ਨਗਰ ਨਿਗਮ ਚੋਣਾਂ ਲਈ ਸਿਆਸੀ ਧਿਰਾਂ ਵੱਲੋਂ ਉਮੀਦਵਾਰਾਂ ਦੀ ਪਲੇਠੀ ਸੂਚੀ ਜਾਰੀ

ਚੰਡੀਗੜ੍ਹ-ਸਿਆਸੀ ਪਾਰਟੀਆਂ ਨੇ ਨਗਰ ਨਿਗਮ ਤੇ ਨਗਰ ਕੌਂਸਲਾਂ, ਨਗਰ ਪੰਚਾਇਤਾਂ ਦੀਆਂ ਚੋਣਾਂ ਨੂੰ ਲੈ ਕੇ ਅੱਜ ਉਮੀਦਵਾਰਾਂ ਦੀਆਂ ਸੂਚੀਆਂ ਜਾਰੀ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਕਾਗ਼ਜ਼ ਦਾਖਲ ਕਰਨ ਵਿੱਚ ਸਿਰਫ਼ ਦੋ ਦਿਨ ਬਾਕੀ ਬਚੇ ਹਨ ਜਿਸ ਕਰਕੇ ਸਿਆਸੀ ਆਗੂਆਂ ਵੱਲੋਂ ਉਮੀਦਵਾਰਾਂ ਦੇ ਨਾਮ ਫਾਈਨਲ ਕਰਨ ਲਈ ਦਿਨ ਰਾਤ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਦੇ ਸੂਬਾਈ ਪ੍ਰਧਾਨ ਅਮਨ ਅਰੋੜਾ ਨੇ ਅੱਜ ਚੋਣਾਂ ਦੀ ਤਿਆਰੀ ਵਜੋਂ ਉੱਚ ਪੱਧਰੀ ਸਮੀਖਿਆ ਮੀਟਿੰਗ ਕੀਤੀ।

