ਮੁੰਬਈ-ਮਹਾਰਾਸ਼ਟਰ ’ਚ ਵਿਰੋਧੀ ਧਿਰ ਮਹਾਵਿਕਾਸ ਅਘਾੜੀ (ਐੱਮਵੀਏ) ਦੇ ਮੈਂਬਰਾਂ ਸਮੇਤ 105 ਵਿਧਾਇਕਾਂ ਨੇ ਅੱਜ ਨਵੀਂ ਚੁਣੀ ਵਿਧਾਨ ਸਭਾ ’ਚ ਵਿਧਾਇਕ ਵਜੋਂ ਸਹੁੰ ਚੁੱਕੀ। ਵਿਧਾਇਕਾਂ ਨੇ ਵਿਸ਼ੇਸ਼ ਸੈਸ਼ਨ ਦੇ ਦੂਜੇ ਦਿਨ ਸਹੁੰ ਚੁੱਕੀ। ਵਿਰੋਧੀ ਪਾਰਟੀਆਂ ਦੇ ਵਿਧਾਇਕਾਂ ਨੇ ਹਾਲ ਹੀ ਵਿੱਚ ਸੂਬਾਈ ਚੋਣਾਂ ’ਚ ਈਵੀਐੱਮ ਦੀ ਦੁਰਵਰਤੋਂ ਦਾ ਦੋਸ਼ ਲਾਉਂਦਿਆਂ ਵਿਧਾਨ ਸਭਾ ਦੇ ਤਿੰਨ ਰੋਜ਼ਾ ਵਿਸ਼ੇਸ਼ ਸੈਸ਼ਨ ਦੇ ਪਹਿਲੇ ਦਿਨ ਸਹੁੰ ਚੁੱਕ ਸਮਾਗਮ ਦਾ ਬਾਈਕਾਟ ਕੀਤਾ ਸੀ। ਕਾਂਗਰਸ ਆਗੂ ਨਾਨਾ ਪਟੋਲੇ, ਵਿਜੈ ਵਾਡੇਤੀਵਾਰ ਤੇ ਅਮਿਤ ਦੇਸ਼ਮੁਖ, ਰਾਸ਼ਟਰਵਾਦੀ ਕਾਂਗਰਸ ਪਾਰਟੀ (ਸ਼ਰਦ ਚੰਦਰ ਪਵਾਰ) ਦੇ ਨੇਤਾ ਜਿਤੇਂਦਰ ਅਵਹਾਦ ਅਤੇ ਸ਼ਿਵ ਸੈਨਾ (ਯੂਬੀਟੀ) ਦੇ ਨੇਤਾ ਆਦਿੱਤਿਆ ਠਾਕਰੇ ਸਮੇਤ ਕੁਝ ਵਿਧਾਇਕਾਂ ਨੇ ਅੱਜ ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਤੁਰੰਤ ਬਾਅਦ ਸਹੁੰ ਚੁੱਕੀ। ਬੀਤੇ ਦਿਨ 173 ਵਿਧਾਇਕਾਂ ਨੇ ਸਹੁੰ ਚੁੱਕੀ ਜਦਕਿ ਨੌਂ ਗ਼ੈਰਹਾਜ਼ਰ ਵਿਧਾਇਕ ਭਲਕੇ ਹਲਫ਼ ਲੈਣਗੇ। ਪਹਿਲੀ ਵਾਰ ਵਿਧਾਇਕ ਬਣੇ ਕਈ ਆਗੂਆਂ ਨੇ ਅੱਜ ਸਹੁੰ ਚੁੱਕੀ ਅਤੇ ਸਮਾਗਮ ’ਚ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ। -ਪੀਟੀਆਈ
ਮੁੰਬਈ: ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਅੱਜ ਵਿਰੋਧੀ ਧਿਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਈਵੀਐੱਮ ਬਾਰੇ ਲੋਕਾਂ ਨੂੰ ਗੁੰਮਰਾਹ ਕਰਨ ਅਤੇ ਲੋਕ ਫਤਵਾ ਸਵੀਕਾਰ ਨਾ ਕਰਨ ਦਾ ਦੋਸ਼ ਲਾਇਆ। ਸ਼ਿੰਦੇ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਾਕਮ ਮਹਾਯੁਤੀ ਗੱਠਜੋੜ ਨੇ 20 ਨਵੰਬਰ ਨੂੰ ਮੁਕੰਮਲ ਹੋਈਆਂ ਵਿਧਾਨ ਸਭਾ ਚੋਣਾਂ ’ਚ ਆਪਣੇ ਕੰਮ ਕਾਰਨ ਜਿੱਤ ਹਾਸਲ ਕੀਤੀ ਹੈ। ਇਸ ਲਈ ਵਿਰੋਧੀ ਮਹਾਵਿਕਾਸ ਅਘਾੜੀ ਨੂੰ ਲੋਕ ਫਤਵਾ ਸਵੀਕਾਰ ਕਰਨਾ ਚਾਹੀਦਾ ਹੈ ਅਤੇ ਵਿਕਾਸ ਕਾਰਜਾਂ ’ਚ ਸਰਕਾਰ ਦੀ ਹਮਾਇਤ ਕਰਨੀ ਚਾਹੀਦੀ ਹੈ। ਸ਼ਿਵ ਸੈਨਾ ਮੁਖੀ ਨੇ ਵਿਰੋਧੀ ਧਿਰ ਨੂੰ ਕਿਹਾ, ‘ਜਦੋਂ ਤੁਸੀ ਜਿੱਤਦੇ ਹੋ ਤਾਂ ਈਵੀਐੱਮ ’ਚ ਕੋਈ ਗੜਬੜੀ ਨਹੀਂ ਹੁੰਦੀ ਪਰ ਜਦੋਂ ਤੁਸੀਂ ਹਾਰਦੇ ਹੋ ਤਾਂ ਮਸ਼ੀਨ ਖਰਾਬ ਹੋ ਜਾਂਦੀ ਹੈ। ਇਹ ਸਹੀ ਤਰੀਕਾ ਨਹੀਂ ਹੈ।’ ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਨੂੰ ਲੋਕ ਫਤਵਾ ਸਵੀਕਾਰ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਫ਼ੈਸਲਾਕੁਨ ਢੰਗ ਨਾਲ ਹਾਰ ਮਿਲੀ ਹੈ। ਉਪ ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਨੇ ਵਿਰੋਧੀ ਧਿਰ ਨੂੰ ਉਸ ਦੀ ਥਾਂ ਦਿਖਾ ਦਿੱਤੀ ਹੈ।