Entertainment

ਅਮਿਤਾਭ, ਹੇਮਾ ਤੇ ਸ਼ਹਿਨਾਜ਼ ਸਣੇ ਕਈ ਅਦਾਕਰਾਂ ਨੇ ਸ਼ਿਵਰਾਤਰੀ ਮਨਾਈ

ਮੁੰਬਈ-ਮਹਾਂਸ਼ਿਵਰਾਤਰੀ ਮੌਕੇ ਅੱਜ ਅਦਾਕਾਰ ਅਮਿਤਾਭ ਬੱਚਨ, ਹੇਮਾ ਮਾਲਿਨੀ, ਲਾਰਾ ਦੱਤਾ, ਸ਼ਹਿਨਾਜ਼ ਗਿੱਲ ਅਤੇ ਹੋਰ ਫਿਲਮੀ ਤੇ ਟੀਵੀ ਕਲਾਕਾਰਾਂ ਨੇ ਵੱੱਖ-ਵੱਖ ਮੰਦਰਾਂ ਵਿੱਚ ਮੱਥਾ ਟੇਕ ਕੇ ਭਗਵਾਨ ਸ਼ਿਵ ਦਾ ਆਸ਼ੀਰਵਾਦ ਲਿਆ। ਇਸ ਦੌਰਾਨ ਕਈ ਕਲਾਕਰਾਂ ਨੇ ਆਪੋ-ਆਪਣੇ ਸੋਸ਼ਲ ਮੀਡੀਆ ਖਾਤਿਆਂ ’ਤੇ ਪ੍ਰਸ਼ੰਸਕਾਂ ਨੂੰ ਸ਼ਿਵਰਾਤਰੀ ਦੀ ਵਧਾਈ ਦਿੱਤੀ। ਜਾਣਕਾਰੀ ਅਨੁਸਾਰ ਅਦਾਕਾਰਾ ਸ਼ਹਿਨਾਜ਼ ਗਿੱਲ ਨੇ ਅੱਜ ਮਹਾਰਾਸ਼ਟਰ ਦੇ ਤ੍ਰਿੰਬਕੇਸ਼ਵਰ ਸ਼ਿਵ ਮੰਦਰ ’ਚ ਮੱਥਾ ਟੇਕਿਆ। ਸ਼ਹਿਨਾਜ਼ ਨੇ ਇੰਸਟਾਗ੍ਰਾਮ ’ਤੇ ਇਸ ਦੀਆਂ ਦੋ ਤਸਵੀਰਾਂ ਸਾਂਝੀਆਂ ਕੀਤੀਆਂ।

