ਸਿੱਖਿਆ ਵਿਭਾਗ ਖੁਜਲ ਖੁਆਰੀ ਵਾਲੇ ਬੇਲੋੜੇ ਪੱਤਰ ਜਾਰੀ ਕਰਨੇ ਬੰਦ ਕਰੇ: ਜੀਟੀਯੂ (ਵਿਗਿਆਨਿਕ )
ਐਸ ਏ ਐਸ ਨਗਰ,11 ਜੂਨ( ) ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਿਕ) ਦੇ ਸੂਬਾ ਪ੍ਰਧਾਨ ਨਵਪ੍ਰੀਤ ਬੱਲੀ ਅਤੇ ਜਨਰਲ ਸਕੱਤਰ ਸੁਰਿੰਦਰ ਕੰਬੋਜ ਅਤੇ ਸਮੁੱਚੀ ਸੂਬਾ ਕਮੇਟੀ ਨੇ ਸਰਕਾਰ ਵੱਲੋਂ ਮੁਲਾਜ਼ਮਾਂ ‘ਤੇ ਇਤਫਾਕੀਆ ਛੁੱਟੀ ਤੱਕ ਲੈਣ ਲਈ IHRMS / E-Punjab ‘ਤੇ apply ਕਰਨ ਦੀ ਸ਼ਰਤ ਨੂੰ ਮੁਲਾਜ਼ਮਾਂ ਦੀ ਖੱਜਲ ਖੁਆਰੀ ਕਰਾਰ ਦਿੱਤਾ ਹੈ। ਉਨਾਂ ਕਿਹਾ ਕਿ ਜੱਥੇਬੰਦੀ ਇਸ ਖੱਜਲ- ਖੁਆਰੀ ਦਾ ਵਿਰੋਧ ਕਰਦੀ ਹੈ। ਇੱਕ ਤਿਹਾਈ ਛੁੱਟੀ ਲੈਣ ਵਾਲ਼ੇ ਬਹੁਤੇ ਮੁਲਾਜ਼ਮ ਕੈਫੇ ‘ਤੇ ਚੱਕਰ ਕੱਟਦੇ ਨਜ਼ਰ ਆਉਣਗੇ ਅਤੇ ਇਸੇ ਚੱਕਰ ਵਿੱਚ ਹੀ ਆਪਣੀ ਛੁੱਟੀ ਗੁਆ ਬੈਠਣਗੇ । ਜੋ ਬਿਮਾਰ ਹੋਣਗੇ ਉਹਨਾਂ ‘ਤੇ ਵੀ ਪ੍ਰਸ਼ਨ ਹੋਵੇਗਾ ਕਿ ਪਹਿਲਾਂ ਉਹ ਆਪਣੀ ਡਾਕਟਰੀ ਚਾਰਾਜੋਈ ਕਰਨ ਕਿ ਛੁੱਟੀ ਅਪਲਾਈ ਕਰਨ ?
ਕਿਉਂ ਕਿ ਈ ਪੰਜਾਬ ਤੇ ਉਸੇ ਦਿਨ ਹੀ ਛੁੱਟੀ ਅਪਲਾਈ ਕਰਨ ਦੀ ਆਪਸ਼ਨ ਹੁੰਦੀ ਹੈ ਉਸ ਤੋਂ ਅਗਲੇ ਦਿਨ ਛੁੱਟੀ ਅਪਲਾਈ ਨਹੀਂ ਹੁੰਦੀ ।ਇਸ ਕਰਕੇ ਮੁਲਾਜ਼ਮ ਬਿਮਾਰ ਹੋਣ ਦੀ ਹਾਲਤ ਵਿੱਚ ਵੀ ਛੁੱਟੀ ਅਪਲਾਈ ਨਾ ਕਰ ਸਕਣ ਕਰਕੇ ਵੀ ਮਾਨਸਿਕ ਤੌਰ ‘ਤੇ ਪਰੇਸ਼ਾਨ ਰਹਿੰਦਾ ਹੈ । ਈ-ਪੰਜਾਬ ‘ਤੇ ਲੋੰਗ ਲੀਵ ਅਪਲਾਈ ਕਰਵਾਉਣੀ ਬੰਦ ਕੀਤੀ ਜਾਵੇ ਅਤੇ ਇਸ ਛੁੱਟੀ ਨੂੰ ਮੰਨਜੂਰ ਕਰਨ ਦੇ ਅਧਿਕਾਰ ਪੂਰਨ ਤੌਰ ‘ਤੇ ਸਕੂਲ ਮੁਖੀਆਂ ਨੂੰ ਦਿੱਤੇ ਜਾਣ।
ਦੂਸਰੇ ਪਾਸੇ ਸਕੂਲਾਂ ਵਿੱਚ ਇੰਟਰਨੈੱਟ ਸੇਵਾ ਦੀ ਅਧੂਰੀ ਰੇਂਜ ਵੀ ਮੁਸ਼ਕਲਾਂ ਦਾ ਪਹਾੜ ਬਣ ਕੇ ਡਿੱਗਦੀ ਨਜ਼ਰ ਆਵੇਗੀ । ਮਹੀਨੇ ਦੇ ਅੰਤ ਵਿੱਚ ਅਜਿਹੇ ਲੇਖੇ-ਜੋਖੇ ਦਾ ਹਿਸਾਬ ਜ਼ਰੂਰ ਲਿਆ ਜਾ ਸਕਦਾ ਹੈ। ਵਿਭਾਗਾਂ ਵਿੱਚੋਂ ਖਾਸ ਕਰਕੇ ਸਿੱਖਿਆ ਵਿਭਾਗ ਦਾ ਪਹਿਲਾਂ ਹੀ ਗੈਰ ਵਿੱਦਿਅਕ ਕੰਮਾਂ ਕਾਰਨ ਕਚੂੰਮਰ ਨਿੱਕਲਿਆ ਪਿਆ ਹੈ । ਮੁਲਾਜ਼ਮ ਸਰਕਾਰ ਦਾ ਅਨਿੱਖੜਵਾਂ ਅੰਗ ਹੁੰਦੇ ਹਨ, ਇਹਨਾਂ ਦਾ ਮਨੋਬਲ ਡੇਗ ਕੇ ਸਰਕਾਰਾਂ ਦੇ ਕੰਮ ਬੂਸਟ ਹੋ ਜਾਣਗੇ , ਇਹ ਸਰਕਾਰ ਦਾ ਵਹਿਮ ਹੋ ਸਕਦਾ ਹੈ ਅਤੇ ਪਿਛਲੀ ਸਰਕਾਰ ਦਾ ਇਹ ਵਹਿਮ ਨਿੱਕਲ਼ ਵੀ ਚੁੱਕਿਆ ਹੈ। ਸਰਕਾਰਾਂ ਨੂੰ ਆਪਣਾ ਧਿਆਨ ਚੋਣ ਵਾਅਦੇ ਪੂਰੇ ਕਰਨ ਅਤੇ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਪੂਰੀਆਂ ਕਰਨ ਲਈ ਲਾਉਣਾ ਚਾਹੀਦਾ ਹੈ ਜਿਵੇਂ ਕਿ ਪੁਰਾਣੀ ਪੈੱਨਸ਼ਨ ਬਹਾਲ ਕਰਨਾ, ਪੇ-ਕਮਿਸ਼ਨ ਦੀਆਂ ਅਨਾਮਲੀਆਂ ਦੂਰ ਕਰਨਾ ਅਤੇ ਕੱਚੇ ਮੁਲਾਜ਼ਮਾਂ ਨੂੰ ਪਹਿਲ ਦੇ ਅਧਾਰ ਤੇ ਪੱਕੇ ਕਰਨਾ, ਬਜਟ ਦਾ 6% ਸਿੱਖਿਆ ਤੇ ਖਰਚ ਕਰਨਾ ਆਦਿ । ਨਹੀਂ ਤਾਂ ਇਹ ਵੀ ਹੋ ਸਕਦਾ ਹੈ ਕਿ ਪੱਬਾਂ ਭਾਰ ਹੋ ਕੇ ਆਮ-ਆਦਮੀ ਦੀ ਸਰਕਾਰ ਬਣਾਉਣ ਵਾਲ਼ੇ ਮੁਲਾਜ਼ਮ ਆਪਣੇ-ਆਪ ਨੂੰ ਕਿਧਰੇ ਠੱਗਿਆ – ਠੱਗਿਆ ਮਹਿਸੂਸ ਕਰਨ ਲੱਗ ਜਾਣ। ਜ਼ਿਕਰਯੋਗ ਹੈ ਕਿ ਸਰਕਾਰ ਬਣਨ ਸਾਰ ਹੀ ਮੁਲਾਜ਼ਮਾਂ ਤੇ ਕੀਤੀਆਂ ਗਈਆਂ ਨਜ਼ਾਇਜ਼ ਛਾਪੇਮਾਰੀਆਂ ਦੇ ਜ਼ਖਮ ਵੀ ਅਜੇ ਅੱਲੇ ਹਨ । ਇਸ ਕਰਕੇ ਸਰਕਾਰ ਨੂੰ ਮੁਲਾਜ਼ਮਾਂ ਨੂੰ ਭਰੋਸੇ ਵਿੱਚ ਲਏ ਬਿਨਾਂ ਅਜਿਹੇ ਫੈਸਲੇ ਨਹੀਂ ਲੈਣੇ ਚਾਹੀਦੇ । ਸੂਬਾਈ ਆਗੂਆਂ ਬਿਕਰਮਜੀਤ ਸ਼ਾਹ, ਜਗਦੀਪ ਸਿੰਘ ਜੌਹਲ, ਸੋਮ ਸਿੰਘ, ਐੱਨ ਡੀ ਤਿਵਾੜੀ, ਕੰਵਲਜੀਤ ਸੰਗੋਵਾਲ, ਜਤਿੰਦਰ ਸੋਨੀ, ਪ੍ਰਗਟ ਸਿੰਘ ਜੰਬਰ, ਗੁਰਜੀਤ ਸਿੰਘ ਮੋਹਾਲੀ,ਸੁੱਚਾ ਸਿੰਘ ਚਾਹਲ, ਜਰਨੈਲ ਜੰਡਾਲੀ, ਇਤਬਾਰ ਸਿੰਘ, ਜਗਤਾਰ ਖਮਾਣੋ ,ਰਘਬੀਰ ਬੱਲ ਆਦਿ ਨੇ ਕਿਹਾ ਕਿ ਸਰਕਾਰ ਨੂੰ ਮੁਲਾਜ਼ਮਾਂ ਦੇ ਗ਼ੈਰ ਵਿੱਦਿਅਕ ਕਾਰਜ ਖਤਮ ਕਰਨ ਦੇ ਆਪਣੇ ਫ਼ਰਮਾਨ ਨੂੰ ਪੂਰਾ ਕਰਨਾ ਚਾਹੀਦਾ ਹੈ ਨਾ ਕਿ ਅਜਿਹੇ ਪੱਤਰ ਜਾਰੀ ਕਰਕੇ ਸਿੱਖਿਆ ਦੇ ਖੇਤਰ ਵਿੱਚ ਖੜੋਤ ਪੈਦਾ ਕਰਨੀ ਚਾਹੀਦੀ ਹੈ।ਜੰਥੇਬੰਦੀ ਇਹ ਮਹਿਸੂਸ ਕਰਦੀ ਹੈ ਕਿ ਪੰਜਾਬ ਸਰਕਾਰ ਸਿਖਿਆ ਵਿਭਾਗ ਦੀ ਬੇਲੋੜੀ ਕਾਗ਼ਜ਼ ਪੱਤਰਾਂ ਦੀ ਡਾਕ ਤੋ ਬਾਹਰ ਕੱਢ ਕੇ ਵਿਦਿਆਰਥੀਆ ਦੇ ਸੁਨਹਿਰੀ ਭਵਿੱਖ ਲਈ ਸਕੂਲਾਂ ਵਿੱਚ ਉਸਾਰੂ ਮਾਹੌਲ ਪੈਦਾ ਕਰਨ ਦੀ ਨੀਤੀ ਤਿਆਰ ਕਰੇਗੀ।
ਐਨ ਡੀ ਤਿਵਾੜੀ,ਸੂਬਾ ਪ੍ਰੈਸ ਸਕੱਤਰ
ਸੰਪਰਕ ਨੰਬਰ 7973689591