ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਹੁਣ ਦਫ਼ਤਰਾਂ ’ਚ ਮਿਲੇਗਾ ਮਾਣ

ਚੰਡੀਗੜ੍ਹ-ਆਮ ਆਦਮੀ ਪਾਰਟੀ ਦੇ ਵਰਕਰਾਂ, ਵਲੰਟਰੀਅਰਜ਼ ਨੂੰ ਹੁਣ ਸਰਕਾਰੀ ਦਫ਼ਤਰਾਂ ਵਿਚ ਮਾਣ-ਸਨਮਾਨ ਮਿਲੇਗਾ। ਜ਼ਿਲ੍ਹਾ ਪ੍ਰਧਾਨਾਂ, ਬਲਾਕ ਪ੍ਰਧਾਨਾਂ ਅਤੇ ਵੱਖ-ਵੱਖ ਅਦਾਰਿਆਂ ਦੇ ਚੇਅਰਮੈਨਾਂ ਦੀ ਸਿਫਾਰਸ਼ਾਂ ’ਤੇ ਅਫ਼ਸਰਸ਼ਾਹੀ ਗੌਰ ਕਰੇਗੀ। ਹਾਲਾਂਕਿ ਅਮਨ ਅਰੋੜਾ ਮਾਨ ਸਰਕਾਰ ਵਿਚ ਕੈਬਨਿਟ ਮੰਤਰੀ ਹਨ ਅਤੇ ਕੈਬਨਿਟ ਮੰਤਰੀ ਦਾ ਆਪਣਾ ਇਕ ਰੁਤਬਾ ਹੁੰਦਾ ਹੈ ਪਰ ਬਤੌਰ ਪ੍ਰਧਾਨ ਅਮਨ ਅਰੋੜਾ ਦੀ ਸਿਫਾਰਸ਼ ਜਾਂ ਕਹੀ ਗੱਲ ’ਤੇ ਹੁਣ ਅਫ਼ਸਰਸਾਹੀ ਨੂੰ ਅਮਲ ਕਰਨਾ ਹੀ ਪਵੇਗਾ। ਦੱਸਿਆ ਜਾਂਦਾ ਹੈ ਕਿ ਪਾਰਟੀ ਹਾਈ ਕਮਾਨ ਨੇ ਅਫ਼ਸਰਸ਼ਾਹੀ ਖਾਸ ਕਰਕੇ ਡਿਪਟੀ ਕਮਿਸ਼ਨਰਾਂ ਤੇ ਐੱਸਐੱਸਪੀਜ਼ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ ਕਿ ਪਾਰਟੀ ਪ੍ਰਧਾਨ ਦੀਆਂ ਸਿਫਾਰਸ਼ਾਂ ’ਤੇ ਅਮਲ ਕੀਤਾ ਜਾਵੇ।

ਨਗਰ ਨਿਗਮ ਤੇ ਚਾਰ ਦਰਜਨ ਦੇ ਕਰੀਬ ਨਗਰ ਕੌਂਸਲਾਂ, ਨਗਰ ਪੰਚਾਇਤਾਂ ਦੀ ਚੋਣਾਂ ਦੇ ਮੱਦੇਨਜ਼ਰ ਪਾਰਟੀ ਪ੍ਰਧਾਨ ਅਮਨ ਅਰੋੜਾ ਨੇ ਪੰਜ ਨਗਰ ਨਿਗਮਾਂ ਨਾਲ ਸਬੰਧਤ ਵਿਧਾਇਕਾਂ ਤੇ ਹੋਰ ਨੁਮਾਇਦਿਆਂ ਨਾਲ ਮੀਟਿੰਗਾਂ ਕੀਤੀਆਂ ਤਾਂ ਫਿਰ ਇਹ ਗੱਲ ਉਭਰੀ ਹੈ ਕਿ ਸਥਾਨਕ ਪੱਧਰ ’ਤੇ ਆਗੂਆਂ ਦੀ ਸੁਣਵਾਈ ਨਹੀਂ ਹੋ ਰਹੀ। ਬਲਾਕ ਪੱਧਰ ਅਤੇ ਜ਼ਿਲ੍ਹਾ ਪੱਧਰ ’ਤੇ ਬਲਾਕ ਪ੍ਰਧਾਨਾਂ ਤੇ ਜ਼ਿਲ੍ਹਾ ਪ੍ਰਧਾਨਾਂ ਨੂੰ ਵੀ ਅਫ਼ਸਰ ਤਵੱਜੋ ਨਹੀਂ ਦਿੰਦੇ, ਇਸ ਦਾ ਆਮ ਲੋਕਾਂ ਵਿਚ ਮਾੜਾ ਅਸਰ ਪੈਂਦਾ ਹੈ।

