ਤਾਜ਼ਾ ਬਰਫ਼ਬਾਰੀ ਨਾਲ ਸ਼ਿਮਲਾ ਤੇ ਨੇੜਲੇ ਇਲਾਕਿਆਂ ’ਚ ਠੰਢ ਵਧੀ

ਸ਼ਿਮਲਾ-ਹਿਮਾਚਲ ਪ੍ਰਦੇਸ਼ ਵਿੱਚ ਹੋਈ ਤਾਜ਼ਾ ਬਰਫ਼ਬਾਰੀ ਕਾਰਨ ਪਹਾੜਾਂ ਦੀ ਰਾਣੀ ਕਹੇ ਜਾਂਦੇ ਸ਼ਿਮਲਾ ਤੇ ਨੇੜਲੇ ਇਲਾਕਿਆਂ ਵਿੱਚ ਠੰਢ ਵਧ ਗਈ ਹੈ। ਬਰਫ਼ ਪੈਣ ਕਾਰਨ ਸਥਾਨਕ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸਾਰੇ ਹਿਮਾਚਲ ਪ੍ਰਦੇਸ਼ ਵਿੱਚ ਤਾਪਮਾਨ ਵਿੱਚ ਕਾਫੀ ਨਿਘਾਰ ਆਇਆ ਹੈ। ਇਸ ਦੌਰਾਨ ਲਾਹੌਲ ਸਪਿਤੀ ਵਿੱਚ ਪੈਂਦੇ ਤਾਬੋ ’ਚ ਸੂਬੇ ਭਰ ਵਿੱਚੋਂ ਸਭ ਤੋਂ ਘੱਟ ਹੱਡ ਜਮਾਉਣ ਵਾਲਾ ਮਨਫ਼ੀ 12.7 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਹੋਰ ਖੇਤਰਾਂ ਵਿੱਚ ਵੀ ਤਾਪਮਾਨ ’ਚ ਕਾਫੀ ਨਿਘਾਰ ਦਰਜ ਕੀਤਾ ਗਿਆ ਹੈ।

ਇਸੇ ਤਰ੍ਹਾਂ ਸਮਧੋ ਵਿੱਚ 7.9 ਡਿਗਰੀ ਸੈਲਸੀਅਸ, ਬਜੌਰਾ (ਕੁੱਲੂ) ਵਿੱਚ ਮਨਫੀ 1.6 ਡਿਗਰੀ, ਕੁੱਲੂ ਸ਼ਹਿਰ ਵਿੱਚ ਮਨਫੀ 2.5 ਡਿਗਰੀ ਅਤੇ ਰੈਕੌਂਗ ਪੀਓ (ਕਿੰਨੌਰ) ਵਿੱਚ ਮਨਫੀ 1.8 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਨਾਰਕੰਡਾ ਵਿੱਚ ਵੀ ਜਮਾਉਣ ਵਾਲਾ ਮਨਫੀ 8.1 ਡਿਗਰੀ ਸੈਲਸੀਅਸ ਅਤੇ ਮਨਾਲੀ ’ਚ ਮਨਫੀ 2.8 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।

ਇਸੇ ਤਰ੍ਹਾਂ ਰਾਜਧਾਨੀ ਸ਼ਿਮਲਾ ਵਿੱਚ ਮਨਫੀ 2.2 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਜਦਕਿ ਦਿਨ ਵੇਲੇ ਇੱਥੇ ਤਾਪਮਾਨ 1 ਡਿਗਰੀ ਸੈਲਸੀਅਸ ਰਿਹਾ। ਬਰਫ਼ਬਾਰੀ ਤੋਂ ਬਾਅਦ ਤਾਪਤਾਨ ਵਿੱਚ ਆਏ 2-3 ਡਿਗਰੀ ਦੇ ਨਿਘਾਰ ਤੋਂ ਬਾਅਦ ਸਥਾਨਕ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੂੰ ਆਪਣੇ ਰੋਜ਼ਾਨਾ ਦੇ ਕੰਮ ਕਰਨ ਤੇ ਸਫ਼ਰ ਕਰਨ ਵਿੱਚ ਵੀ ਕਾਫੀ ਮੁਸ਼ਕਿਲ ਪੇਸ਼ ਆ ਰਹੀ ਹੈ।

ਕਸ਼ਮੀਰ ਵਾਦੀ ਵਿੱਚ ਘੱਟੋ ਘੱਟ ਤਾਪਮਾਨ ਜਮਾਉਣ ਵਾਲੇ ਪੁਆਇੰਟ ਤੋਂ ਕਈ ਡਿਗਰੀ ਹੇਠਾਂ ਜਾਣ ਕਾਰਨ ਕਸ਼ਮੀਰ ਵਾਦੀ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਹੱਡ ਚੀਰਵੀਂ ਠੰਢ ਪੈ ਰਹੀ ਹੈ। ਅੱਜ ਦੱਸਿਆ ਕਿ ਸ੍ਰੀਨਗਰ ਅਤੇ ਹੋਰ ਕਈ ਥਾਵਾਂ ’ਤੇ ਇਸ ਸੀਜ਼ਨ ਦਾ ਸਭ ਤੋਂ ਘੱਟ ਤਾਪਮਾਨ ਦਰਜ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਇੱਥੇ ਰਾਤ ਦਾ ਤਾਪਮਾਨ ਆਮ ਨਾਲੋਂ 2.7 ਤੋਂ 5.7 ਡਿਗਰੀ ਘੱਟ ਸੀ। ਸ੍ਰੀਨਗਰ ਸ਼ਹਿਰ ਵਿੱਚ ਘੱਟੋ ਘੱਟ ਤਾਪਮਾਨ ਮਨਫੀ 5.4 ਡਿਗਰੀ ਦਰਜ ਕੀਤਾ ਗਿਆ ਜੋ ਕਿ ਪਿਛਲੀ ਰਾਤ ਦੇ ਮਨਫੀ 3.3 ਡਿਗਰੀ ਨਾਲੋਂ ਵੀ ਹੇਠਾਂ ਸੀ। ਸੋਮਵਾਰ ਦੀ ਰਾਤ ਇਸ ਸੀਜ਼ਨ ਦੀ ਸਭ ਤੋਂ ਠੰਢੀ ਰਾਤ ਸੀ। ਵਾਦੀ ਵਿੱਚ ਕੁਝ ਥਾਵਾਂ ’ਤੇ ਪਾਈਪਾਂ ਵਿੱਚ ਪਾਣੀ ਜੰਮ ਗਿਆ।