ਪਹਿਲੀ ਤਸਵੀਰ ਵਿੱਚ ਸ਼ਹਿਨਾਜ਼ ਮੰਦਰ ਦੇ ਬਾਹਰ ਹੱਥ ਜੋੜ ਕੇ ਖੜ੍ਹੀ ਨਜ਼ਰ ਆ ਰਹੀ ਹੈ ਅਤੇ ਦੂਜੀ ਫੋਟੋ ਵਿੱਚ ਉਹ ਮੰਦਰ ਅੰਦਰ ਸ਼ਿਵ ਲਿੰਗ ਦੀ ਪੂਜਾ ਕਰਦੀ ਨਜ਼ਰ ਆ ਰਹੀ ਹੈ। ਉਸ ਨੇ ਗੂੜ੍ਹੇ ਜਾਮਣੀ ਰੰਗ ਦੇ ਕੱਪੜੇ ਪਹਿਨੇ ਹੋਏ ਹਨ ਅਤੇ ਸਿਰ ’ਤੇ ਕਰੀਮ ਰੰਗ ਦੀ ਚੁੰਨੀ ਲਈ ਹੋਈ ਹੈ। ਉੱਧਰ, ਅਦਾਕਾਰਾ ਲਾਰਾ ਦੱਤਾ ਨੇ ਨੇਪਾਲ ਦੇ ਪਸ਼ੂਪਤੀਨਾਥ ਮੰਦਰ ਵਿੱਚ ਮੱਥਾ ਟੇਕਿਆ। ਉਸ ਨੇ ਇਸ ਦੀ ਵੀਡੀਓ ਸਾਂਝੀ ਕਰਦਿਆਂ ਲਿਖਿਆ, ‘‘ਅੱਜ ਨੇਪਾਲ ਦੇ ਪਸ਼ੂਪਤੀਨਾਥ ਮੰਦਰ ਵਿੱਚ ਮਹਾਸ਼ਿਵਰਾਤਰੀ ਮਨਾਉਣ ਦੀ ਮੇਰੀ ਇੱਛਾ ਪੂਰੀ ਹੋ ਗਈ ਹੈ। ਜੈ ਭੋਲੇਨਾਥ।’’ ਇਸੇ ਤਰ੍ਹਾਂ ਨਿਮਰਤ ਕੌਰ ਨੇ ਨਾਸਿਕ ਦੇ ਤ੍ਰਿੰਬਕੇਸ਼ਵਰ ਮੰਦਰ, ਜਦਕਿ ਪਰਿਨੀਤੀ ਚੋਪੜਾ ਤੇ ਰਾਘਵ ਚੱਢਾ ਨੇ ਕਾਸ਼ੀ ਵਿਸ਼ਵਨਾਥ ਮੰਦਰ ਵਿੱਚ ਮੱਥਾ ਟੇਕਿਆ। ਅਦਾਕਾਰ ਅਮਿਤਾਭ ਬੱਚਨ ਤੇ ਹੇਮਾ ਮਾਲਿਨੀ ਨੇ ਸੋਸ਼ਲ ਮੀਡੀਆ ’ਤੇ ਸਾਰਿਆਂ ਨੂੰ ਸ਼ਿਵਰਾਤਰੀ ਦੀ ਵਧਾਈ ਦਿੱਤੀ। ਅਦਾਕਾਰਾ ਭਾਗਿਆਸ੍ਰੀ ਨੇ ਬ੍ਰਹਮਕੁਮਾਰੀਆਂ ਨਾਲ ਵਿਲੱਖਣ ਅਤੇ ਬ੍ਰਹਮ ਤਰੀਕੇ ਨਾਲ ਮਹਾਸ਼ਿਵਰਾਤਰੀ ਮਨਾਈ। ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਉਸ ਨੇ ਇੱਕ ਵੀਡੀਓ ਸਾਂਝੀ ਕੀਤੀ ਜਿਸ ਵਿੱਚ 4000 ਨਾਰੀਅਲਾਂ ਨਾਲ ਬਣਾਇਆ ਗਿਆ 15 ਫੁੱਟ ਦਾ ਸ਼ਿਵਲਿੰਗ ਨਜ਼ਰ ਆ ਰਿਹਾ ਹੈ। ਉਸ ਨੇ ਦੱਸਿਆ ਕਿ ਇਸ ਨੂੰ ਬ੍ਰਹਮਾਕੁਮਾਰੀਆਂ ਨੇ ਸਿਰਫ ਇੱਕ ਦਿਨ ਵਿੱਚ ਬਣਾਇਆ ਹੈ। ਟੀਵੀ ਤੇ ਫਿਲਮ ਨਿਰਮਾਤਾ ਏਕਤਾ ਕਪੂਰ ਨੇ ਵੀ ਸ਼ਿਵਲਿੰਗ ਦੀ ਪੂਜਾ ਕਰਦਿਆਂ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ। ਇਸ ਦੌਰਾਨ ਟੀਵੀ ਲੜੀਵਾਰ ‘ਅਨੁਪਮਾ’ ਲਈ ਮਸ਼ਹੂਰ ਰੂਪਾਲੀ ਗਾਂਗੁਲੀ ਸਣੇ ਹੋਰ ਟੀਵੀ ਕਲਾਕਾਰਾਂ ਨੇ ਵੀ ਸ਼ਿਵਰਾਤਰੀ ਮੌਕੇ ਮੰਦਰਾਂ ’ਚ ਮੱਥਾ ਟੇਕਿਆ।