ਪੂਤਿਨ ਯੂਕਰੇਨ ’ਚ ਜੰਗਬੰਦੀ ਦੀ ਅਮਰੀਕੀ ਤਜਵੀਜ਼ ਨਾਲ ਸਹਿਮਤ
ਮਾਸਕੋ-ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਵੀਰਵਾਰ ਨੂੰ ਕਿਹਾ ਹੈ ਕਿ ਉਹ ਯੂਕਰੇਨ ’ਚ 30 ਦਿਨਾਂ ਦੀ ਜੰਗਬੰਦੀ ਲਈ ਅਮਰੀਕੀ ਤਜਵੀਜ਼ ਨਾਲ ਸਿਧਾਂਤਕ ਤੌਰ ’ਤੇ ਸਹਿਮਤ ਹਨ। ਉਂਜ ਉਨ੍ਹਾਂ ਕਿਹਾ ਕਿ ਜੰਗਬੰਦੀ ਦੀਆਂ ਸ਼ਰਤਾਂ ਤੈਅ ਕਰਨ ਦੀ ਲੋੜ ਹੈ ਅਤੇ ਜ਼ੋਰ ਦਿੱਤਾ ਕਿ ਇਸ ਨਾਲ ਸ਼ਾਂਤੀ ਦਾ ਰਾਹ ਪੱਧਰਾ ਹੋਣਾ ਚਾਹੀਦਾ ਹੈ। ਪੂਤਿਨ ਨੇ ਯੂਕਰੇਨ ਮਸਲੇ ਦੇ ਹੱਲ ਵੱਲ ਧਿਆਨ ਦੇਣ ਲਈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਭਾਰਤ, ਚੀਨ, ਬ੍ਰਾਜ਼ੀਲ ਅਤੇ ਦੱਖਣੀ ਅਫ਼ਰੀਕਾ ਦੇ ਆਗੂਆਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਜੰਗ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਸਨ। ਪੂਤਿਨ ਨੇ ਮਾਸਕੋ ’ਚ ਨਿਊਜ਼ ਕਾਨਫਰੰਸ ਦੌਰਾਨ ਕਿਹਾ, ‘‘ਵਿਚਾਰ ਬਿਲਕੁਲ ਸਹੀ ਹੈ ਅਤੇ ਅਸੀਂ ਪੱਕੇ ਤੌਰ ’ਤੇ ਇਸ ਦੀ ਹਮਾਇਤ ਕਰਦੇ ਹਾਂ। ਪਰ ਅਜਿਹੇ ਕਈ ਮੁੱਦੇ ਹਨ ਜਿਨ੍ਹਾਂ ’ਤੇ ਵਿਚਾਰ ਵਟਾਂਦਰਾ ਕਰਨ ਦੀ ਲੋੜ ਹੈ ਅਤੇ ਮੈਂ ਸਮਝਦਾ ਹਾਂ ਕਿ ਸਾਨੂੰ ਆਪਣੇ ਅਮਰੀਕੀ ਸਾਥੀਆਂ ਅਤੇ ਭਾਈਵਾਲਾਂ ਨਾਲ ਗੱਲ ਕਰਨੀ ਚਾਹੀਦੀ ਹੈ।’’ ਉਨ੍ਹਾਂ ਜੰਗਬੰਦੀ ਦੀ ਸੰਭਾਵਿਤ ਉਲੰਘਣਾ ਨੂੰ ਕੰਟਰੋਲ ਕਰਨ ਲਈ ਇਕ ਤੰਤਰ ਵਿਕਸਤ ਕਰਨ ਦੀ ਲੋੜ ਜਤਾਈ। ਉਨ੍ਹਾਂ ਖ਼ਦਸ਼ਾ ਜਤਾਇਆ ਕਿ ਯੂਕਰੇਨ 30 ਦਿਨੀਂ ਜੰਗਬੰਦੀ ਦੀ ਵਰਤੋਂ ਲਾਮਬੰਦੀ ਅਤੇ ਹਥਿਆਰ ਇਕੱਠੇ ਕਰਨ ਲਈ ਕਰ ਸਕਦਾ ਹੈ। ਪੂਤਿਨ ਨੇ ਕਿਹਾ ਕਿ ਉਹ ਜੰਗ ਰੋਕਣ ਦੀਆਂ ਤਜਵੀਜ਼ਾਂ ਨਾਲ ਸਹਿਮਤ ਹਨ ਪਰ ਸੰਕਟ ਦੀ ਜੜ੍ਹ ਖ਼ਤਮ ਕਰਨ ਅਤੇ ਸਥਾਈ ਸ਼ਾਂਤੀ ਲਈ ਵੀ ਕਦਮ ਚੁੱਕੇ ਜਾਣੇ ਚਾਹੀਦੇ ਹਨ। ਰੂਸੀ ਰਾਸ਼ਟਰਪਤੀ ਨੇ ਕਿਹਾ ਕਿ ਜੰਗ ’ਚ ਯੂਕਰੇਨ ਦੀ ਮਾੜੀ ਹਾਲਤ ਕਾਰਨ ਉਹ ਜੰਗਬੰਦੀ ’ਚ ਦਿਲਚਸਪੀ ਦਿਖਾ ਰਿਹਾ ਹੈ। ਰੂਸ ਨੇ ਕਿਹਾ ਕਿ ਉਹ ਸੰਭਾਵੀ ਜੰਗਬੰਦੀ ਦੀ ਨਿਗਰਾਨੀ ਲਈ ਕਿਸੇ ਵੀ ਨਾਟੋ ਮੁਲਕ ਦੇ ਸ਼ਾਂਤੀ ਸੈਨਿਕਾਂ ਨੂੰ ਸਵੀਕਾਰ ਨਹੀਂ ਕਰੇਗਾ।