ਲਖਨਊ-ਭਾਰਤ ਦੇ ਸਟਾਰ ਬੈਡਮਿੰਟਨ ਖਿਡਾਰੀ ਪੀਵੀ ਸਿੰਧੂ ਅਤੇ ਲਕਸ਼ੈ ਸੇਨ ਸਈਅਦ ਮੋਦੀ ਕੌਮਾਂਤਰੀ ਸੁਪਰ 300 ਬੈਡਮਿੰਟਨ ਟੂਰਨਾਮੈਂਟ ਦੇ ਮਹਿਲਾ ਅਤੇ ਪੁਰਸ਼ ਸਿੰਗਲਜ਼ ਵਰਗ ਦੇ ਸੈਮੀਫਾਈਨਲ ਵਿੱਚ ਪਹੁੰਚ ਗਏ ਹਨ। ਸਿਖਰਲਾ ਦਰਜਾ ਪ੍ਰਾਪਤ ਦੋ ਵਾਰ ਦੀ ਚੈਂਪੀਅਨ ਸਿੰਧੂ ਨੇ 48 ਮਿੰਟ ਤੱਕ ਚੱਲੇ ਮਹਿਲਾ ਸਿੰਗਲਜ਼ ਦੇ ਕੁਆਰਟਰ ਫਾਈਨਲ ਵਿੱਚ ਚੀਨ ਦੀ ਦਾਈ ਵਾਂਗ ਨੂੰ 48 ਮਿੰਟ ਤੱਕ ਚੱਲੇ ਮੁਕਾਬਲੇ ਵਿੱਚ 21-15, 21-17 ਨਾਲ ਹਰਾਇਆ। ਇਸੇ ਤਰ੍ਹਾਂ 2021 ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੇ ਦਾ ਤਗ਼ਮਾ ਜੇਤੂ ਲਕਸ਼ੈ ਨੇ ਪੁਰਸ਼ ਸਿੰਗਲਜ਼ ਦੇ ਕੁਆਰਟਰ ਫਾਈਨਲ ਵਿੱਚ ਮੇਰਾਬਾ ਲੁਵਾਂਗ ਮੈਸਨਮ ਨੂੰ 21-8, 21-19 ਨਾਲ ਮਾਤ ਦਿੱਤੀ। ਸਿੰਧੂ ਨੇ ਜਿੱਤ ਤੋਂ ਬਾਅਦ ਕਿਹਾ, ‘ਅੱਜ ਦਾ ਮੈਚ ਅਹਿਮ ਸੀ। ਮੈਂ ਆਪਣੀਆਂ ਗਲਤੀਆਂ ਸੁਧਾਰ ਲਈਆਂ ਹਨ ਅਤੇ ਇਨ੍ਹਾਂ ਨੂੰ ਮੁੜ ਨਹੀਂ ਦੁਹਰਾਵਾਂਗੀ।’ ਸਿੰਧੂ ਵਿਸ਼ਵ ਰੈਂਕਿੰਗ ’ਚ 18ਵੇਂ ਅਤੇ ਵਾਂਗ 118ਵੇਂ ਸਥਾਨ ’ਤੇ ਹੈ।
ਮਹਿਲਾ ਡਬਲਜ਼ ਵਿੱਚ ਦੂਜਾ ਦਰਜਾ ਪ੍ਰਾਪਤ ਟਰੀਸਾ ਜੌਲੀ ਅਤੇ ਗਾਇਤਰੀ ਗੋਪੀਚੰਦ ਨੇ ਛੇਵਾਂ ਦਰਜਾ ਪ੍ਰਾਪਤ ਗੋ ਪੇਈ ਕੀ ਅਤੇ ਟੀਓਹ ਮੇਈ ਸ਼ਿੰਗ ਨੂੰ 21-8, 21-15 ਨਾਲ ਹਰਾਇਆ। ਮਿਕਸਡ ਡਬਲਜ਼ ਵਿੱਚ ਪੰਜਵਾਂ ਦਰਜਾ ਪ੍ਰਾਪਤ ਧਰੁਵ ਕਪਿਲਾ ਅਤੇ ਤਨੀਸ਼ਾ ਕਰਾਸਟੋ ਨੇ ਮਲੇਸ਼ੀਆ ਦੀ ਲੂ ਬਿੰਗ ਕੁਨ ਅਤੇ ਹੋ ਲੋ ਈ ਨੂੰ 21-16, 21-13 ਨਾਲ ਮਾਤ ਦਿੱਤੀ। ਆਯੂਸ਼ ਸ਼ੈਟੀ ਪੁਰਸ਼ ਸਿੰਗਲਜ਼ ਵਿੱਚ ਓਗਾਵਾ ਤੋਂ 7-21, 14-21 ਨਾਲ ਹਾਰ ਗਿਆ। ਇਸੇ ਤਰ੍ਹਾਂ ਮਹਿਲਾ ਸਿੰਗਲਜ਼ ਵਿੱਚ ਤਸਨੀਮ ਮੀਰ ਅਤੇ ਸ਼੍ਰਿਯਾਂਸ਼ੀ ਵੀ ਹਾਰ ਕੇ ਬਾਹਰ ਹੋ ਗਈਆਂ।