Sports

ਇੱਕ ਰੋਜ਼ਾ ਦਰਜਾਬੰਦੀ: ਸ਼ੁਭਮਨ ਗਿੱਲ ਵੱਲੋਂ ਸਿਖਰਲਾ ਸਥਾਨ ਮਜ਼ਬੂਤ

ਦੁਬਈ-ਭਾਰਤ ਨੂੰ ਚੈਂਪੀਅਨਜ਼ ਟਰਾਫੀ ਦੇ ਸੈਮੀਫਾਈਨਲ ਵਿੱਚ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੇ ਆਈਸੀਸੀ ਇੱਕ ਰੋਜ਼ਾ ਬੱਲੇਬਾਜ਼ੀ ਦਰਜਾਬੰਦੀ ਵਿੱਚ ਸਿਖਰਲੇ ਸਥਾਨ ’ਤੇ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਸ਼ੁਭਮਨ ਨੇ ਇੱਥੇ ਬੰਗਲਾਦੇਸ਼ ਖ਼ਿਲਾਫ਼ ਨਾਬਾਦ 101 ਦੌੜਾਂ ਅਤੇ ਪਾਕਿਸਤਾਨ ਖ਼ਿਲਾਫ਼ 46 ਦੌੜਾਂ ਬਣਾਈਆਂ ਸਨ। ਇਸ ਤਰ੍ਹਾਂ ਉਸਨੂੰ 21 ਰੇਟਿੰਗ ਅੰਕਾਂ ਦਾ ਫ਼ਾਇਦਾ ਹੋਇਆ ਹੈ। ਉਸ ਦੇ ਹੁਣ 817 ਰੇਟਿੰਗ ਅੰਕ ਹੋ ਗਏ ਹਨ। ਪਾਕਿਸਤਾਨ ਦਾ ਬਾਬਰ ਆਜ਼ਮ ਹੁਣ ਦੂਜੇ ਸਥਾਨ ’ਤੇ ਹੈ ਅਤੇ ਉਹ ਗਿੱਲ ਤੋਂ 47 ਅੰਕਾਂ ਨਾਲ ਪੱਛੜ ਰਿਹਾ ਹੈ। ਪਹਿਲਾਂ ਇਹ ਅੰਤਰ 23 ਅੰਕਾਂ ਦਾ ਸੀ।

ਪਾਕਿਸਤਾਨ ਖ਼ਿਲਾਫ਼ ਨਾਬਾਦ 100 ਦੌੜਾਂ ਬਣਾਉਣ ਵਾਲਾ ਵਿਰਾਟ ਕੋਹਲੀ ਪੰਜਵੇਂ ਸਥਾਨ ’ਤੇ ਪਹੁੰਚ ਗਿਆ ਹੈ, ਜਦੋਂਕਿ ਕੇਐੱਲ ਰਾਹੁਲ ਨੇ 15ਵੇਂ ਸਥਾਨ ’ਤੇ ਥਾਂ ਬਣਾਈ ਹੈ। ਪਾਕਿਸਤਾਨ ਖ਼ਿਲਾਫ਼ ਸੈਂਕੜਾ ਮਾਰਨ ਵਾਲਾ ਨਿਊਜ਼ੀਲੈਂਡ ਦਾ ਵਿਲ ਯੰਗ ਅੱਠ ਸਥਾਨਾਂ ਦੇ ਫ਼ਾਇਦੇ ਨਾਲ 14ਵੇਂ ਨੰਬਰ ’ਤੇ ਜਦੋਂਕਿ ਟੌਮ ਲਾਥਮ 11 ਸਥਾਨ ਚੜ੍ਹ ਕੇ 30ਵੇਂ ਸਥਾਨ ’ਤੇ ਪਹੁੰਚ ਗਿਆ ਹੈ।

ਇਸੇ ਤਰ੍ਹਾਂ ਬੰਗਲਾਦੇਸ਼ ਖ਼ਿਲਾਫ਼ ਸੈਂਕੜਾ ਮਾਰਨ ਦਾ ਫਾਇਦਾ ਰਚਿਨ ਰਵਿੰਦਰ ਨੂੰ ਵੀ ਮਿਲਿਆ। ਉਹ 18 ਸਥਾਨਾਂ ਦੇ ਫਾਇਦੇ ਨਾਲ 24ਵੇਂ ਨੰਬਰ ’ਤੇ ਪਹੁੰਚ ਗਿਆ ਹੈ। ਆਸਟਰੇਲੀਆ ਦੇ ਐਲੇਕਸ ਕੈਰੀ ਚਾਰ ਸਥਾਨ ਉੱਪਰ ਚੜ੍ਹ ਕੇ 50ਵੇਂ ਸਥਾਨ ’ਤੇ ਜਦੋਂਕਿ ਜੋਸ਼ ਇੰਗਲਿਸ 18 ਸਥਾਨ ਦੇ ਫਾਇਦੇ ਨਾਲ 81ਵੇਂ ਨੰਬਰ ’ਤੇ ਪਹੁੰਚ ਗਿਆ ਹੈ। ਗੇਂਦਬਾਜ਼ਾਂ ਵਿੱਚ ਕੇਸ਼ਵ ਮਹਾਰਾਜ ਅਤੇ ਮੈਟ ਹੈਨਰੀ ਸਿਖਰਲੇ ਪੰਜ ਵਿੱਚ ਅਤੇ ਐਡਮ ਜੰਪਾ ਸਿਖਰਲੇ ਦਸ ਵਿੱਚ ਸ਼ਾਮਲ ਹੋ ਗਏ ਹਨ।