇ ਨਸ਼ਾ-ਮੁਕਤੀ ਪ੍ਰੋਗਰਾਮਾਂ ਨੂੰ ਲਾਜ਼ਮੀ ਬਣਾਇਆ ਜਾਣਾ ਚਾਹੀਦਾ ਹੈ। ਰਾਜ ਵਿਚ ਨਸ਼ੇ ਨਾਲ ਜੁੜੇ ਅਪਰਾਧਾਂ ਦੀ ਵੱਧਤ ਦੇ ਕਾਰਨ ਜੇਲਾਂ ਵਿਚ ਵੱਡੀ ਗਿਣਤੀ ਵਿਚ ਨਸ਼ੇੜੀ ਜਾਂ ਤਸਕਰੀ ਨਾਲ ਜੁੜੇ ਕੈਦੀ ਹਨ, ਜਿਸ ਨਾਲ ਅੰਦਰ ਦਾ ਮਾਹੌਲ ਹੋਰ ਵੀ ਤਣਾਅਪੂਰਨ ਹੋ ਜਾਂਦਾ ਹੈ। ਰਿਪੋਰਟ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਪੰਜਾਬ ਦੀਆਂ ਜੇਲ੍ਹਾਂ 118.8 ਫ਼ੀਸਦ ਤੱਕ ਓਵਰਕ੍ਰਾਊਡਿਡ ਹਨ। ਕੁੱਲ 26,543 ਕੈਦੀਆਂ ਦੀ ਸਮਰੱਥਾ ਵਾਲੀਆਂ ਜੇਲ੍ਹਾਂ ’ਚ 31,529 ਕੈਦੀ ਬੰਦ ਹਨ। ਵੱਧ ਭੀੜ ਦੇ ਕਾਰਨ ਕੈਦੀਆਂ ’ਚ ਤਣਾਅ, ਸਰੋਤਾਂ ਦੀ ਘਾਟ ਤੇ ਨਿਗਰਾਨੀ ਦੀ ਸਮੱਸਿਆ ਵੱਧ ਜਾਂਦੀ ਹੈ। ਮਨੁੱਖੀ ਹੱਕਾਂ ਦੇ ਕਮਿਸ਼ਨ ਨੂੰ ਵੀ ਪੰਜਾਬ ਦੀਆਂ ਜੇਲ੍ਹਾਂ ਤੋਂ 345 ਸ਼ਿਕਾਇਤਾਂ ਮਿਲੀਆਂ, ਜੋ ਕਿਸੇ ਹੋਰ ਰਾਜ ਨਾਲੋਂ ਵੱਧ ਹਨ। ਇਹ ਅੰਕੜੇ ਦਰਸਾਉਂਦੇ ਹਨ ਕਿ ਪੰਜਾਬ ਦੀਆਂ ਜੇਲਾਂ ਸੁਧਾਰ ਘਰ ਨਾਲੋਂ ਵੱਧ ਸੰਘਰਸ਼ ਦੇ ਅੱਡੇ ਬਣ ਚੁੱਕੀਆਂ ਹਨ। ਸੂਬਾ ਸਰਕਾਰ ਨੇ ਸਥਿਤੀ ਨੂੰ ਸੁਧਾਰਨ ਲਈ ਕੁਝ ਕਦਮ ਚੁੱਕੇ ਹਨ। ਜੇਲ੍ਹਾਂ ’ਚ ਏਆਈ ਆਧਾਰਿਤ ਸੀਸੀਟੀਵੀ ਕੈਮਰੇ ਲਗਾਏ ਜਾ ਰਹੇ ਹਨ ਤਾਂ ਜੋ ਬੰਦੀਆਂ ਦੀ ਹਰ ਗਤੀਵਿਧੀ ’ਤੇ ਨਜ਼ਰ ਰੱਖੀ ਜਾ ਸਕੇ। ਇਸ ਦੇ ਨਾਲ, ਵੀ ਕਵਜ ਜੈਮਰ ਸਿਸਟਮ, ਐਕਸ-ਰੇ ਸਕੈਨਰ ਤੇ ਬਾਡੀ ਸਕੈਨਰ ਵਰਗੀਆਂ ਆਧੁਨਿਕ ਤਕਨੀਕਾਂ ਵੀ ਕਈ ਜੇਲ੍ਹਾਂ ’ਚ ਲਗਾਈਆਂ ਜਾ ਰਹੀਆਂ ਹਨ ਤਾਂ ਜੋ ਗ਼ੈਰ ਕਾਨੂੰਨੀ ਮੋਬਾਈਲ ਫੋਨ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ’ਤੇ ਰੋਕ ਲਗਾਈ ਜਾ ਸਕੇ। ਸਰਕਾਰ ਨੇ ਲੁਧਿਆਣਾ ਦੇ ਨੇੜੇ ਇਕ ਉੱਚ-ਸੁਰੱਖਿਆ ਜੇਲ੍ਹ ਬਣਾਉਣ ਦੀ ਯੋਜਨਾ ਵੀ ਤਿਆਰ ਕੀਤੀ ਹੈ, ਜਿਸ ’ਚ ਖਤਰਨਾਕ ਤੇ ਗੈਂਗਸਟਰ ਕੈਦੀਆਂ ਨੂੰ ਰੱਖਿਆ ਜਾਵੇਗਾ। ਨਾਲ ਹੀ, ਵਾਰਡਰ ਅਤੇ ਸੁਰੱਖਿਆ ਕਰਮਚਾਰੀਆਂ ਦੀ ਨਵੀਂ ਭਰਤੀ ਅਤੇ ਮਾਨਸਿਕ ਸਿਹਤ ਸੇਵਾਵਾਂ ਦੇ ਵਿਸਥਾਰ ‘ਤੇ ਵੀ ਕੰਮ ਚੱਲ ਰਿਹਾ ਹੈ।
ਸਤੰਬਰ 2025 ’ਚ ਪਟਿਆਲਾ ਜੇਲ੍ਹ ’ਚ ਹੋਏ ਇਕ ਹਿੰਸਕ ਹਮਲੇ ’ਚ ਜ਼ਖਮੀ ਹੋਏ ਸਾਬਕਾ ਪੁਲਿਸ ਇੰਸਪੈਕਟਰ ਸੂਬਾ ਸਿੰਘ ਦੀ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ। ਘਟਨਾ ਜੇਲ੍ਹ ਦੇ ਅੰਦਰ ਦੂਜੇ ਕੈਦੀਆਂ ਦੁਆਰਾ ਕੀਤੇ ਗਏ ਕਥਿਤ ਹਮਲੇ ਨਾਲ ਜੁੜੀ ਦੱਸੀ ਗਈ ਹੈ।
*ਸੰਗਰੂਰ ਜੇਲ੍ਹ: ਯੂਏਪੀਏ ’ਚ ਦੋਸ਼ੀ ਦੀ ਮੌਤ (ਪਰਿਵਾਰ ਨੇ ਹੱਤਿਆ ਦਾ ਦੋਸ਼ ਲਗਾਇਆ)
ਅਗਸਤ 2025 ’ਚ ਸੰਗਰੂਰ ਜੇਲ੍ਹ ’ਚ ਇਕ ਯੂਏਪੀਏ ਦੇ ਤਹਿਤ ਬੰਦ 35 ਸਾਲਾ ਕੈਦੀ ਦੀ ਮੌਤ ਹੋਈ। ਪੁਲਿਸ ਨੇ ਆਤਮਹੱਤਿਆ ਦੱਸਿਆ, ਪਰ ਪਰਿਵਾਰ ਹੱਤਿਆ ਦਾ ਦੋਸ਼ ਲਗਾ ਰਿਹਾ ਹੈ।
*ਫਰੀਦਕੋਟ: ਮਈ 2025 ’ਚ ਫਰੀਦਕੋਟ ਦੀ ਸੈਂਟਰਲ ਮਾਡਰਨ ਜੇਲ੍ਹ ’ਚ ਇਕ ਕੈਦੀ ਨੇ ਫਾਂਸੀ ਲਗਾ ਕੇ ਆਤਮਹੱਤਿਆ ਕਰਨ ਦੀ ਰਿਪੋਰਟ ਆਈ। ਪੰਜਾਬ ਰਾਜ ਮਨੁੱਖੀ ਹੱਕ ਕਮਿਸ਼ਨ ਨੇ ਮਾਮਲੇ ਦੀ ਰਿਪੋਰਟ ਮੰਗਵਾਈ ਸੀ।
*ਹੁਸ਼ਿਆਰਪੁਰ ਸੈਂਟਰਲ ਜੇਲ੍ਹ: ਨਵੰਬਰ 2024 ’ਚ ਹੁਸ਼ਿਆਰਪੁਰ ਜੇਲ੍ਹ ਦੇ ਇੱਕ 38 ਸਾਲਾ ਕੈਦੀ ਦੀ ਮੌਤ ਹੋਈ। ਪਰਿਵਾਰ ਨੇ ਲਾਪਰਵਾਹੀ ਦਾ ਦੋਸ਼ ਲਗਾਇਆ ਤੇ ਸਥਾਨਕ ਅਧਿਕਾਰੀ ਜਾਂਚ ਦਾ ਭਰੋਸਾ ਦਿੱਤਾ ਗਿਆ।