ਲੋਕ ਸਭਾ ਚੋਣਾਂ ਵਿਚ ਪਾਰਟੀ ਨੂੰ ਤਿੰਨ ਸੀਟਾਂ ਨਸੀਬ ਹੋਣ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਜੇਤੂ ਤਿੰਨ ਸੰਸਦ ਮੈਂਬਰਾਂ, ਉਮੀਦਵਾਰਾਂ ਤੇ ਸਬੰਧਤ ਹਲਕਿਆਂ ਦੇ ਵਿਧਾਇਕਾਂ ਤੇ ਹੋਰ ਨੁਮਾਇੰਦਿਆਂ ਨਾਲ ਮੀਟਿੰਗਾਂ ਕਰਕੇ ਹਾਰ ਦੇ ਕਾਰਨਾਂ ਦਾ ਪਤਾ ਲਗਾਉਣ ਦਾ ਯਤਨ ਕੀਤਾ ਸੀ, ਤਾਂ ਬਹੁਤ ਸਾਰੇ ਵਿਧਾਇਕਾਂ ਨੇ ਵੀ ਇਹ ਸ਼ਿਕਾਇਤ ਕੀਤੀ ਸੀ ਕਿ ਅਫਸਰ ਤਾਂ ਵਿਧਾਇਕਾਂ ਦੀ ਗੱਲ ਨਹੀਂ ਸੁਣਦੇ ਆਮ ਲੋਕਾਂ ਦੀ ਤਾਂ ਗੱਲ ਹੀ ਛੱਡੋ। ਮੁੱਖ ਮੰਤਰੀ ਨੇ ਉਸ ਵਕਤ ਅਫ਼ਸਰਾਂ ਨੂੰ ਵਿਧਾਇਕਾਂ ਦੀ ਗੱਲ ਸੁਣਨ ਦੇ ਨਿਰਦੇਸ਼ ਦਿੱਤੇ ਸਨ ਤੇ ਭਵਿੱਖ ਵਿਚ ਨਿਰੰਤਰ ਮੀਟਿੰਗਾਂ ਕਰਨ ਦਾ ਭਰੋਸਾ ਵੀ ਦਿੱਤਾ ਸੀ ਪਰ ਹੇਠਲੇ ਪੱਧਰ ’ਤੇ ਪੰਜਾਬ ਆਗੂਆਂ ਵਲੋਂ ਵਾਰ ਵਾਰ ਇਹੀ ਗਿਲਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਦੀ ਸੁਣਵਾਈ ਨਹੀ ਹੋ ਰਹੀ।

ਪਿਛਲੇ ਮਹੀਨੇ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇਕੱਲੇ-ਇਕੱਲੇ ਵਿਧਾਇਕ ਨਾਲ ਦਿੱਲੀ ’ਚ ਮੀਟਿੰਗ ਕੀਤੀ ਤਾਂ ਫਿਰ ਅਫਸਰਸ਼ਾਹੀ ਵੱਲੋਂ ਆਗੂਆਂ ਦੀ ਸੁਣਵਾਈ ਤੇ ਮੁੱਖ ਮੰਤਰੀ ਨਾਲ ਰਾਬਤਾ ਕਰਨ ਲਈ ਵਰਤੇ ਜਾਣ ਵਾਲੇ ਚੈਨਲ ਬਾਰੇ ਪੁੱਛਿਆ ਸੀ। ਇਸ ਤੋਂ ਬਾਅਦ ਹੀ ਕੇਜਰੀਵਾਲ ਨੇ ਸੂਬੇ ਦੀ ਲੀਡਰਸ਼ਿਪ ਵਿੱਚ ਬਦਲਾਅ ਕਰਨ ਦਾ ਫੈਸਲਾ ਕੀਤਾ ਸੀ।

