ਲੰਡਨ-ਗਲਾਸਗੋ ਵਿੱਚ ਜਨਮੀ ਜਸਲੀਨ ਕੌਰ ਨੂੰ ਬਰਤਾਨੀਆ ਦੇ ਵੱਕਾਰੀ ਟਰਨਰ ਪੁਰਸਕਾਰ 2024 ਨਾਲ ਸਨਮਾਨਿਤ ਕੀਤਾ ਗਿਆ ਹੈ। ਉਸ ਵੱਲੋਂ ਸਕਾਟਲੈਂਡ ਦੇ ਸਿੱਖ ਭਾਈਚਾਰੇ ਨਾਲ ਸਬੰਧਤ ਵਿਰਸੇ ਨੂੰ ਆਪਣੇ ਬੁੱਤਸਾਜ਼ੀ ਰਾਹੀਂ ਦਰਸਾਇਆ ਗਿਆ ਹੈ। ਉਸ ਦੇ ਕੰਮ ਵਿੱਚ ‘ਨਿੱਜੀ, ਸਿਆਸਤ ਤੇ ਅਧਿਆਤਮਕਤਾ’ ਦਾ ਸੁਮੇਲ ਨਜ਼ਰ ਆਉਂਦਾ ਹੈ।
ਲੰਡਨ ਵਿੱਚ ‘ਦਿ ਟੇਟ ਬ੍ਰਿਟੇਨ’ ਵਿੱਚ ਹੋਏ ਇਕ ਸਮਾਰੋਹ ਦੌਰਾਨ ਜਸਲੀਨ ਕੌਰ ਨੂੰ ਮੰਗਲਵਾਰ ਰਾਤ ਨੂੰ ਉਸ ਦੀ ਪ੍ਰਦਰਸ਼ਨੀ ‘ਆਲਟਰ ਆਲਟਰ’ ਲਈ 25,000 ਪੌਂਡ (ਤਕਰੀਬਨ 26.84 ਲੱਖ ਰੁਪਏ) ਦਾ ਇਨਾਮ ਦਿੱਤਾ ਗਿਆ। ਇਸ ਪ੍ਰਦਰਸ਼ਨੀ ਵਿੱਚ ਵੱਖ-ਵੱਖ ਥਾਵਾਂ ਤੋਂ ਇਕੱਤਰ ਕੀਤੇ ਗਏ ਜਾਂ ਮੁੜ ਤੋਂ ਬਣਾਏ ਗਏ ਬੁੱਤ ਵੀ ਸ਼ਾਮਲ ਸਨ। ਹਰੇਕ ਬੁੱਤ ਨੂੰ ਇਕ ਆਕਰਸ਼ਿਤ ਕਰਨ ਵਾਲੀ ਆਵਾਜ਼ ਦੇ ਨਾਲ ਐਨੀਮੇਟਿਡ ਕੀਤਾ ਗਿਆ ਸੀ। ‘ਦਿ ਟਰਨਰ ਪ੍ਰਾਈਜ਼’ ਦੀ ਜਿਊਰੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਜਸਲੀਨ ਕੌਰ ਦੀ ਚੋਣ ਉਸ ਵੱਲੋਂ ਇਕੱਤਰ ਕੀਤੀਆਂ ਗਈਆਂ ਰੋਜ਼ਾਨਾ ਦੀਆਂ ਵਸਤਾਂ, ਉਨ੍ਹਾਂ ਨੂੰ ਆਵਾਜ਼ ਰਾਹੀਂ ਐਨੀਮੇਟਿਡ ਕਰਨ ਅਤੇ ਸਭਿਆਚਾਰਕ ਵਿਰਾਸਤ ਦੀ ਯਾਦ ਦਿਵਾਉਂਦੇ ਸੰਗੀਤ ਕਰ ਕੇ ਕੀਤੀ ਗਈ ਹੈ।