ਅਮਨ ਅਰੋੜਾ ਦਾ ਕਹਿਣਾ ਸੀ ਕਿ ਇਨ੍ਹਾਂ ਚੋਣਾਂ ਨੂੰ ਲੈ ਕੇ ਪਾਰਟੀ ਨੇ ਪੰਜਾਬ ਨੂੰ 10 ਜ਼ੋਨਾਂ ਵਿੱਚ ਵੰਡਿਆ ਹੈ ਅਤੇ ਹਰ ਜ਼ੋਨ ’ਚ 9 ਮੈਂਬਰੀ ਟੀਮ ਦੇ ਨਾਲ ਅਹੁਦੇਦਾਰ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਪਾਰਟੀ ਦੇ ਲਗਪਗ 350 ਅਹੁਦੇਦਾਰਾਂ ਨੇ ਸਕਰੀਨਿੰਗ ਪ੍ਰਕਿਰਿਆ ਵਿੱਚ ਸਰਗਰਮੀ ਨਾਲ ਹਿੱਸਾ ਲਿਆ ਅਤੇ ਪਾਰਟੀ ਨੂੰ ਪ੍ਰਤੀ ਵਾਰਡ ਔਸਤਨ 12 ਤੋਂ 15 ਅਰਜ਼ੀਆਂ ਮਿਲੀਆਂ ਹਨ। ਪਤਾ ਲੱਗਿਆ ਹੈ ਕਿ 977 ਵਾਰਡਾਂ ਲਈ ਕਰੀਬ ਪੰਜ ਹਜ਼ਾਰ ਚਾਹਵਾਨਾਂ ਨੇ ‘ਆਪ’ ਦੀ ਟਿਕਟ ਲੈਣ ਲਈ ਅਪਲਾਈ ਕੀਤਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਇਨ੍ਹਾਂ ਚੋਣਾਂ ਦੇ ਨਤੀਜੇ 21 ਦਸੰਬਰ ਨੂੰ ਭਾਜਪਾ ਦਾ ਭਰਮ ਤੋੜ ਦੇਣਗੇ। ਉਨ੍ਹਾਂ ਕਿਹਾ ਕਿ ਉਮੀਦਵਾਰਾਂ ਦੀ ਚੋਣ ਲਈ ਚਾਹਵਾਨਾਂ ਦੀ ਪਾਰਟੀ ਪ੍ਰਤੀ ਪ੍ਰਤੀਬੱਧਤਾ ਅਤੇ ਜਿੱਤਣ ਦੀ ਸਮਰੱਥਾ ਨੂੰ ਧਿਆਨ ਵਿਚ ਰੱਖਿਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਵਿਕਾਸ ਕੰਮਾਂ ਨੂੰ ਮੁੱਖ ਮੁੱਦੇ ਵਜੋਂ ਪ੍ਰਚਾਰਿਆ ਜਾਵੇਗਾ। ਉਧਰ, ਕਾਂਗਰਸ ਦੇ ਸੂਬਾਈ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਲੁਧਿਆਣਾ ਨਿਗਮ ਦੀ ਚੋਣ ਲਈ 63, ਫਗਵਾੜਾ ਨਿਗਮ ਲਈ 35 ਅਤੇ ਅੰਮ੍ਰਿਤਸਰ ਲਈ 37 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਅਨੁਸਾਰ ਲੁਧਿਆਣਾ ਨਿਗਮ ਲਈ ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ ਦੀ ਪਤਨੀ ਮਮਤਾ ਨੂੰ ਵਾਰਡ ਨੰਬਰ 60, ਆਸ਼ੂ ਦੀ ਭਰਜਾਈ ਲੀਨਾ ਸ਼ਰਮਾ ਨੂੰ ਵਾਰਡ ਨੰਬਰ 71 ਅਤੇ ਸਾਬਕਾ ਡਿਪਟੀ ਮੇਅਰ ਐੱਸ.ਮਲਹੋਤਰਾ ਨੂੰ ਵਾਰਡ ਨੰਬਰ 84 ਤੋਂ ਟਿਕਟ ਦਿੱਤੀ ਗਈ ਹੈ। ਬੈਂਸ ਭਰਾਵਾਂ ਦੇ ਵਾਰਡਾਂ ਦੀਆਂ ਟਿਕਟਾਂ ਹਾਲੇ ਐਲਾਨੀਆਂ ਨਹੀਂ ਗਈਆਂ। ਭਾਜਪਾ ਦੀ ਅਹਿਮ ਮੀਟਿੰਗ ਅੱਜ ਇੰਚਾਰਜ ਵਿਜੇ ਰੁਪਾਨੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚੋਂ ਸੁਨੀਲ ਜਾਖੜ ਗ਼ੈਰਹਾਜ਼ਰ ਰਹੇ। ਭਾਜਪਾ ਨੇ ਪਟਿਆਲਾ ਨਿਗਮ ਲਈ 60 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਭਾਜਪਾ ਨੇ ਵਾਰਡ ਨੰਬਰ 30 ਤੋਂ ਸਾਬਕਾ ਭਾਜਪਾ ਪ੍ਰਧਾਨ ਕੇਕੇ ਮਲਹੋਤਰਾ ਅਤੇ ਵਾਰਡ ਨੰਬਰ 46 ਤੋਂ ਭਾਜਪਾ ਯੁਵਾ ਮੋਰਚਾ ਦੇ ਆਗੂ ਅਤੇ ਵਾਰਡ ਨੰਬਰ 50 ਤੋਂ ਭਾਜਪਾ ਦੇ ਸ਼ਹਿਰੀ ਪ੍ਰਧਾਨ ਵਿਜੇ ਕੁਮਾਰ ਨੂੰ ਉਮੀਦਵਾਰ ਬਣਾਇਆ ਹੈ। ਭਾਜਪਾ ਨੇ ਅੰਮ੍ਰਿਤਸਰ ਨਿਗਮ ਲਈ 85 ਅਤੇ ਫਗਵਾੜਾ ਨਿਗਮ ਲਈ 49 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ।

ਭਾਜਪਾ ਦੇ ਜਨਰਲ ਸਕੱਤਰ ਦਿਆਲ ਸੋਢੀ ਨੇ ਦੱਸਿਆ ਕਿ ਹੋਰਨਾਂ ਦਰਜਨਾਂ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀ ਸੂਚੀ ਵੀ ਜਾਰੀ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਐਤਕੀਂ ਭਾਜਪਾ ਸੀ-ਕੈਟਾਗਰੀ ਵਾਲੀਆਂ ਕੌਂਸਲਾਂ ਤੇ ਨਗਰ ਪੰਚਾਇਤਾਂ ਦੀ ਚੋਣ ਵੀ ਪਾਰਟੀ ਚੋਣ ਨਿਸ਼ਾਨ ’ਤੇ ਲੜ ਰਹੀ ਹੈ।