ਸਿਓਲ –ਦੱਖਣੀ ਕੋਰੀਆ ਦੀਆਂ ਵਿਰੋਧੀ ਪਾਰਟੀਆਂ ਨੇ ਅੱਜ ਰਾਸ਼ਟਰਪਤੀ ਯੂਨ ਸੁਕ ਯਿਓਲ ਖ਼ਿਲਾਫ਼ ਸੰਸਦ ਵਿੱਚ ਮਹਾਦੋਸ਼ ਪ੍ਰਸਤਾਵ ਪੇਸ਼ ਕੀਤਾ। ਮੁੱਖ ਵਿਰੋਧੀ ਡੈਮੋਕਰੈਟਿਕ ਪਾਰਟੀ ਅਤੇ ਪੰਜ ਛੋਟੀਆਂ ਵਿਰੋਧੀ ਪਾਰਟੀਆਂ ਵੱਲੋਂ ਸਾਂਝੇ ਤੌਰ ’ਤੇ ਪੇਸ਼ ਇਸ ਪ੍ਰਸਤਾਵ ’ਤੇ ਸ਼ੁੱਕਰਵਾਰ ਨੂੰ ਵੋਟਿੰਗ ਹੋ ਸਕਦੀ ਹੈ।
ਮਾਰਸ਼ਲ ਲਾਅ ਲਾਗੂ ਕਰਨ ਦੇ ਮੁੱਦੇ ਨੂੰ ਲੈ ਕੇ ਰਾਸ਼ਟਰਪਤੀ ਯੂਨ ’ਤੇ ਰਾਸ਼ਟਰਪਤੀ ਦਾ ਅਹੁਦਾ ਛੱਡਣ ਦਾ ਦਬਾਅ ਹੈ। ਇਸ ਕਾਨੂੰਨ ਕਰ ਕੇ ਸੈਨਿਕਾਂ ਨੇ ਸੰਸਦ ਨੂੰ ਘੇਰ ਲਿਆ ਸੀ। ਹਾਲਾਂਕਿ, ਸੰਸਦ ਮੈਂਬਰਾਂ ਨੇ ਮਾਰਸ਼ਲ ਲਾਅ ਨੂੰ ਹਟਾਉਣ ਦੇ ਪੱਖ ਵਿੱਚ ਵੋਟਿੰਗ ਕੀਤੀ, ਜਿਸ ਮਗਰੋਂ ਯੂਨ ਨੇ ਇਸ ਨੂੰ ਹਟਾਉਣ ਦਾ ਐਲਾਨ ਕੀਤਾ।
ਰਾਸ਼ਟਰਪਤੀ ’ਤੇ ਮਹਾਦੋਸ਼ ਚਲਾਉਣ ਲਈ ਪ੍ਰਸਤਾਵ ਸੰਸਦ ਦੇ ਦੋ-ਤਿਹਾਈ ਬਹੁਮਤ ਜਾਂ ਘੱਟੋ-ਘੱਟ 300 ’ਚੋਂ 200 ਮੈਂਬਰਾਂ ਦੇ ਸਮਰਥਨ ਦੀ ਲੋੜ ਹੋਵੇਗੀ। ਇਸ ਤੋਂ ਬਾਅਦ ਸੰਵਿਧਾਨਕ ਅਦਾਲਤ ਦੇ ਘੱਟੋ-ਘੱਟ ਸੱਤ ਜੱਜਾਂ ਦਾ ਸਮਰਥਨ ਵੀ ਜ਼ਰੂਰੀ ਹੋਵੇਗਾ ਪਰ ਤਿੰਨ ਜੱਜਾਂ ਦੀ ਸੇਵਾਮੁਕਤੀ ਹੋਣ ਤੋਂ ਬਾਅਦ ਇਸ ਵੇਲੇ ਸਿਰਫ਼ ਛੇ ਜੱਜ ਹਨ। ਕਾਨੂੰਨਸਾਜ਼ਾਂ ਨੂੰ ਨਵੇਂ ਜੱਜਾਂ ਦੇ ਨਾਮ ਤੈਅ ਕਰਨ ਦੀ ਪ੍ਰਕਿਰਿਆ ਤੇਜ਼ ਕਰਨੀ ਹੋਵੇਗੀ।
ਯੂਨ ਦੇ ਸੀਨੀਅਰ ਸਲਾਹਕਾਰਾਂ ਅਤੇ ਮੰਤਰੀਆਂ ਨੇ ਸਮੂਹਿਕ ਤੌਰ ’ਤੇ ਅਸਤੀਫਾ ਦੇਣ ਦੀ ਪੇਸ਼ਕਸ਼ ਕੀਤੀ ਹੈ ਅਤੇ ਰੱਖਿਆ ਮੰਤਰੀ ਕਿਮ ਯੌਂਗ ਹਯੂਨ ਸਣੇ ਉਨ੍ਹਾਂ ਦੇ ਮੰਤਰੀ ਮੰਡਲ ਦੇ ਮੈਂਬਰਾਂ ਕੋਲੋਂ ਵੀ ਅਹੁਦੇ ਛੱਡਣ ਦੀ ਮੰਗ ਕੀਤੀ ਗਈ ਹੈ। ਰਾਜਧਾਨੀ ਵਿੱਚ ਸੜਕਾਂ ’ਤੇ ਪੁਲੀਸ ਹਰੇਕ ਸਥਿਤੀ ਨਾਲ ਨਿਪਟਣ ਲਈ ਤਿਆਰ ਨਜ਼ਰ ਆਈ। ਆਮ ਦਿਨਾਂ ਵਾਂਗ ਹੀ ਸੈਲਾਨੀ ਤੇ ਵਸਨੀਕ ਸੜਕਾਂ ’ਤੇ ਨਜ਼ਰ ਆਏ, ਆਵਾਜਾਈ ਤੇ ਨਿਰਮਾਣ ਕਾਰਜ ਵੀ ਜਾਰੀ ਰਹੇ।
ਯੂਨ ਨੇ ਮੰਗਲਵਾਰ ਰਾਤ ਨੂੰ ਅਚਾਨਕ ਮਾਰਸ਼ਲ ਲਾਅ ਲਾਗੂ ਕਰ ਦਿੱਤਾ ਅਤੇ ਵਿਰੋਧੀ ਧਿਰ ਦੇ ਦਬਦਬੇ ਵਾਲੀ ਸੰਸਦ ਵਿੱਚ ਆਪਣੇ ਏਜੰਡੇ ਨੂੰ ਅੱਗੇ ਵਧਾਉਣ ਲਈ ਸੰਘਰਸ਼ ਕਰਨ ਤੋਂ ਬਾਅਦ ‘ਰਾਸ਼ਟਰ ਵਿਰੋਧੀ’ ਤਾਕਤਾਂ ਨੂੰ ਖ਼ਤਮ ਕਰਨ ਦਾ ਸੰਕਲਪ ਲਿਆ ਗਿਆ। ਰਾਸ਼ਟਰਪਤੀ ਵੱਲੋਂ ਲਾਗੂ ਮਾਰਸ਼ਲ ਲਾਅ ਸਿਰਫ਼ ਛੇ ਘੰਟੇ ਤੱਕ ਹੀ ਪ੍ਰਭਾਵੀ ਰਿਹਾ ਕਿਉਂਕਿ ਨੈਸ਼ਨਲ ਅਸੈਂਬਲੀ (ਦੱਖਣੀ ਕੋਰੀਆ ਦੀ ਸੰਸਦ) ਨੇ ਰਾਸ਼ਟਰਪਤੀ ਦੇ ਫੈਸਲੇ ਨੂੰ ਖਾਰਜ ਕਰਨ ਦੇ ਪੱਖ ਵਿੱਚ ਵੋਟਿੰਗ ਕੀਤੀ। ਸਵੇਰੇ ਕਰੀਬ 4.30 ਵਜੇ ਕੈਬਨਿਟ ਦੀ ਇਕ ਮੀਟਿੰਗ ਦੌਰਾਨ ਮਾਰਸ਼ਲ ਲਾਅ ਹਟਾਉਣ ਦਾ ਫੈਸਲਾ ਲਿਆ ਗਿਆ, ਜਿਸ ਮਗਰੋਂ ਇਸ ਨੂੰ ਹਟਾਉਣ ਦਾ ਰਸਮੀ ਐਲਾਨ ਕੀਤਾ ਗਿਆ।