ਸਰਹੱਦ ’ਤੇ ਪਾਕਿਸਤਾਨੀ ਘੁਸਪੈਠੀਆ ਹਲਾਕ
ਪਠਾਨਕੋਟ-ਬੀਐੱਸਐੱਫ ਜਵਾਨਾਂ ਨੇ ਪਠਾਨਕੋਟ ਦੇ ਬਮਿਆਲ ਸੈਕਟਰ ਵਿੱਚ ਕੌਮਾਂਤਰੀ ਸਰਹੱਦ ਨੇੜੇ ਬੀਓਪੀ ਤਾਸ਼ ਪੱਤਣ ’ਤੇ ਘੁਸਪੈਠ ਦੀ ਕੋਸ਼ਿਸ਼ ਨਾਕਾਮ ਕਰਦਿਆਂ ਇੱਕ ਪਾਕਿਸਤਾਨੀ ਘੁਸਪੈਠੀਏ ਨੂੰ ਮਾਰ ਮੁਕਾਇਆ। ਇਹ ਘਟਨਾ ਬਾਰਡਰ ਆਊਟਪੋਸਟ ਤਾਸ਼ ਪੱਤਣ ਦੇ ਪਿੱਲਰ ਨੰਬਰ 10 ਅਤੇ 12 ਦਰਮਿਆਨ ਤੜਕੇ 6 ਵਜੇ ਦੀ ਹੈ। ਤਲਾਸ਼ੀ ਲੈਣ ’ਤੇ ਉਸ ਕੋਲੋਂ ਪਾਕਿਸਤਾਨੀ ਕਰੰਸੀ ਦੇ 10 ਰੁਪਏ ਦੇ ਦੋ ਅਤੇ 100 ਰੁਪਏ ਦਾ ਇੱਕ ਨੋਟ ਮਿਲਿਆ ਹੈ। ਉਸ ਕੋਲੋਂ ਤਿੰਨ ਨਿੰਬੂ ਵੀ ਬਰਾਮਦ ਹੋਏ ਹਨ। ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਥਾਣਾ ਨਰੋਟ ਜੈਮੱਲ ਸਿੰਘ ਦੀ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਧਰ, ਬੀਐੱਸਐੱਫ ਦੇ ਅਧਿਕਾਰੀ ਪਾਕਿਸਤਾਨੀ ਰੇਂਜਰਾਂ ਨਾਲ ਸੰਪਰਕ ਕਰਨ ਵਿੱਚ ਜੁਟ ਗਏ ਹਨ ਤਾਂ ਜੋ ਇਸ ਘੁਸਪੈਠ ਦੀ ਘਟਨਾ ਸਬੰਧੀ ਉਨ੍ਹਾਂ ਕੋਲ ਸਖ਼ਤ ਵਿਰੋਧ ਦਰਜ ਕਰਵਾਇਆ ਜਾ ਸਕੇ। ਬੀਐੱਸਐੱਫ ਪੰਜਾਬ ਵਿਚ 553 ਕਿਲੋਮੀਟਰ ਲੰਮੀ ਭਾਰਤ-ਪਾਕਿਸਤਾਨ ਸਰਹੱਦ ਦੀ ਰਾਖੀ ਕਰਦੀ ਹੈ।
ਅਧਿਕਾਰੀਆਂ ਮੁਤਾਬਕ, ਬੀਐੱਸਐੱਫ ਦੇ ਜਵਾਨਾਂ ਨੂੰ ਸਰਹੱਦ ’ਤੇ ਸ਼ੱਕੀ ਹਲਚਲ ਨਜ਼ਰ ਆਈ। ਉਨ੍ਹਾਂ ਜਦੋਂ ਘੁਸਪੈਠੀਏ ਨੂੰ ਭਾਰਤੀ ਸਰਹੱਦ ਅੰਦਰ ਦਾਖ਼ਲ ਹੁੰਦੇ ਦੇਖਿਆ ਤਾਂ ਚਿਤਾਵਨੀ ਦਿੱਤੀ ਅਤੇ ਉਸ ਨੂੰ ਵਾਪਸ ਜਾਣ ਲਈ ਕਿਹਾ। ਉਸ ਨੇ ਇਸ ਨੂੰ ਅਣਗੌਲਿਆਂ ਕਰ ਦਿੱਤਾ ਤੇ ਅੱਗੇ ਵਧਦਾ ਰਿਹਾ। ਭਾਰਤੀ ਖੇਤਰ ਅੰਦਰ ਦਾਖ਼ਲ ਹੋਣ ’ਤੇ ਬੀਐੱਸਐੱਫ ਜਵਾਨਾਂ ਨੇ ਉਸ ਨੂੰ ਗੋਲੀ ਮਾਰ ਦਿੱਤੀ। ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਥਾਣਾ ਨਰੋਟ ਜੈਮਲ ਸਿੰਘ ਦੀ ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪਠਾਨਕੋਟ ਦੇ ਸਿਵਲ ਹਸਪਤਾਲ ਭੇਜ ਦਿੱਤੀ ਹੈ। ਮ੍ਰਿਤਕ ਦੀ ਪਛਾਣ ਲਈ ਲਾਸ਼ ਨੂੰ ਇੱਥੇ 72 ਘੰਟਿਆਂ ਲਈ ਰੱਖਿਆ ਜਾਵੇਗਾ। ਬਾਅਦ ਵਿੱਚ ਲਾਵਾਰਿਸ ਐਲਾਨ ਕੇ ਪੋਸਟ ਮਾਰਟਮ ਕਰਵਾਉਣ ਮਗਰੋਂ ਦਫਨਾ ਦਿੱਤਾ ਜਾਵੇਗਾ। ਜ਼ਿਲ੍ਹਾ ਪੁਲੀਸ ਮੁਖੀ ਦਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਨਰੋਟ ਜੈਮੱਲ ਸਿੰਘ ਥਾਣੇ ਵਿੱਚ ਇਸ ਸਬੰਧੀ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਅਤੇ ਬੀਐੱਸਐੱਫ ਵੱਲੋਂ ਜਾਂਚ ਕੀਤੀ ਜਾ ਰਹੀ ਹੈ।