ਮਾਨਸਾ ‘ਚ ਕਿਸਾਨਾਂ ਤੇ ਪੁਲਿਸ ਵਿਚਾਲੇ ਜ਼ਬਰਦਸਤ ਹੰਗਾਮਾ, 3 SHO ਤੇ ਕਈ ਕਿਸਾਨ ਜ਼ਖ਼ਮੀ

ਮਾਨਸਾ- ਸੰਗਰੂਰ ਜ਼ਿਲ੍ਹੇ ਦੇ ਕਿਸਾਨ ਬਠਿੰਡਾ ਜ਼ਿਲ੍ਹੇ ਦੇ ਤਲਵੰਡੀ ਸਾਬੋ ਨਜ਼ਦੀਕ ਪਿੰਡ ਲੇਲੇਵਾਲਾ ਗੁਜਰਾਤ ਗੈਸ ਪਾਈਪ ਲਾਈਨ ਦਾ ਵਿਰੋਧ ਕਰਨ ਜਾ ਰਹੇ ਕਿਸਾਨਾਂ ਤੇ ਪੁਲਿਸ ਦੀ ਅੱਧੀ ਰਾਤ ਬਾਅਦ ਤਿੱਖੀ ਝੜਪ ਹੋ ਗਈ। ਕਿਸਾਨ ਜਿੱਥੇ ਪੁਲਿਸ ਵੱਲੋਂ ਲਾਠੀਚਾਰਜ ਕੀਤੇ ਜਾਣ ਦਾ ਦੋਸ਼ ਲਗਾ ਰਹੇ ਹਨ, ਉੱਥੇ ਹੀ ਪੁਲਿਸ ਵੱਲੋਂ ਕਿਸਾਨਾਂ ‘ਤੇ ਨਾਕੇ ਤੋੜਦੇ ਹੋਏ ਪੁਲਿਸ ਅਧਿਕਾਰੀਆਂ ਸਮੇਤ ਮੁਲਾਜ਼ਮਾਂ ਨੂੰ ਜ਼ਖਮੀ ਕੀਤੇ ਜਾਣ ਦਾ ਦੋਸ਼ ਲਗਾਇਆ ਜਾ ਰਿਹਾ ਹੈ। ਪੁਲਿਸ ਅਨੁਸਾਰ ਕਿਸਾਨਾਂ ਨੇ ਲਾਠੀਆਂ ਚਲਾਈਆਂ ਤੇ ਤਿੰਨ ਐਸਐਚਓ ਨੂੰ ਜ਼ਖਮੀ ਕੀਤਾ। ਬੀਕੇਯੂ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਇਹ ਦੇਰ ਰਾਤ ਝੜਪ ਹੋਈ ਸੀ ਅਤੇ ਅੱਜ ਉਹ ਲੇਲੇਵਾਲਾ ਪਹੁੰਚੇ ਹਨ। ਕਿਸਾਨ ਇੱਥੇ ਹੀ ਇਕੱਠੇ ਹੋ ਰਹੇ ਹਨ। ਇੱਕ ਪਾਸੇ ਜਿੱਥੇ ਕਿਸਾਨ ਪੁਲਿਸ ਦੁਆਰਾ ਧੱਕੇਸ਼ਾਹੀ ਕੀਤੇ ਜਾਣ ਦਾ ਦੋਸ਼ ਲਗਾ ਰਹੇ ਹਨ, ਉੱਥੇ ਹੀ ਦੂਜੇ ਪਾਸੇ ਪੁਲਿਸ ਵੀ ਕਿਸਾਨਾਂ ‘ਤੇ ਨਾਕੇ ਤੋੜਨ ਦਾ ਦੋਸ਼ ਲਗਾ ਰਹੀ ਹੈ। ਕਿਸਾਨਾਂ ਨੇ ਪੁਲਿਸ ’ਤੇ ਉਨ੍ਹਾਂ ਦੀਆਂ ਗੱਡੀਆਂ ਦੇ ਸੀਸ਼ੇ ਤੋੜੇ ਜਾਣ ਦਾ ਵੀ ਦੋਸ਼ ਲਗਾਇਆ ਹੈ।

