ਮਹਿਲਾ ਕ੍ਰਿਕਟ: ਆਸਟਰੇਲੀਆ ਦੀ ਭਾਰਤ ’ਤੇ 112 ਦੌੜਾਂ ਨਾਲ ਜਿੱਤ

ਬ੍ਰਿਸਬਨ-ਜੌਰਜੀਆ ਵੌਲ ਅਤੇ ਐਲਿਸ ਪੈਰੀ ਦੇ ਸੈਂਕੜਿਆਂ ਸਦਕਾ ਆਸਟਰੇਲੀਆ ਨੇ ਅੱਜ ਇੱਥੇ ਦੂਜੇ ਮਹਿਲਾ ਇਕ ਰੋਜ਼ਾ ਮੈਚ ਵਿੱਚ ਭਾਰਤ ਨੂੰ 122 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ’ਚ 2-0 ਨਾਲ ਜੇਤੂ ਲੀਡ ਲੈ ਲਈ ਹੈ। ਆਪਣਾ ਦੂਜਾ ਇਕ ਰੋਜ਼ਾ ਮੈਚ ਖੇਡ ਰਹੀ ਬੱਲੇਬਾਜ਼ ਵੌਲ ਨੇ ਮਹਿਜ਼ 87 ਗੇਂਦਾਂ ’ਚ 101 ਦੌੜਾਂ ਦੀ ਪਾਰੀ ਖੇਡ ਕੇ ਕਰੀਅਰ ਦਾ ਪਹਿਲਾ ਸੈਂਕੜਾ ਜੜਿਆ ਜਦਕਿ ਪੈਰੀ ਨੇ 75 ਗੇਂਦਾਂ ’ਚ 105 ਦੌੜਾਂ ਬਣਾ ਕੇ ਭਾਰਤੀ ਗੇਂਦਬਾਜ਼ਾਂ ’ਤੇ ਦਬਾਅ ਬਣਾਇਆ। ਆਸਟਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਅੱਠ ਵਿਕਟਾਂ ’ਤੇ 371 ਦੌੜਾਂ ਬਣਾਈਆਂ। ਇਹ ਭਾਰਤ ਖ਼ਿਲਾਫ਼ ਉਸ ਦਾ ਸਭ ਤੋਂ ਵੱਡਾ ਸਕੋਰ ਹੈ। ਟੀਮ ਨੇ ਇਸ ਤੋਂ ਬਾਅਦ ਭਾਰਤ ਦੀ ਪਾਰੀ ਨੂੰ 45.5 ਓਵਰਾਂ ’ਚ 249 ਦੌੜਾਂ ’ਤੇ ਸਮੇਟ ਕੇ ਆਸਾਨ ਜਿੱਤ ਦਰਜ ਕੀਤੀ। ਮੈਚ ਦੌਰਾਨ ਫੌਬੇ ਲਿਚਫੀਲਡ (60) ਅਤੇ ਵੌਲ ਦੀ ਜੋੜੀ ਨੇ 130 ਦੌੜਾਂ ਦੀ ਭਾਈਵਾਲੀ ਨਾਲ ਆਸਟਰੇਲੀਆ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ।