ਸ੍ਰੀਨਗਰ-ਅਮਰਨਾਥ ਯਾਤਰਾ ਦੇ ਬੇਸ ਕੈਂਪਾਂ ’ਚੋਂ ਇੱਕ ਪਹਿਲਗਾਮ ਅੱਜ ਕਸ਼ਮੀਰ ਦਾ ਸਭ ਤੋਂ ਠੰਢਾ ਇਲਾਕਾ ਰਿਹਾ, ਜਿੱਥੇ ਤਾਪਮਾਨ ਮਨਫੀ 3.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਕਿਹਾ ਕਿ ਸ਼ੁੱਕਰਵਾਰ ਤੋਂ ਮੈਦਾਨੀ ਇਲਾਕਿਆਂ ’ਚ ਮੀਂਹ ਅਤੇ ਘਾਟੀ ਦੇ ਉੱਚੇ ਇਲਾਕਿਆਂ ’ਚ ਹਲਕੀ ਬਰਫ਼ਬਾਰੀ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਕਸ਼ਮੀਰ ਘਾਟੀ ਵਿੱਚ ਰਾਤ ਦੇ ਤਾਪਮਾਨ ’ਚ ਵਾਧਾ ਹੋਇਆ ਹੈ ਪਰ ਜ਼ਿਆਦਾਤਰ ਥਾਵਾਂ ’ਤੇ ਘੱਟੋ-ਘੱਟ ਤਾਪਮਾਨ ਮਨਫੀ ਤੋਂ ਹੇਠਾਂ ਰਿਹਾ। ਸ੍ਰੀਨਗਰ ਵਿੱਚ ਘੱਟੋ-ਘੱਟ ਤਾਪਮਾਨ ਮਨਫ਼ੀ ਇੱਕ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਪਿਛਲੀ ਰਾਤ ਦੇ ਮਨਫੀ 2.1 ਡਿਗਰੀ ਸੈਲਸੀਅਸ ਨਾਲੋਂ ਵੱਧ ਹੈ। ਇਸੇ ਤਰ੍ਹਾਂ ਕਾਜ਼ੀਗੁੰਡ ਵਿੱਚ ਘੱਟੋ-ਘੱਟ ਤਾਪਮਾਨ ਮਨਫ਼ੀ 1.8, ਪਹਿਲਗਾਮ ਵਿੱਚ ਮਨਫ਼ੀ 3.4 ਅਤੇ ਕੁਪਵਾੜਾ ਵਿੱਚ ਮਨਫੀ 0.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਅਧਿਕਾਰੀਆਂ ਨੇ ਦੱਸਿਆ ਕਿ ਦੱਖਣੀ ਕਸ਼ਮੀਰ ਦਾ ਕੋਕਰਨਾਗ ਘਾਟੀ ਦਾ ਇੱਕੋ-ਇੱਕ ਇਲਾਕਾ ਸੀ, ਜਿੱਥੇ ਘੱਟੋ-ਘੱਟ ਤਾਪਮਾਨ ਮਨਫੀ ਤੋਂ ਉਪਰ 0.6 ਡਿਗਰੀ ਸੈਲਸੀਅਸ ਰਿਹਾ। ਮੌਸਮ ਵਿਭਾਗ ਨੇ ਕਿਹਾ ਕਿ ਸ਼ੁੱਕਰਵਾਰ ਸ਼ਾਮ ਤੋਂ ਜੰਮੂ ਕਸ਼ਮੀਰ ’ਤੇ ਪੱਛਮੀ ਗੜਬੜੀ ਦੇ ਪ੍ਰਭਾਵ ਪੈਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਅੱਜ ਸ਼ਾਮ ਤੋਂ ਸ਼ਨਿਚਰਵਾਰ ਸਵੇਰ ਤੱਕ ਘਾਟੀ ਦੇ ਉੱਚੇ ਇਲਾਕਿਆਂ ’ਚ ਵੱਖ-ਵੱਖ ਥਾਵਾਂ ’ਤੇ ਹਲਕੀ ਬਾਰਿਸ਼ ਜਾਂ ਬਰਫਬਾਰੀ ਦੀ ਸੰਭਾਵਨਾ ਹੈ। ਪਹਿਲੀ ਦਸੰਬਰ ਨੂੰ ਕਸ਼ਮੀਰ ’ਚ ਅੰਸ਼ਕ ਤੌਰ ’ਤੇ ਬੱਦਲਵਾਈ ਰਹੇਗੀ ਅਤੇ ਉੱਚੇ ਇਲਾਕਿਆਂ ’ਚ ਵੱਖ-ਵੱਖ ਥਾਵਾਂ ’ਤੇ ਹਲਕੀ ਬਾਰਿਸ਼ ਜਾਂ ਬਰਫਬਾਰੀ ਹੋਵੇਗੀ। 4 ਤੋਂ 7 ਦਸੰਬਰ ਤੱਕ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ, ਜਿਸ ਤੋਂ ਬਾਅਦ 8 ਦਸੰਬਰ ਨੂੰ ਵੱਖ-ਵੱਖ ਥਾਵਾਂ ’ਤੇ ਹਲਕੀ ਬਾਰਿਸ਼ ਜਾਂ ਬਰਫਬਾਰੀ ਹੋ ਸਕਦੀ ਹੈ।