ਸੀਰੀਆ ‘ਤੇ ਇਜ਼ਰਾਈਲ ਨੇ ਕੀਤਾ ਇਤਿਹਾਸ ਦਾ ਸਭ ਤੋਂ ਵੱਡਾ ਹਮਲਾ

ਦਮਿਸ਼ਕ – ਗਾਜ਼ਾ ਤੇ ਲਿਬਨਾਨ ‘ਚ ਤਬਾਹੀ ਮਚਾਉਣ ਤੋਂ ਬਾਅਦ ਇਜ਼ਰਾਈਲ ਨੇ ਹੁਣ ਸੀਰੀਆ ‘ਚ ਕਹਿਰ ਢਾਹੁਣਾ ਸ਼ੁਰੂ ਕਰ ਦਿੱਤਾ ਹੈ। ਇਜ਼ਰਾਈਲ ਨੇ ਸੀਰੀਆ ‘ਤੇ ਇਤਿਹਾਸ ਦਾ ਸਭ ਤੋਂ ਵੱਡਾ ਹਮਲਾ ਕੀਤਾ ਹੈ। ਬਸ਼ਰ ਅਲ-ਅਸਦ ਦੇ ਦੇਸ਼ ਤੋਂ ਭੱਜਣ ਮਗਰੋਂ ਇਜ਼ਰਾਈਲੀ ਹਵਾਈ ਫ਼ੌਜ ਨੇ ਪੂਰੇ ਸੀਰੀਆ ‘ਚ ਭਿਅੰਕਰ ਬੰਬਾਰੀ ਕੀਤੀ ਹੈ। ਕਰੀਬ 250 ਹਵਾਈ ਹਮਲਿਆਂ ਨੇ ਸੀਰੀਆ ਦੇ ਫੌਜੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਹੈ।

ਇਜ਼ਰਾਈਲ ਦੀ ਪੈਦਲ ਫ਼ੌਜ ਵੀ ਸੀਰੀਆ ਵਿੱਚ ਦਾਖ਼ਲ ਹੋ ਗਈ ਹੈ। ਇਜ਼ਰਾਈਲ ਦੇ ਸੈਨਿਕ ਸੀਰੀਆ ਦੀ ਰਾਜਧਾਨੀ ਦਮਿਸ਼ਕ ਤੋਂ ਕਰੀਬ 25 ਕਿਲੋਮੀਟਰ ਦੂਰ ਦੱਖਣ-ਪੱਛਮੀ ਖੇਤਰ ‘ਚ ਪਹੁੰਚ ਗਏ ਹਨ। ਰਾਇਟਰਜ਼ ਨੇ ਸੀਰੀਆ ਦੇ ਇਕ ਸੁਰੱਖਿਆ ਸੂਤਰ ਦੇ ਹਵਾਲੇ ਨਾਲ ਕਿਹਾ ਕਿ ਇਜ਼ਰਾਈਲੀ ਫੌਜ ਕਤਾਨਾ ਪਹੁੰਚ ਗਈ ਹੈ। ਇਹ ਇਲਾਕਾ ਸੀਰੀਆ ਦੇ ਗੋਲਾਨ ਹਾਈਟਸ ਤੋਂ ਕਰੀਬ 10 ਕਿਲੋਮੀਟਰ ਦੂਰ ਹੈ।

ਅਲ ਜਜ਼ੀਰਾ ਨੇ ਆਪਣੀ ਰਿਪੋਰਟ ‘ਚ ਕਿਹਾ ਹੈ ਕਿ ਇਜ਼ਰਾਈਲ ਨੇ ਇਤਿਹਾਸ ‘ਚ ਸੀਰੀਆ ‘ਤੇ ਸਭ ਤੋਂ ਵੱਡਾ ਹਮਲਾ ਕੀਤਾ ਹੈ। ਇਜ਼ਰਾਈਲ ਨੇ ਹਵਾਈ ਹਮਲਿਆਂ ‘ਚ ਸੀਰੀਆਈ ਫੌਜ ਦੇ ਤਿੰਨ ਏਅਰਬੇਸ ਤੇ ਹੋਰ ਰਣਨੀਤਕ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਹੈ।

ਇੱਕ ਇਜ਼ਰਾਈਲੀ ਸੁਰੱਖਿਆ ਸੂਤਰ ਨੇ ਇਜ਼ਰਾਈਲੀ ਆਰਮੀ ਰੇਡੀਓ ਨੂੰ ਦੱਸਿਆ ਕਿ ਇਜ਼ਰਾਈਲੀ ਬਲਾਂ ਨੇ ਸੀਰੀਆ ‘ਚ 250 ਤੋਂ ਵੱਧ ਟਿਕਾਣਿਆਂ ‘ਤੇ ਹਮਲਾ ਕੀਤਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਇਹ ਦੇਸ਼ ਦੀ ਹਵਾਈ ਫ਼ੌਜ ਦੇ ਇਤਿਹਾਸ ਵਿੱਚ ਸਭ ਤੋਂ ਵੱਡੇ ਹਮਲਿਆਂ ‘ਚੋਂ ਇਕ ਹੈ। ਇਜ਼ਰਾਈਲ ਸੀਰੀਆ ਦੀ ਰਾਜਧਾਨੀ ਦਮਿਸ਼ਕ ‘ਤੇ ਲਗਾਤਾਰ ਹਵਾਈ ਹਮਲੇ ਕਰ ਰਿਹਾ ਹੈ। ਹਮਲੇ ਤੋਂ ਬਾਅਦ ਦਮਿਸ਼ਕ ‘ਚ ਕਈ ਥਾਵਾਂ ‘ਤੇ ਅੱਗ ਵੀ ਲੱਗ ਗਈ।

ਸੀਰੀਅਨ ਸਿਵਲ ਡਿਫੈਂਸ ਨੇ ਕਿਹਾ ਕਿ ਇਜ਼ਰਾਈਲ ਨੇ ਹਮਲੇ ‘ਚ ਵਿਗਿਆਨਕ ਖੋਜ ਕੇਂਦਰਾਂ ਨੂੰ ਨਿਸ਼ਾਨਾ ਬਣਾਇਆ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਦਮਿਸ਼ਕ ‘ਚ ਜ਼ਹਿਰੀਲੀ ਗੈਸ ਦੀ ਅਫਵਾਹ ਫੈਲ ਗਈ। ਹਾਲਾਂਕਿ, ਸਿਵਲ ਡਿਫੈਂਸ ਨੇ ਸਪੱਸ਼ਟ ਕੀਤਾ ਹੈ ਕਿ ਅਜਿਹਾ ਕੁਝ ਨਹੀਂ ਹੈ।

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਦਹਾਕਿਆਂ ਪੁਰਾਣਾ ਸਮਝੌਤਾ ਟੁੱਟ ਗਿਆ ਹੈ। ਸੀਰੀਆ ਦੀਆਂ ਫੌਜਾਂ ਪਿੱਛੇ ਹਟ ਗਈਆਂ ਹਨ। ਇਸ ਕਾਰਨ ਇਜ਼ਰਾਈਲ ਦਾ ਕੰਟਰੋਲ ਜ਼ਰੂਰੀ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਕਿਸੇ ਵੀ ਦੁਸ਼ਮਣ ਸ਼ਕਤੀ ਨੂੰ ਆਪਣੀ ਸਰਹੱਦ ‘ਚ ਦਾਖਲ ਨਹੀਂ ਹੋਣ ਦੇਵਾਂਗੇ।