_*ਰਾਸ਼ਟਰੀ ਅਵਿਸ਼ਕਾਰ ਅਭਿਆਨ ਤਹਿਤ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ*_
ਜਲੰਧਰ, 30 ਅਕਤੂਬਰ ( ਚਰਨਜੀਤ ਸਿੰਘ ) ਰਾਸ਼ਟਰੀ ਅਵਿਸ਼ਕਾਰ ਅਭਿਆਨ ਤਹਿਤ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਮਸ਼ੇਰ ਖਾਸ (ਮੁੰਡੇ) ਵਿਖੇ ਜ਼ਿਲ੍ਹਾ ਸਿੱਖਿਆ ਅਫਸਰ ਗੁਰਸ਼ਰਨ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫਸਰ ਰਾਜੀਵ ਜੋਸ਼ੀ ਅਤੇ ਸਮਾਰਟ ਸਕੂਲ ਕੋਆਰਡੀਨੇਟਰ ਪ੍ਰਿੰਸੀਪਲ ਅਸ਼ੋਕ ਕੁਮਾਰ ਬਸਰਾ ਦੀ ਯੋਗ ਅਗਵਾਈ ਵਿਚ ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲੇ ਕਰਵਾਏ ਗਏ। ਜੂਨੀਅਰ ਅਤੇ ਸੀਨੀਅਰ ਵਰਗਾਂ ਵਿੱਚ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਵਿੱਚ ਬਲਾਕ ਪੱਧਰੀ ਜੇਤੂ ਟੀਮਾਂ ਵੱਲੋਂ ਭਾਗ ਲਿਆ ਗਿਆ। ਸਾਇੰਸ, ਗਣਿਤ, ਸਮਾਜਿਕ ਸਿੱਖਿਆ ਅਤੇ ਅੰਗਰੇਜ਼ੀ ਵਿਸ਼ੇ ਨਾਲ ਸਬੰਧਿਤ ਇਸ ਬੇਹੱਦ ਸਖ਼ਤ ਮੁਕਾਬਲੇ ਵਿੱਚ ਵਿਦਿਆਰਥੀਆਂ ਵੱਲੋਂ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ ਗਿਆ। ਜ਼ਿਲ੍ਹਾ ਪੱਧਰੀ ਅੱਜ ਦੇ ਮੁਕਾਬਲੇ ਵਿੱਚ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਅਤੇ ਰਿਟਾਇਰਡ ਆਈ.ਪੀ.ਐੱਸ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਐਨ ਆਰ ਆਈ ਗੁਰਮੀਤ ਸਿੰਘ, ਜਸਵੀਰ ਕੌਰ ਅਤੇ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਉਪ ਪ੍ਰਧਾਨ ਗੁਰਿੰਦਰ ਸਿੰਘ ਵੀ ਮੁੱਖ ਤੌਰ ਤੇ ਮੌਜੂਦ ਸਨ। ਮੁੱਖ ਮਹਿਮਾਨ ਸੁਰਿੰਦਰ ਸਿੰਘ ਸੋਢੀ ਵੱਲੋਂ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਸਮੂਹ ਵਿਦਿਆਰਥੀਆਂ ਦੇ ਬਿਹਤਰ ਭਵਿੱਖ ਦੀ ਕਾਮਨਾ ਕੀਤੀ। ਜ਼ਿਲ੍ਹਾ ਸਿੱਖਿਆ ਅਫਸਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਵਿਦਿਆਰਥੀਆਂ ਨੂੰ ਰਾਜ ਪੱਧਰੀ ਮੁਕਾਬਲਿਆਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਅੱਜ ਦੇ ਮਿਡਲ ਵਰਗ ਦੇ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੰਧਾਵਾ ਮਸੰਦਾ ਨੇ ਪਹਿਲਾ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨਕੋਦਰ ਨੇ ਦੂਸਰਾ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਸੈਕੰਡਰੀ ਵਰਗ ਦੇ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੰਧਾਵਾ ਮਸੰਦਾਂ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਜ਼ਾਰਾ ਨੇ ਦੂਸਰਾ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨਹਿਰੂ ਗਾਰਡਨ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਸਟੇਟ ਐਵਾਰਡੀ ਪ੍ਰਿੰਸੀਪਲ ਅਸ਼ੋਕ ਕੁਮਾਰ ਬਸਰਾ, ਮੁੱਖ ਮਹਿਮਾਨ ਸੁਰਿੰਦਰ ਸਿੰਘ ਸੋਢੀ, ਜ਼ਿਲ੍ਹਾ ਸਿੱਖਿਆ ਅਫਸਰ ਗੁਰਸ਼ਰਨ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫਸਰ ਰਾਜੀਵ ਜੋਸ਼ੀ, ਰਾਸ਼ਟਰੀ ਅਵਿਸ਼ਕਾਰ ਅਭਿਆਨ ਦੇ ਨੋਡਲ ਅਫਸਰ ਹਰਜੀਤ ਬਾਵਾ, ਸਟੇਟ ਰਿਸੋਰਸ ਪਰਸਨ ਚੰਦਰਸ਼ੇਖਰ,ਪ੍ਰਿੰਸੀਪਲ ਧਰਮਿੰਦਰ ਰੈਣਾ ਅਤੇ ਜ਼ਿਲ੍ਹਾ ਮੈਂਟਰ ਜਸਵਿੰਦਰ ਸਿੰਘ ਵਲੋਂ ਜੇਤੂ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਦੀਪਕ ਕੁਮਾਰ, ਹਰਜੀਤ ਸਿੰਘ, ਵਿਕਰਮ ਸਿੰਘ, ਫੁਲਵਿੰਦਰਪਾਲ ਸਿੰਘ ਅਤੇ ਸਮੂਹ ਬਲਾਕ ਮੈਂਟਰ ਮੌਜੂਦ ਸਨ।