ਨੈਦਰਲੈਂਡਜ਼ ਦੇ ਅਪਾਰਟਮੈਂਟ ਵਿੱਚ ਧਮਾਕੇ ਕਾਰਨ ਪੰਜ ਮੌਤਾਂ

ਹੇਗ-ਐਮਰਜੈਂਸੀ ਸਰਵਿਸਿਜ਼ ਨੇ ਧਮਾਕਾ ਹੋਣ ਤੇ ਅੱਗ ਲੱਗਣ ਕਾਰਨ ਤਬਾਹ ਹੋਏ ਇੱਕ ਅਪਾਰਟਮੈਂਟ ਜਿੱਥੇ ਘੱਟੋ-ਘੱਟ ਪੰਜ ਜਣੇ ਮਾਰੇ ਗਏ, ਦੇ ਮਲਬੇ ਹੇਠੋਂ ਹੋਰ ਲੋਕਾਂ ਦੀ ਭਾਲ ਲਈ ਤਲਾਸ਼ੀ ਮੁਹਿੰਮ ਅੱਜ ਦੂਜੇ ਦਿਨ ਵੀ ਜਾਰੀ ਰੱਖੀ ਹਾਲਾਂਕਿ ਕਿਸੇ ਦੇ ਵੀ ਜਿਊਂਦੇ ਬਚੇ ਹੋਣ ਦੀ ਉਮੀਦ ਬਹੁਤ ਘੱਟ ਹੈ। ਸ਼ਨਿਚਰਵਾਰ ਸਵੇਰੇ ਹੋਏ ਇਸ ਧਮਾਕੇ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ।

ਮੇਅਰ ਜੇ.ਵੀ. ਜ਼ੈਨੇਨ ਨੇ ਕਿਹਾ ਕਿ ਜਾਂਚਕਰਤਾ ਸਾਰੇ ਪੱਖਾਂ ਤੋਂ ਜਾਂਚ ਕਰ ਰਹੇ ਹਨ। ਪੁਲੀਸ ਨੇ ਆਖਿਆ ਕਿ ਉਹ ਇਸ ਕੇਸ ’ਚ ਮੌਕੇ ਤੋਂ ਜਾ ਰਹੀ ਇੱਕ ਕਾਰ ਦੀ ਭਾਲ ਕਰੇ ਹਨ, ਜਿਸ ਨਾਲ ਜਾਂਚ ’ਚ ਮਦਦ ਮਿਲ ਸਕਦੀ ਹੈ। ਫਾਇਰ ਸਰਵਿਸ ਨੇ ਦੱਸਿਆ ਕਿ ਘਟਨਾ ਸਥਾਨ ਤੋਂ ਪੰਜ ਲਾਸ਼ਾਂ ਮਿਲੀਆਂ ਹਨ ਤੇ ਪੰਜ ਵਿਅਕਤੀਆਂ ਨੂੰ ਜ਼ਿੰਦਾ ਬਚਾਇਆ ਗਿਆ ਹੈ। ਮੇਅਰ ਨੇ ਆਖਿਆ ਕਿ ਬਚਾਅ ਕਰਮੀ ਹੁਣ ਜ਼ਿੰਦਾ ਬਚੇ ਲੋਕਾਂ ਦੀ ਭਾਲ ਨਹੀਂ ਕਰ ਰਹੇ ਹਨ ਕਿਉਂਕਿ ਅਪਾਰਟਮੈਂਟ ’ਚ ਜੋ ਕੁਝ ਬਚਿਆ ਹੈ ਉਸ ਹੇਠ ਕਿਸੇ ਦੇ ਵੀ ਜ਼ਿੰਦਾ ਬਚੇ ਹੋਣ ਦੀ ਉਮੀਦ ਬਹੁਤ ਘੱਟ ਹੈ। ਹਾਲਾਂਕਿ ਇੱਕ ਵਿਅਕਤੀ ਨੂੰ ਧਮਾਕੇ ਦੇ ਕਈ ਘੰਟਿਆਂ ਬਾਅਦ ਬਚਾਇਆ ਗਿਆ ਸੀ।

ਹੇਗ ਵਿੱਚ ਮਾਰੀਆਹੋਏਵ ਦੇ ਉੱਤਰ-ਪੂਰਬੀ ਇਲਾਕੇ ਦੇ ਵਾਸੀਆਂ ਨੇ ਤੜਕਸਾਰ ਇੱਕ ਧਮਾਕੇ ਤੇ ਚੀਕਾਂ ਦੀ ਆਵਾਜ਼ ਸੁਣੀ ਸੀ। ਇੱਕ ਔਰਤ ਨੇ ਕਿਹਾ ਕਿ ਉਸ ਨੂੰ ਅਜਿਹਾ ਲੱਗਾ ਕਿ ਜਿਵੇਂ ਭੂਚਾਲ ਆਇਆ ਹੋਵੇ। ਧਮਾਕੇ ਤੋਂ ਤੁਰੰਤ ਬਾਅਦ ਐਂਬੂਲੈਂਸਾਂ ਘਟਨਾ ਸਥਾਨ ਦੇ ਨੇੜੇ ਪਹੁੰਚ ਗਈਆਂ।