ਪੰਜਾਬ ਦੇ ਕਾਲੇ ਦੌਰ ’ਚ ਮਸ਼ਾਲਾਂ ਬਾਲਣ ਵਾਲਾ ਜੱਜ ਸੀ ਕੁਲਦੀਪ ਸਿੰਘ

ਸਾਲ 1992-93 ਦੌਰਾਨ ਪੰਜਾਬ ਵਿਚ ਜ਼ੁਲਮ ਦੀ ਕਾਲ਼ੀ-ਬੋਲ਼ੀ ਹਨੇਰੀ ਵਗ ਰਹੀ ਸੀ। ਨੌਜਵਾਨਾਂ ਦਾ ਸ਼ਿਕਾਰ ਖੇਡਿਆ ਜਾ ਰਿਹਾ ਸੀ, ਜਵਾਨੀ ਵਿਚ ਪੈਰ ਧਰਦੇ ਅਨੇਕਾਂ ਨੌਜਵਾਨ ਨੂੰ ਮਾਰਿਆ ਜਾ ਰਿਹਾ ਸੀ ਅਤੇ ਕਿਸੇ ਦੀ ਅਪੀਲ-ਦਲੀਲ ਦੀ ਕੋਈ ਸੁਣਵਾਈ ਨਹੀਂ ਸੀ। ਰਾਜਸੀ, ਪ੍ਰਸ਼ਾਸਕੀ ਤੇ ਨਿਆਂਇਕ ਢਾਂਚੇ ਦਾ ਵੱਡਾ ਹਿੱਸਾ ਜਾਂ ਤਾਂ ਜ਼ੁਲਮੋ-ਸਿਤਮ ਦੇ ਇਸ ਦੌਰ ਵਿਚ ਖ਼ੁਦ ਸ਼ਾਮਲ ਸੀ ਜਾਂ ਫਿਰ ਸੁੰਨ ਹੋਇਆ ਖੜ੍ਹਾ ਸਭ ਕੁਝ ਚੁੱਪ-ਚਾਪ ਦੇਖਣ ਲਈ ਮਜਬੂਰ ਸੀ। ਸੱਚ ਅਤੇ ਨਿਆਂ ਜਿਵੇਂ ਖੰਭ ਲਾ ਕੇ ਕਿਧਰੇ ਉੱਡ ਗਿਆ ਸੀ। ਲੋਕਾਂ ਦਾ ਅਦਾਲਤਾਂ ਉੱਪਰ ਯਕੀਨ ਨਹੀਂ ਸੀ ਰਿਹਾ। ਇਸ ਕਹਿਰਵਾਨ ਝੱਖੜ ਵਿਚ ਅਚਾਨਕ ਇਕ ਰੋਸ਼ਨ-ਜ਼ਮੀਰ ਅਤੇ ਦਲੇਰ ਮਰਦ, ਜਸਟਿਸ ਕੁਲਦੀਪ ਸਿੰਘ ਰੋਸ਼ਨ-ਮਿਨਾਰ ਵਾਂਗੂੰ ਖੜ੍ਹਾ ਹੋਇਆ ਜਿਸ ਦੇ ਅਮਲ ਨਾਲ ਲੋਕਾਈ ਨੂੰ ਨਿਆਂ ਦੀ ਆਸ ਬੱਝੀ।

1993 ਦੇ ਅਖ਼ਬਾਰ ਵਿਚ ਖ਼ਬਰ ਛਪੀ ਕਿ ਪਿੰਡ ਤੂਤ ਭੰਗਾਲਾ, ਤਹਿਸੀਲ ਪੱਟੀ, (ਉਸ ਵੇਲੇ) ਜ਼ਿਲ੍ਹਾ ਅੰਮ੍ਰਿਤਸਰ ਦੇ ਦੋ ਨੌਜਵਾਨਾਂ ਨੂੰ ਥਾਣਾ ਵਲਟੋਹਾ ਦੇ ਥਾਣੇਦਾਰ ਸੀਤਾ ਰਾਮ ਵੱਲੋਂ ਖਾੜਕੂਆਂ ਨੂੰ ਪਨਾਹ ਦੇਣ ਦੇ ਝੂਠੇ ਕੇਸ ਵਿੱਚ ਚੁੱਕ ਕੇ ਉਨ੍ਹਾਂ ਦਾ ਮੁਕਾਬਲਾ ਬਣਾ ਦਿੱਤਾ ਗਿਆ ਅਤੇ ਉਨ੍ਹਾਂ ਦੀਆਂ ਲਾਸ਼ਾਂ ਦਾ ਮੁਲਾਹਜ਼ਾ ਕਰਵਾਉਣ ਲਈ ਪੱਟੀ ਦੇ ਸਰਕਾਰੀ ਹਸਪਤਾਲ ਵਿਚ ਲਿਜਾਇਆ ਗਿਆ। ਭਾਣਾ ਇਉਂ ਵਾਪਰਿਆ ਕਿ ਉਨਾਂ ਦੋ ਨੌਜਵਾਨਾਂ ਵਿੱਚੋਂ ਇਕ ਅਜੇ ਸਹਿਕਦਾ ਸੀ ਅਤੇ ਉੱਥੇ ਹੀ ਉਨ੍ਹਾਂ ਦੇ ਪਿੰਡਾਂ ਵੱਲ ਦੀ ਇਕ ਨੇਕ-ਦਿਲ ਬੀਬੀ ਨਰਸ ਵਜੋਂ ਸੇਵਾਵਾਂ ਨਿਭਾ ਰਹੀ ਸੀ। ਜਦੋਂ ਹੀ ਉਸ ਨੂੰ ਪਤਾ ਲੱਗਾ ਕਿ ਇਨ੍ਹਾਂ ਵਿੱਚੋਂ ਇੱਕ ਨੌਜਵਾਨ ਅਜੇ ਜ਼ਿੰਦਾ ਹੈ ਤਾਂ ਉਸ ਨੇ ਮੁੱਢਲਾ ਇਲਾਜ ਕਰਨ ਤੋਂ ਤੁਰੰਤ ਬਾਅਦ ਛੇਤੀ ਨਾਲ ਜਾ ਕੇ ਆਪਣੇ ਸਹੁਰਾ ਸਾਹਿਬ ਨੂੰ ਉਸ ਨੌਜਵਾਨ ਦੇ ਜ਼ਿੰਦਾ ਹੋਣ ਬਾਰੇ ਦੱਸਿਆ। ਇਸ ਨਾਲ ਜਲਦੀ ਹੀ ਲੋਕ ਇਕੱਠੇ ਹੋ ਕੇ ਪੱਟੀ ਹਸਪਤਾਲ ਵਿਖੇ ਪਹੁੰਚ ਗਏ। ਲਾਸ਼ਾਂ ਦੀ ਰਾਖੀ ਲਈ ਬਿਠਾਏ ਹੋਏ ਸਿਪਾਹੀ ਨੇ ਦੌੜ ਕੇ ਥਾਣੇ ਖ਼ਬਰ ਜਾ ਪਹੁੰਚਾਈ ਅਤੇ ਲੋਕਾਂ ਦੇ ਇਕੱਠੇ ਹੋਣ ਸਬੰਧੀ ਸਾਰੀ ਵਾਰਤਾ ਦੱਸ ਦਿੱਤੀ। ਲੋਹਾ-ਲਾਖਾ ਹੋਇਆ ਥਾਣੇਦਾਰ ਉਸੇ ਵੇਲੇ ਹਸਪਤਾਲ ਪਹੁੰਚਿਆ ਅਤੇ ਉਸ ਜ਼ਿੰਦਾ ਨੌਜਵਾਨ ਦਾ ਹੋਰ ਕਿਤਿਉਂ ਇਲਾਜ ਕਰਵਾਉਣ ਦਾ ਆਖ ਕੇ ਜ਼ਬਰਦਸਤੀ ਚੁੱਕ ਕੇ ਲੈ ਗਿਆ ਅਤੇ ਛੇਤੀ ਹੀ ਉਸ ਦੇ ਸਿਰ ਵਿੱਚ ਗੋਲ਼ੀ ਮਾਰ ਕੇ ਵਾਪਸ ਲੈ ਆਇਆ ਅਤੇ ਆਖਿਆ ਕਿ ਇਹ ਇਲਾਜ ਲਈ ਲਿਜਾਂਦਿਆਂ ਰਾਹ ਵਿਚ ਪ੍ਰਾਣ ਤਿਆਗ ਗਿਆ ਸੀ। ਲੋਕ ਵੱਡੀ ਗਿਣਤੀ ਵਿਚ ਜਮ੍ਹਾ ਹੋ ਚੁੱਕੇ ਸਨ ਅਤੇ ਉਨਾਂ ਨੇ ਆਪਣੀਆਂ ਅੱਖਾਂ ਸਾਹਮਣੇ ਥਾਣੇਦਾਰ ਵੱਲੋਂ ਉਸ ਨੌਜਵਾਨ ਨੂੰ ਚੁੱਕ ਕੇ ਲਿਜਾਂਦਿਆਂ ਦੇਖਿਆ ਸੀ। ਇਸ ਲਈ ਇਹ ਜ਼ੁਲਮ ਲੁਕਿਆ ਨਹੀਂ ਸੀ ਰਹਿ ਸਕਦਾ।

ਜਬਰ ਅਤੇ ਜ਼ੁਲਮ ਦੇ ਇਸ ਕਾਰੇ ਨੇ ਅਖ਼ਬਾਰਾਂ ਦੇ ਪੱਤਰਕਾਰਾਂ ਦੇ ਦਿਲ ਵੀ ਪਸੀਜ ਦਿੱਤੇ ਅਤੇ ਉਨ੍ਹਾਂ ਨੇ ਸਾਰੀ ਘਟਨਾ ਸਬੰਧੀ ਖ਼ਬਰ ਛਾਪ ਦਿੱਤੀ। ਜਸਟਿਸ ਕੁਲਦੀਪ ਸਿੰਘ ਨੇ ਜਦੋਂ ਅੰਗਰੇਜ਼ੀ ਅਖ਼ਬਾਰ ਵਿਚ ਛਪੀ ਉਹ ਖ਼ਬਰ ਪੜ੍ਹੀ ਤਾਂ ਇਸ ਕੇਸ ਸਬੰਧੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਪਾਸੋਂ ਰਿਪੋਰਟ ਤਲਬ ਕੀਤੀ। ਉਹ 1988 ਤੋਂ ਸੁਪਰੀਮ ਕੋਰਟ ਵਿਖੇ ਜੱਜ ਵਜੋਂ ਸੇਵਾਵਾਂ ਨਿਭਾ ਰਹੇ ਸਨ। “ਸੋ ਡਰੈ ਜਿ ਪਾਪ ਕਮਾਵਦਾ ਧਰਮੀ ਵਿਗਸੇਤੁ ਤੂੰ ਸਚਾ ਆਪਿ ਨਿਆਉ ਸਚੁ ਤਾ ਡਰੀਐ ਕੇਤੁ(ਅੰਗ 84)” ਦੇ ਮਹਾਂ ਵਾਕ ਨੂੰ ਪ੍ਰਣਾਏ ਹੋਏ ਉਹ ਇਸ ਦ੍ਰਿਸ਼ਟੀ ਦੇ ਮਾਲਕ ਸਨ ਕਿ ਜਦੋਂ ਕਾਰਜਪਾਲਿਕਾ ਅਤੇ ਵਿਧਾਨਪਾਲਿਕਾ ਆਪਣਾ ਕੰਮ ਠੀਕ ਤਰੀਕੇ ਨਾਲ ਨਾ ਕਰ ਰਹੇ ਹੋਣ ਤਾਂ ਅਦਾਲਤਾਂ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਨਿਆਂ ਲਈ ਆਪਣਾ ਇਤਿਹਾਸਕ ਦਖ਼ਲ ਦੇਣ। ਜਸਟਿਸ ਕੁਲਦੀਪ ਸਿੰਘ ਵੱਲੋਂ ਰਿਪੋਰਟ ਤਲਬ ਕੀਤੇ ਜਾਣ ਤੋਂ ਬਾਅਦ ਹਾਈ ਕੋਰਟ ਵੱਲੋਂ ਸੈਸ਼ਨ ਜੱਜ ਦੀ ਜ਼ਿੰਮੇਵਾਰੀ ਨਿਸ਼ਚਤ ਕੀਤੀ ਗਈ ਅਤੇ ਸੈਸ਼ਨ ਜੱਜ ਨੇ ਨਿੱਜੀ ਤੌਰ ’ਤੇ ਥਾਣੇ ਜਾ ਕੇ ਰਿਕਾਰਡ ਜ਼ਬਤ ਕੀਤਾ ਤੇ ਕਾਨੂੰਨੀ ਪ੍ਰਕਿਰਿਆ ਨੂੰ ਪੂਰਾ ਕਰਦਿਆਂ ਰਿਪੋਰਟ ਤਿਆਰ ਕੀਤੀ। ਇਸ ਰਿਪੋਰਟ ਦੇ ਆਧਾਰ ’ਤੇ ਜਸਟਿਸ ਕੁਲਦੀਪ ਸਿੰਘ ਨੇ ਸੀਬੀਆਈ ਨੂੰ ਥਾਣੇਦਾਰ ਖ਼ਿਲਾਫ਼ ਪੜਤਾਲ ਕਰਨ ਦੀ ਹਦਾਇਤ ਜਾਰੀ ਕੀਤੀ। ਸੀਬੀਆਈ ਦੇ ਅਫ਼ਸਰ ਜਸਟਿਸ ਕੁਲਦੀਪ ਸਿੰਘ ਦੀ ਬੱਬਰ ਸ਼ੇਰ ਵਾਲੀ ਦਹਾੜ ਤੋਂ ਵਾਕਫ਼ ਸਨ। ਇਸ ਲਈ ਉਨ੍ਹਾਂ ਨੇ ਨਿਆਂ ਪੂਰਨ ਪੜਤਾਲ ਕੀਤੀ। ਇਸ ਪੜਤਾਲ ਵਿਚ ਥਾਣੇਦਾਰ ਸੀਤਾ ਰਾਮ ਦੋਸ਼ੀ ਪਾਇਆ ਗਿਆ ਤੇ ਉਸ ਉੱਪਰ ਮੁਕੱਦਮਾ ਚੱਲਿਆ। ਬਾਅਦ ਵਿਚ ਉਸ ਕੇਸ ਵਿਚ ਜਸਟਿਸ ਜੋਰਾ ਸਿੰਘ ਦੀ ਅਦਾਲਤ ਵੱਲੋਂ ਥਾਣੇਦਾਰ ਸੀਤਾ ਰਾਮ ਨੂੰ 20 ਸਾਲ ਦੀ ਕੈਦ ਹੋਈ। ਪੰਜਾਬ ਵਿਚ ਲੰਬਾ ਸਮਾਂ ਲੋਕਾਂ ਲਈ ਨਿਆਂ ਦੇ ਦਰਵਾਜ਼ੇ ਬੰਦ ਰਹੇ ਸਨ ਜਿਸ ਕਾਰਨ ਲੋਕ ਹੁਣ ਕੇਵਲ ਅਕਾਲ ਪੁਰਖ ਅੱਗੇ ਹੀ ਫਰਿਆਦ ਕਰਦੇ ਸਨ ਅਤੇ ਅਦਾਲਤਾਂ ’ਤੇ ਉਨ੍ਹਾਂ ਦਾ ਕੋਈ ਯਕੀਨ ਨਹੀਂ ਸੀ ਰਿਹਾ। ਇਕ ਲੰਮੇ ਜ਼ੁਲਮੀ ਦੌਰ ਤੋਂ ਬਾਅਦ ਪਹਿਲੀ ਵਾਰ ਕਿਸੇ ਜ਼ਾਲਮ ਨੂੰ ਕਟਹਿਰੇ ਵਿਚ ਖੜ੍ਹਾ ਕੀਤਾ ਗਿਆ ਸੀ ਤੇ ਉਸ ਨੂੰ ਕੀਤੇ ਗਏ ਜ਼ੁਲਮ ਦੀ ਸਜ਼ਾ ਮਿਲੀ ਸੀ। ਭਾਰਤੀ ਅਦਾਲਤ ਨੇ ਆਪਣੇ ਹੀ ਕਿਸੇ ਵਰਦੀਧਾਰੀ ਕਰਿੰਦੇ ਨੂੰ ਉਸ ਵੱਲੋਂ ਕੀਤੇ ਜ਼ੁਲਮ ਦੀ ਸਜ਼ਾ ਦਿੱਤੀ ਸੀ। ਇਸ ਨਿਆਂਕਾਰੀ ਅਮਲ ਨਾਲ ਸੀਤਾ ਰਾਮ ਅਤੇ ਉਸ ਵਰਗੇ ਹੋਰ ਅਫ਼ਸਰਾਂ ਦੇ ਜ਼ੁਲਮ ਦਾ ਸ਼ਿਕਾਰ ਹੋਏ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੀ ਤੇ ਪੁਲਿਸ ਵੱਲੋਂ ਝੂਠੇ ਮੁਕਾਬਲਿਆਂ ਵਿਚ ਮਾਰੇ ਗਏ ਨੌਜਵਾਨਾਂ ਦਾ ਨਿਆਂ ਪ੍ਰਾਪਤ ਕਰਨ ਦਾ ਰਸਤਾ ਖੁੱਲ੍ਹਿਆ ਅਤੇ ਲੋਕਾਂ ਦਾ ਅਦਾਲਤਾਂ ਵਿਚ ਵਿਸ਼ਵਾਸ ਬਹਾਲ ਹੋਇਆ। ਜਸਟਿਸ ਕੁਲਦੀਪ ਸਿੰਘ ਦੀ ਦਲੇਰ, ਨਿਆਂਕਾਰ ਅਤੇ ਦ੍ਰਿੜ੍ਹ ਸ਼ਖ਼ਸੀਅਤ ਕਾਰਨ ਹੀ ਇਹ ਸੰਭਵ ਹੋ ਸਕਿਆ। ਵਡੀ ਵਡਿਆਈ ਜਾ ਸਚੁ ਨਿਆਉ (ਅੰਗ 463) ਦਾ ਗੁਰਵਾਕ ਜਸਟਿਸ ਕੁਲਦੀਪ ਸਿੰਘ ਦੀ ਪ੍ਰੇਰਨਾ ਬਣਿਆ ਤੇ ਉਨ੍ਹਾਂ ਨੇ ਆਪਣੇ ਅਹੁਦੇ ਦੀ ਪਰਵਾਹ ਨਾ ਕਰਦਿਆਂ ਹੋਇਆਂ ਹਰਿ ਕੀ ਵਡਿਆਈ ਵਡੀ ਹੈ ਜਾ ਨਿਆਉ ਹੈ ਧਰਮ ਕਾ (ਅੰਕ 84) ਗੁਰਵਾਕ ਤੋਂ ਸੇਧ ਲਈ ਅਤੇ ਬੇਪਰਵਾਹ ਹੋ ਕੇ ਉਸ ਵੇਲੇ ਨਿਆਂ ਮੁਹੱਈਆ ਕੀਤਾ ਅਤੇ ਕਰਵਾਇਆ ਜਿਸ ਵੇਲੇ ਹਿੰਦੁਸਤਾਨ ਵਿਚ ਸਿੱਖਾਂ ਦੀ ਬਾਂਹ ਫੜਨ ਵਾਲਾ ਕੋਈ ਨਹੀਂ ਸੀ।

