ਰਾਪਜੁਰਾ- ਕਿਸਾਨੀ ਮੰਗਾਂ ਲਈ ਦੋ ਵਾਰ ਸ਼ੰਭੂ ਤੋਂ ਦਿੱਲੀ ਕੂਚ ਦੀ ਕੋਸ਼ਿਸ਼ ਕਰ ਚੁੱਕੇ ਕਿਸਾਨਾਂ ਨੇ ਸੋਮਵਾਰ ਨੂੰ ਕੋਈ ਜਥਾ ਦਿੱਲੀ ਕੂਚ ਲਈ ਨਹੀਂ ਤੋਰਿਆ। ਭਾਰਤੀ ਕਿਸਾਨ ਯੂਨੀਅਨ (ਗ਼ੈਰ ਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਮੰਗਲਵਾਰ ਨੂੰ ਵੀ ਕੋਈ ਜਥਾ ਦਿੱਲੀ ਕੂਚ ਲਈ ਨਹੀਂ ਜਾਵੇਗਾ। ਸਾਰੇ ਖਨੌਰੀ ’ਚ ਇਕੱਠੇ ਹੋ ਕੇ ਅਗਲੀ ਰਣਨੀਤੀ ਬਣਾਉਣਗੇ।
ਸ਼ੰਭੂ ਬੈਰੀਅਰ ’ਤੇ ਸੋਮਵਾਰ ਨੂੰ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਐਤਵਾਰ ਨੂੰ ਰਾਜਪੁਰਾ ਵਿਖੇ ਅੰਬਾਲਾ ਦੇ ਉੱਚ ਅਧਿਕਾਰੀਆਂ ਨਾਲ ਕਿਸਾਨ ਆਗੂਆਂ ਦੀ ਮੀਟਿੰਗ ਹੋਈ ਸੀ। ਇਸ ਮੀਟਿੰਗ ’ਚ ਉਨ੍ਹਾਂ ਨੇ ਕਿਸਾਨ ਜਥੇਬੰਦੀਆਂ ਦੀ ਹਰਿਆਣਾ ਸਰਕਾਰ ਨਾਲ ਗੱਲਬਾਤ ਕਰਵਾਉਣ ਦਾ ਭਰੋਸਾ ਦਿੰਦਿਆਂ ਦੋ ਦਿਨਾਂ ਦਾ ਸਮਾਂ ਮੰਗਿਆ ਸੀ। ਕਿਸਾਨ ਆਗੂਆਂ ਨੇ ਸਲਾਹ ਮਸ਼ਵਰਾ ਕਰ ਕੇ ਹਰਿਆਣਾ ਪ੍ਰਸ਼ਾਸਨ ਨੂੰ ਦੋ ਦਿਨ ਦਾ ਸਮਾਂ ਦੇ ਦਿੱਤਾ। ਪੰਧੇਰ ਨੇ ਕਿਹਾ ਕਿ ਇਸ ਲਈ 10 ਦਸੰਬਰ ਸ਼ਾਮ ਤੱਕ ਉਹ ਹਰਿਆਣਾ ਪ੍ਰਸ਼ਾਸ਼ਨ ਵੱਲੋਂ ਗੱਲਬਾਤ ਦੇ ਸੱਦੇ ਦੀ ਉਡੀਕ ਕਰਨਗੇ। ਇਸ ਤੋਂ ਬਾਅਦ ਸ਼ਾਮ ਨੂੰ ਪ੍ਰੈੱਸ ਕਾਨਫਰੰਸ ਕਰ ਅਗਲੀ ਰਣਨੀਤੀ ਦੀ ਜਾਣਕਾਰੀ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਸਾਰੇ ਕਿਸਾਨ ਮੰਗਲਵਾਰ ਨੂੰ ਖਨੌਰੀ ’ਚ ਇਕੱਠੇ ਹੋਣਗੇ ਤੇ ਉੱਥੇ ਹੀ ਅਗਲੀ ਰਣਨੀਤੀ ਬਣਾਈ ਜਾਵੇਗੀ। ਪੰਧੇਰ ਨੇ ਕਿਹਾ ਕਿ ਮਰਨ ਵਰਤ ’ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦੇ ਲੀਵਰ ’ਚ ਇਨਫੈਕਸ਼ਨ ਆਇਆ ਹੈ ਤੇ ਸਾਢੇ ਨੌਂ ਕਿੱਲੋ ਦੇ ਕਰੀਬ ਉਨ੍ਹਾਂ ਦਾ ਵਜ਼ਨ ਵੀ ਘੱਟ ਹੋ ਚੁੱਕਾ ਹੈ, ਜੋ ਕੀ ਕਾਫ਼ੀ ਚਿੰਤਾ ਦਾ ਵਿਸ਼ਾ ਹੈ। ਇਸ ਮੌਕੇ ਕਿਸਾਨ ਆਗੂ ਜਸਵਿੰਦਰ ਸਿੰਘ ਲੌਂਗੋਵਾਲ, ਬਲਵੰਤ ਸਿੰਘ ਬਹਿਰਾਮਕੇ, ਜੰਗ ਸਿੰਘ ਭਟੇੜੀ ਅਤੇ ਪਰਮਜੀਤ ਸਿੰਘ ਬਿਹਾਰ ਨੇ ਵੀ ਡੱਲੇਵਾਲ ਦੀ ਸਿਹਤ ’ਤੇ ਚਿੰਤਾ ਦਾ ਪ੍ਰਗਟਾਵਾ ਕੀਤਾ।
ਖਨੌਰੀ ਬਾਰਡਰ ’ਤੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਸੋਮਵਾਰ ਨੂੰ 14ਵੇਂ ਦਿਨ ਵੀ ਜਾਰੀ ਰਿਹਾ। ਭੁੱਖ ਹੜਤਾਲ ਕਾਰਨ ਉਨ੍ਹਾਂ ਦੀ ਸਿਹਤ ਵਿਗੜਦੀ ਜਾ ਰਹੀ ਹੈ। ਇਸ ਕਾਰਨ ਸੋਮਵਾਰ ਨੂੰ ਕੋਈ ਸੰਬੋਧਨ ਨਹੀਂ ਕੀਤਾ ਤੇ ਉਨ੍ਹਾਂ ਸਾਰਾ ਦਿਨ ਬੰਦ ਟਰਾਲੀ ’ਚ ਬਣਾਏ ਗਏ ਕਮਰੇ ’ਚ ਬਿਤਾਇਆ। ਇਸੇ ਦੌਰਾਨ ਖਨੌਰੀ ’ਚ ਇਕੱਠੇ ਹੋਏ ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਮੰਗਲਵਾਰ ਨੂੰ ਸਾਰੇ ਕਿਸਾਨ ਡੱਲੇਵਾਲ ਦੇ ਹੱਕ ’ਚ ਇਕ ਦਿਨਾ ਭੁੱਖ ਹੜਤਾਲ ਕਰਨਗੇ। ਉਨ੍ਹਾਂ ਆਲੇ ਦੁਆਲੇ ਦੇ ਪਿੰਡਾਂ ਨੂੰ ਮੋਰਚੇ ਵਾਲੀ ਥਾਂ ’ਤੇ ਲੰਗਰ ਲਿਆਉਣ ਤੋਂ ਮਨ੍ਹਾਂ ਕਰ ਦਿੱਤਾ ਹੈ। ਇਸੇ ਦੌਰਾਨ ਡੀਆਈਜੀ ਪਟਿਆਲਾ ਰੇਂਜ ਮਨਦੀਪ ਸਿੰਘ ਸਿੱਧੂ ਨੇ ਵੀ ਡੱਲੇਵਾਲ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ। ਦੇਰ ਸ਼ਾਮ ਸਰਵਣ ਸਿੰਘ ਪੰਧੇਰ ਡੱਲੇਵਾਲ ਦਾ ਹਾਲ ਜਾਣਨ ਲਈ ਖਨੌਰੀ ਬਾਰਡਰ ਪੁੱਜੇ।