Punjab

ਐੱਨਆਈਏ ਅਦਾਲਤ ਵੱਲੋਂ ਨਿਹੰਗ ਸਿੰਘ ਸਣੇ ਛੇ ਨੂੰ ਉਮਰ ਕੈਦ

ਐੱਸਏਐੱਸ. ਨਗਰ (ਮੁਹਾਲੀ)-ਇਥੋਂ ਦੀ ਐੱਨਆਈਏ ਦੀ ਵਿਸ਼ੇਸ਼ ਅਦਾਲਤ ਨੇ ਪਾਕਿਸਤਾਨ ਤੋਂ ਡਰੋਨ ਰਾਹੀਂ ਨਾਜਾਇਜ਼ ਅਸਲਾ ਤੇ ਗੋਲਾ-ਬਾਰੂਦ ਮੰਗਵਾਉਣ, ਦੇਸ਼ ਵਿਰੋਧੀ ਗਤੀਵਿਧੀਆਂ ਅਤੇ ਜਾਅਲੀ ਕਰੰਸੀ ਮਾਮਲੇ ਵਿੱਚ ਨਿਹੰਗ ਸਿੰਘ ਸਮੇਤ ਛੇ ਜਣਿਆਂ ਨੂੰ ਉਮਰ ਕੈਦ ਅਤੇ ਤਿੰਨ ਹੋਰ ਦੋਸ਼ੀਆਂ ਨੂੰ ਦਸ-ਦਸ ਸਾਲ ਦੀ ਸਜ਼ਾ ਸੁਣਾਈ ਹੈ। ਸੁਪਰੀਮ ਕੋਰਟ ਦੇ ਹੁਕਮਾਂ ’ਤੇ ਅਦਾਲਤ ਵੱਲੋਂ ਇਸ ਮਾਮਲੇ ਦੀ ਸੁਣਵਾਈ ਫਾਸਟ ਟਰੈਕ ਰਾਹੀਂ ਕੀਤੀ ਗਈ। ਨਿਹੰਗ ਬਾਬਾ ਮਾਨ ਸਿੰਘ ਵਾਸੀ ਗੁਰਦਾਸਪੁਰ, ਬਾਬਾ ਬਲਵੰਤ ਸਿੰਘ ਵਾਸੀ ਚੋਹਲਾ ਸਾਹਿਬ (ਤਰਨ ਤਾਰਨ), ਗੁਰਦੇਵ ਸਿੰਘ ਝੱਜਾ (ਹੁਸ਼ਿਆਰਪੁਰ), ਬਾਬਾ ਬਲਬੀਰ ਸਿੰਘ ਵਾਸੀ ਟਾਂਡਾ (ਹੁਸ਼ਿਆਰਪੁਰ), ਹਰਭਜਨ ਸਿੰਘ ਅਤੇ ਆਕਾਸ਼ਦੀਪ ਸਿੰਘ ਵਾਸੀ ਤਰਨ ਤਾਰਨ ਨੂੰ ਅਸਲਾ ਐਕਟ, ਜਾਅਲੀ ਕਰੰਸੀ ਦੀ ਧਾਰਾ 489, ਧਾਰਾ 121-ਏ, 122, ਯੂਏਪੀਏ ਤਹਿਤ ਉਮਰ ਕੈਦ ਅਤੇ ਸਾਜਨਦੀਪ ਸਿੰਘ, ਰੋਮਨਦੀਪ ਸਿੰਘ ਤੇ ਸ਼ੁਭਦੀਪ ਸਿੰਘ ਨੂੰ ਧਾਰਾ 121-ਏ, 122 ਵਿੱਚ ਦਸ-ਦਸ ਸਾਲ ਦੀ ਸਜ਼ਾ ਸੁਣਾਈ ਗਈ ਹੈ। ਸਾਰੇ ਦੋਸ਼ੀ ਸੂਬੇ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਹਨ। ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਦੋਸ਼ੀਆਂ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਭੁਗਤੀ।

ਬਚਾਅ ਪੱਖ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਐੱਨਆਈਏ ਅਦਾਲਤ ਦੇ ਤਾਜ਼ਾ ਫ਼ੈਸਲੇ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਉਹ ਇਸ ਨੂੰ ਹਾਈ ਕੋਰਟ ਵਿੱਚ ਚੁਣੌਤੀ ਦੇਣਗੇ। ਉਨ੍ਹਾਂ ਦਾਅਵਾ ਕੀਤਾ ਕਿ ਅਦਾਲਤ ਨੇ ਉਸ ਦੇ ਮੁਵੱਕਿਲਾਂ ਦਾ ਪੱਖ ਨਹੀਂ ਸੁਣਿਆ।