ਜਾਣਕਾਰੀ ਅਨੁਸਾਰ ਨਿਗਮ ਚੋਣਾਂ ਦੇ ਮੱਦੇਨਜ਼ਰ ਵੱਖ ਵੱਖ ਜ਼ਿਲ੍ਹਿਆਂ ਦੇ ਆਗੂਆਂ, ਅਹੁਦੇਦਾਰਾਂ ਨਾਲ ਮੀਟਿੰਗਾਂ ਤੋ ਬਾਅਦ ਦਿੱਲੀ ਹਾਈ ਕਮਾਨ ਨੇ ਅਫਸਰਸ਼ਾਹੀ ਖਾਸ ਕਰਕੇ ਡਿਪਟੀ ਕਮਿਸਨਰਾਂ, ਐੱਸਐੱਸਪੀਜ਼, ਪੁਲਿਸ ਕਮਿਸ਼ਨਰਾਂ ਨੂੰ ਪਾਰਟੀ ਆਗੂਆਂ ਦੀ ਸੁਣਵਾਈ ਕਰਨ ਦੇ ਸਪਸ਼ਟ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਸੂਤਰ ਦੱਸਦੇ ਹਨ ਕਿ ਅਜਿਹਾ ਕਦਮ ਪਾਰਟੀ ਨੇ ਮੁੱਖ ਮੰਤਰੀ ਦੇ ਨਾਲ ਨਾਲ ਅਮਨ ਅਰੋੜਾ ਨੂੰ ਵੀ ਹੋਰ ਮਜ਼ਬੂਤ ਕਰਨ ਲਈ ਚੁੱਕਿਆ ਹੈ। ਭਾਵੇਂ ਪਾਰਟੀ ਨੇ ਪਹਿਲਾਂ ਪਿ੍ੰਸੀਪਲ ਬੁੱਧ ਰਾਮ ਨੂੰ ਕਾਰਜਕਾਰੀ ਪ੍ਰਧਾਨ ਲਗਾਇਆ ਹੋਇਆ ਸੀ ਪਰ ਬਤੌਰ ਕਾਰਜਕਾਰੀ ਪ੍ਰਧਾਨ ਪਾਰਟੀ ਹਾਈ ਕਮਾਨ ਨੇ ਉਹ ਤਵੱਜੋ ਜਾਂ ਮਾਣ ਨਹੀਂ ਦਿੱਤਾ, ਜਿੰਨਾ ਪ੍ਰਧਾਨ ਨੂੰ ਮਿਲਣਾ ਚਾਹੀਦਾ ਸੀ। ਯਾਨੀ ਪਾਰਟੀ ਦੀ ਕੌਮੀ ਲੀਡਰਸ਼ਿਪ ਬਿਨਾਂ ਪ੍ਰਧਾਨ ਜਾਂ ਕਾਰਜਕਾਰੀ ਪ੍ਰਧਾਨ ਹੀ ਵਿਧਾਇਕਾਂ ਤੇ ਹੋਰਨਾਂ ਆਗੂਆਂ ਨਾਲ ਮੀਟਿੰਗਾਂ ਕਰਦੇ ਰਹੇ ਹਨ ਜਿਸ ਦਾ ਹੇਠਲੇ ਪੱਧਰ ’ਤੇ ਮਾੜਾ ਪ੍ਰਭਾਵ ਗਿਆ ਅਤੇ ਲੋਕਾਂ ਵਿਚ ਪੰਜਾਬ ਤੇ ਦਿੱਲੀ ਦਾ ਪ੍ਰਭਾਵ ਪੈ ਗਿਆ। ਪਾਰਟੀ ਪ੍ਰਧਾਨ ਅਮਨ ਅਰੋੜਾ ਹੁਣ ਲਗਾਤਾਰ ਸੈਕਟਰ 39 ਸਥਿਤ ਪਾਰਟੀ ਦਫ਼ਤਰ ਵਿਚ ਵੀ ਜਾਣ ਲੱਗੇ ਹਨ। ਉਨ੍ਹਾਂ ਜ਼ਿਲ੍ਹਾ ਅਧਿਕਾਰੀਆਂ ਨੂੰ ਪਾਰਟੀ ਦੇ ਅਹੁਦੇਦਾਰਾਂ ਦੀ ਸੁਣਵਾਈ ਕਰਨ ਦੀ ਗੱਲ ਕਹੀ ਹੈ।