ਫ਼ਰੀਦਕੋਟ: ਪੁਲੀਸ ਮੁਕਾਬਲੇ ਦੌਰਾਨ ਬੰਬੀਹਾ ਗਰੋਹ ਦੇ ਗੁਰਗੇ ਸਣੇ ਤਿੰਨ ਕਾਬੂ
ਚੰਡੀਗੜ੍ਹ- ਐਂਟੀ ਗੈਂਗਸਟਰ ਟਾਸਕ ਫੋਰਸ ਤੇ ਫ਼ਰੀਦਕੋਟ ਪੁਲੀਸ ਨੇ ਇਕ ਸਾਂਝੀ ਕਾਰਵਾਈ ਦੌਰਾਨ ਬੰਬੀਹਾ ਗਰੋਹ ਦੇ ਗੁਰਗੇ ਸਣੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਕਿਹਾ ਕਿ ਮਨਪ੍ਰੀਤ ਸਿੰਘ ਉਰਫ਼ ਮਨੀ ਨੇ ਵੀਰਵਾਰ ਰਾਤ ਨੂੰ ਗ੍ਰਿਫ਼ਤਾਰੀ ਤੋਂ ਬਚਣ ਦੀ ਕੋਸ਼ਿਸ਼ ਕਰਦਿਆਂ ਪੁਲੀਸ ’ਤੇ ਫਾਇਰਿੰਗ ਕੀਤੀ।
ਪੁਲੀਸ ਦੀ ਜਵਾਬੀ ਕਾਰਵਾਈ ਵਿਚ ਮਨੀ ਦੀ ਖੱਬੀ ਲੱਤ ਵਿਚ ਗੋਲੀ ਲੱਗੀ ਤੇ ਉਸ ਨੂੰ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਪੁਲੀਸ ਨੇ ਕਿਹਾ ਕਿ ਇਸ ਪੂਰੀ ਕਾਰਵਾਈ ਦੌਰਾਨ ਮਨੀ ਦੇ ਦੋ ਹੋਰ ਸਾਥੀ ਕਾਬੂ ਕੀਤੇ ਗਏ ਹਨ।
ਡੀਜੀਪੀ ਗੌਰਵ ਯਾਦਵ ਨੇ ਅੱਜ ਐਕਸ ’ਤੇ ਇਕ ਪੋਸਟ ਵਿਚ ਕਿਹਾ ਕਿ ਐਂਟੀ ਗੈਂਗਸਟਰ ਟਾਸਕ ਫੋਰਸ ਤੇ ਫਰੀਦਕੋਟ ਪੁਲੀਸ ਨੇ ਇਕ ਸਾਂਝੀ ਕਾਰਵਾਈ ਦੌਰਾਨ ਮਨੀ ਨੂੰ ਕਾਬੂ ਕੀਤਾ ਹੈ। ਯਾਦਵ ਨੇ ਕਿਹਾ ਕਿ ਮਨੀ ਗੈਂਗਸਟਰਾਂ ਗੌਰਵ ਉਰਫ਼ ਲੱਕੀ ਪਟਿਆਲ ਤੇ ਦਵਿੰਦਰ ਬੰਬੀਹਾ ਲਈ ਕੰਮ ਕਰਦਾ ਸੀ। ਉਹ 19 ਫਰਵਰੀ ਨੂੰ ਮੋਗਾ ਦੇ ਕਪੂਰਾ ਪਿੰਡ ਵਿਚ ਹੋਏ ਕਤਲ ਤੇ 26 ਫਰਵਰੀ ਨੂੰ ਜਗਰਾਓਂ ਦੇ ਰਾਜ ਢਾਬੇ ’ਤੇ ਗੋਲੀਬਾਰੀ ਦੀ ਇਕ ਹੋਰ ਘਟਨਾ ਵਿਚ ਸ਼ਾਮਲ ਸੀ।
ਡੀਜੀਪੀ ਨੇ ਕਿਹਾ ਕਿ ਪਨਾਹ ਦੇਣ ਦੇ ਦੋਸ਼ ਵਿਚ ਮਨੀ ਦੇ ਦੋ ਹੋਰ ਸਾਥੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਦੌਰਾਨ .30 ਕੈਲੀਬਰ ਪਿਸਟਲ ਤੇ ਪੰਜ ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ। ਯਾਦਵ ਨੇ ਕਿਹਾ ਕਿ ਇਹ ਗ੍ਰਿਫ਼ਤਾਰੀ ਅਜਿਹੇ ਮੌਕੇ ਹੋਈ ਹੈ ਜਦੋਂ ਅਜੇ ਦੋ ਦਿਨ ਪਹਿਲਾਂ ਏਜੀਟੀਐੱਫ ਤੇ ਮੋਗਾ ਪੁਲੀਸ ਦੀ ਸਾਂਝੀ ਟੀਮ ਨੇ ਮਲਕੀਤ ਉਰਫ਼ ਮਨੂ ਨੂੰ ਕਾਬੂ ਕੀਤਾ ਹੈ।