ਬੀਕੇਯੂ ਉਗਰਾਹਾਂ ਦੇ ਸੂਬਾ ਸਕੱਤਰ ਜਗਤਾਰ ਸਿੰਘ ਨੇ ਦੱਸਿਆ ਕਿ ਪਿੰਡ ਲੇਲੇਵਾਲਾ ਵਿੱਚ ਕਿਸਾਨ ਇਕੱਠੇ ਹੋ ਰਹੇ ਅਤੇ ਰਾਤ ਕਿਸਾਨਾਂ ਨਾਲ ਪੁਲਿਸ ਨੇ ਧੱਕੇਸ਼ਾਹੀ ਕੀਤੀ ਹੈ। ਇਸ ਮੌਕੇ ਦੋ ਦਰਜਨ ਦੇ ਕਰੀਬ ਪੁਲਿਸ ਵੱਲੋਂ ਗੱਡੀਆਂ ਭੰਨੀਆਂ ਗਈਆਂ ਹਨ, ਜਦੋਂਕਿ ਵੱਡੀ ਗਿਣਤੀ ’ਚ ਕਿਸਾਨ ਜ਼ਖ਼ਮੀ ਹੋਏ। ਦਰਜਨ ਦੇ ਕਰੀਬ ਕਿਸਾਨਾਂ ਨੂੰ ਜ਼ਿਆਦਾ ਸੱਟਾਂ ਲੱਗੀਆਂ ਹਨ। ਪਰ ਉਹ ਆਪਣਾ ਅਲੱਗ-ਅਲੱਗ ਜਗ੍ਹਾ ਇਲਾਜ ਕਰਵਾ ਰਹੇ ਹਨ। ਪੁਲਿਸ ਨੇ ਤਕਰੀਬਨ 35 ਤੋਂ 40 ਕਿਸਾਨ ਹਿਰਾਸਤ ’ਚ ਲਏ ਹੋਏ ਹਨ। ਉਨ੍ਹਾਂ ਨੂੰ ਕਿੱਥੇ ਰੱਖਿਆ ਹੋਇਆ ਹੈ ਇਸ ਬਾਰੇ ਪੁਲਿਸ ਅਜੇ ਕੁੱਝ ਨਹੀਂ ਦੱਸ ਰਹੀ। ਪੁਲਿਸ ਜੇਕਰ ਸਾਡੀ ਗੱਲ ਨਹੀਂ ਸੁਣੇਗੀ ਤਾਂ ਹੁਣ ਵੱਡੀ ਪੱਧਰ ’ਤੇ ਪਹੁੰਚ ਕੇ ਕਬਜ਼ਾ ਕਰਾਂਗੇ। ਪੁਲਿਸ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਐਸਐਮਓ ਅੰਜੂ ਕਾਂਸਲ ਨੇ ਕਿਹਾ ਕਿ ਦੇਰ ਰਾਤ ਐਸਐਸਓ ਭੀਖੀ ਗੁਰਵੀਰ ਸਿੰਘ ਅਤੇ ਥਾਣਾ ਸਿਟੀ 2 ਦਲਜੀਤ ਸਿੰਘ ਜ਼ਖਮੀ ਹੋ ਗਏ ਸਨ ਅਤੇ ਉਨ੍ਹਾਂ ਨੂੰ ਇੱਥੇ ਲਿਆਂਦਾ ਗਿਆ ਸੀ। ਇਹ ਜ਼ਿਆਦਾ ਜ਼ਖ਼ਮੀ ਸਨ। ਕੁਝ ਦੇ ਥੋੜ੍ਹੀਆਂ ਹੀ ਸੱਟਾਂ ਸਨ ਅਤੇ ਦਵਾਈ ਲੈ ਕੇ ਚਲੇ ਗਏ। ਸਵੇਰੇ 6 ਵਜੇ ਦੇ ਕਰੀਬ ਰੈਫ਼ਰ ਕਰ ਦਿੱਤੇ ਗਏ।

ਐਸਪੀਐਚ ਜਸਕੀਰਤ ਅਹੀਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨਾਂ ਨੇ ਰਾਤੀ ਪੁਲਿਸ ਦੇ ਲਗਾਏ ਨਾਕਿਆਂ ਨੂੰ ਧੱਕੇ ਨਾਲ ਤੋੜਿਆ ਤੇ ਲਾਠੀਆਂ ਵੀ ਚਲਾਈਆਂ। ਥਾਣਾ ਭੀਖੀ ਨਾਕਾ ਤੋੜਿਆ ਜਿੱਥੇ ਐਸਐਚਓ ਗੁਰਵੀਰ ਸਿੰਘ ਦੀ ਗੱਡੀ ਚੜ੍ਹਾ ਦਿੱਤੀ ਤੇ ਦੋਨੋਂ ਬਾਹਾਂ ਫ੍ਰੈਕਚਰ ਹੋ ਗਈਆਂ। ਇਸ ਬਾਅਦ ਮਾਨਸਾ ‘ਚ ਅਲੱਗ ਅਲੱਗ ਜਗ੍ਹਾ ਨਾਕੇ ਲਗਾਏ। ਫ਼ਿਰ ਰਾਮਦਿੱਤਾ ਚੌਕ ’ਚ ਜਦ ਰੋਸ ਜਤਾਉਣ ਵਾਲੇ ਜਾ ਰਹੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਲਾਠੀਆਂ ਚਲਾ ਦਿੱਤੀਆਂ ਗਈਆਂ। ਇਸ ਦੌਰਾਨ ਥਾਣਾ ਸਦਰ ਦੇ ਇੰਚਾਰਜ ਜਸਵੀਰ ਸਿੰਘ ਦੇ ਸਿਰ ’ਚ ਲਾਠੀ ਮਾਰੀ ਅਤੇ ਥਾਣਾ ਸਿਟੀ 2 ਦੇ ਦਲਜੀਤ ਸਿੰਘ ਦੇ ਵੀ ਸੱਟਾਂ ਲੱਗੀਆਂ।