ਨਵੀਂ ਦਿੱਲੀ- ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਨੇ ਆਪਣੇ ਬਿਆਨ ਨਾਲ ਚੈਂਪੀਅਨਸ ਟਰਾਫੀ ਦੇ ਵਿਵਾਦ ਨੂੰ ਹੋਰ ਵਧਾ ਦਿੱਤਾ ਹੈ। ਪਾਕਿਸਤਾਨ ਨੂੰ ਆਈਸੀਸੀ ਚੈਂਪੀਅਨਜ਼ ਟਰਾਫੀ 2025 ਦੀ ਮੇਜ਼ਬਾਨੀ ਦੇ ਅਧਿਕਾਰ ਦਿੱਤੇ ਗਏ ਸਨ ਪਰ ਇਸ ਦੇ ਸਥਾਨ ਅਤੇ ਪ੍ਰੋਗਰਾਮ ਦਾ ਅਜੇ ਫੈਸਲਾ ਨਹੀਂ ਕੀਤਾ ਗਿਆ ਹੈ।
BCCI ਨੇ ICC ਨੂੰ ਇਸ ਟੂਰਨਾਮੈਂਟ (Champions Trophy 2025) ਲਈ ਭਾਰਤੀ ਟੀਮ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਆਈਸੀਸੀ ਹੁਣ ਇਸ ਟੂਰਨਾਮੈਂਟ ਨੂੰ ‘ਹਾਈਬ੍ਰਿਡ ਮਾਡਲ’ ਤਹਿਤ ਕਰਵਾਉਣ ਦੀ ਯੋਜਨਾ ਬਣਾ ਰਹੀ ਹੈ।ਇਸ ਦੌਰਾਨ ਸ਼ੋਏਬ ਅਖਤਰ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮੈਂ ਚਾਹੁੰਦਾ ਹਾਂ ਕਿ ਭਾਰਤ ਨਾ ਜਾਣ ਨੂੰ ਲੈ ਕੇ ਜ਼ਿਆਦਾ ਬਿਆਨਬਾਜ਼ੀ ਨਾ ਕੀਤੀ ਜਾਵੇ। ਮੈਂ ਚਾਹੁੰਦਾ ਹਾਂ ਕਿ ਸਾਡੀ ਟੀਮ ਭਾਰਤ ਜਾਵੇ ਅਤੇ ਉੱਥੇ ਉਨ੍ਹਾਂ ਨੂੰ ਹਰਾਏ।
ਦਰਅਸਲ ਸਾਬਕਾ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਅਖਤਰ ਨੇ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਦੇ ਉਸ ਫੈਸਲੇ ਦਾ ਸਮਰਥਨ ਕੀਤਾ ਹੈ, ਜਿਸ ਨੇ ਚੈਂਪੀਅਨਸ ਟਰਾਫੀ ਲਈ ਹੋਰ ਮਾਲੀਆ ਹਿੱਸੇਦਾਰੀ ਦੀ ਮੰਗ ਕੀਤੀ ਹੈ, ਕਿਉਂਕਿ ਹੁਣ ਇਹ ਟੂਰਨਾਮੈਂਟ ਹਾਈਬ੍ਰਿਡ ਮਾਡਲ ‘ਚ ਖੇਡਿਆ ਜਾਵੇਗਾ। ਹਾਲਾਂਕਿ, ਇੱਕ ਮੁੱਦਾ ਜਿਸ ‘ਤੇ ਅਖਤਰ ਬੋਰਡ ਨਾਲ ਅਸਹਿਮਤ ਹੈ, ਪਾਕਿਸਤਾਨੀ ਟੀਮ ਦਾ ਭਾਰਤ ਵਿੱਚ ਭਵਿੱਖ ਵਿੱਚ ਆਈਸੀਸੀ ਮੁਕਾਬਲਿਆਂ ਵਿੱਚ ਨਾ ਖੇਡਣ ਦਾ ਫੈਸਲਾ ਹੈ।