ਅਕਾਲ ਪੁਰਖ ਦੀ ਬਖ਼ਸ਼ਿਸ਼ ਨਾਲ ਜਸਟਿਸ ਕੁਲਦੀਪ ਸਿੰਘ ਦੀ ਸ਼ਖ਼ਸੀਅਤ ਸਿੱਖੀ ਦੇ ਅਹਿਸਾਸ ਨਾਲ ਭਰਪੂਰ ਸੀ। ਸੇਵਾ ਮੁਕਤੀ ਤੋਂ ਬਾਅਦ ਉਨ੍ਹਾਂ ਨੂੰ ਭਾਰਤ ਦੇ ਰਾਸ਼ਟਰਪਤੀ ਵੱਲੋਂ ਹੱਦਬੰਦੀ ਕਮਿਸ਼ਨ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ। ਇਸ ਦੌਰਾਨ ਆਪ ਜੀ ਨੇ ਪੰਜਾਬ ਦੇ ਵੱਖ-ਵੱਖ ਅਸੈਂਬਲੀ ਅਤੇ ਪਾਰਲੀਮੈਂਟਰੀ ਹਲਕਿਆਂ ਦੇ ਨਾਮ ਗੁਰੂ ਸਾਹਿਬ ਦੀ ਚਰਨ-ਛੋਹ ਪ੍ਰਾਪਤ ਸ਼ਹਿਰਾਂ ਅਤੇ ਕਸਬਿਆਂ ਵਜੋਂ ਨਿਰਧਾਰਤ ਕੀਤੇ ਜਿਵੇਂ ਵਿਧਾਨ ਸਭਾ ਹਲਕਾ ਨੰਗਲ ਤੋਂ ਅਨੰਦਪੁਰ ਸਾਹਿਬ, ਧਾਰੀਵਾਲ ਤੋਂ ਡੇਰਾ ਬਾਬਾ ਨਾਨਕ, ਬਿਆਸ ਤੋਂ ਬਾਬਾ ਬਕਾਲਾ ਸਾਹਿਬ ਕੀਤਾ ਗਿਆ। ਇਸੇ ਤਰ੍ਹਾਂ ਪਾਰਲੀਮੈਂਟਰੀ ਹਲਕਿਆਂ ਦੇ ਨਾਮ ਖਡੂਰ ਸਾਹਿਬ, ਫਤਿਹਗੜ੍ਹ ਸਾਹਿਬ, ਅਨੰਦਪੁਰ ਸਾਹਿਬ ਅਤੇ ਪਟਨਾ ਸਾਹਿਬ ਆਦਿ ਨਿਰਧਾਰਤ ਕੀਤੇ ਗਏ।

ਜਸਟਿਸ ਕੁਲਦੀਪ ਸਿੰਘ ਨੂੰ ਉਨ੍ਹਾਂ ਦੇ ਹੱਥਕੜੀ, ਟੈਲੀਫੋਨ ਟੈਪਿੰਗ, ਯੂਨੀਫਾਰਮ ਸਿਵਲ ਕੋਡ, ਬਾਲ ਮਜ਼ਦੂਰੀ ਤੇ ਵਾਤਾਵਰਨ ਨੂੰ ਸਾਫ਼ ਰੱਖਣ ਸਬੰਧੀ ਕੀਤੇ ਗਏ ਫ਼ੈਸਲਿਆਂ ਲਈ ਸਦਾ ਯਾਦ ਕੀਤਾ ਜਾਂਦਾ ਰਹੇਗਾ। ਉਨ੍ਹਾਂ ਨੇ ਜਨਤਕ ਹਿੱਤ ਪਟੀਸ਼ਨ ਨੂੰ ਸਮਰੱਥ ਕੀਤਾ ਅਤੇ ਜਨਤਕ ਹਿੱਤ ਪਟੀਸ਼ਨ ਦਾਇਰ ਕਰਨ ਅਤੇ ਇਸ ਰਾਹੀਂ ਨਿਆਂ ਪ੍ਰਾਪਤ ਕਰਨ ਲਈ ਉੱਚਿਤ ਮਾਹੌਲ ਸਿਰਜਿਆ। ਉਨ੍ਹਾਂ ਨੇ ਭਾਰਤੀ ਨਿਆਂ ਪ੍ਰਣਾਲੀ ਅਤੇ ਜੱਜਾਂ ਨੂੰ ਇਕ ਨਵੀਂ ਦਿਸ਼ਾ ਦਿੱਤੀ। ਗੁਰੂ ਸਾਹਿਬਾਨ ਵੱਲੋਂ ਦਿਖਾਏ ਰਸਤੇ ’ਤੇ ਚੱਲਦਿਆਂ ਉਨ੍ਹਾਂ ਨੇ ਭਾਰਤੀ ਜੱਜਾਂ ਲਈ ਮਿਸਾਲ ਪੇਸ਼ ਕੀਤੀ ਕਿ ਉਹ ਹਕੂਮਤਾਂ ਦੇ ਜਬਰ ਅੱਗੇ ਨਾ ਝੁਕਦਿਆਂ ਮਨੁੱਖੀ ਹੱਕਾਂ, ਮਨੁੱਖਤਾ ਦੀ ਸੇਵਾ ਅਤੇ ਵਾਤਾਵਰਨ ਦੇ ਬਚਾਅ ਲਈ ਆਪਣੀ ਭੂਮਿਕਾ ਅਦਾ ਕਰ ਸਕਦੇ ਹਨ।

ਉਨ੍ਹਾਂ ਨੇ ਭਾਰਤੀ ਅਦਾਲਤਾਂ ਵਿਚ ਹਰਿਆਵਲ ਦੀ ਲਹਿਰ ਚਲਾਈ ਜਿਸ ਕਾਰਨ ਉਨ੍ਹਾਂ ਨੂੰ ਗਰੀਨ ਜੱਜ ਵਜੋਂ ਸਦਾ ਯਾਦ ਕੀਤਾ ਜਾਂਦਾ ਰਹੇਗਾ। ਗੁਰਬਾਣੀ ਅਤੇ ਗੁਰ-ਇਤਿਹਾਸ ਨੇ ਜਸਟਿਸ ਕੁਲਦੀਪ ਸਿੰਘ ਦੀ ਸ਼ਖ਼ਸੀਅਤ ਵਿਚ ਮਨੁੱਖਤਾ ਦੀ ਸੇਵਾ ਲਈ ਸਮਰਪਣ ਪੈਦਾ ਕਰ ਦਿੱਤਾ ਸੀ। ਉਨ੍ਹਾਂ ਨੇ ਸਾਰੀ ਜ਼ਿੰਦਗੀ ਇਸ ਧਰਤੀ ਨੂੰ ਮਨੁੱਖਤਾ ਦੇ ਰਹਿਣ ਯੋਗ ਬਣਾਉਣ ਲਈ ਯਤਨ ਕੀਤੇ। ਇਸੇ ਦਿਸ਼ਾ ਵਿਚ ਉਨ੍ਹਾਂ ਵੱਲੋਂ ਮਨੁੱਖਤਾ ਦੇ ਰਹਿਣ ਲਈ ਮੁੱਢਲੀ ਲੋੜ ਵਜੋਂ ਵਾਤਾਵਰਨ ਨੂੰ ਤਵੱਜੋਂ ਦਿੱਤੀ ਗਈ। ਦਰਿਆ ਜਮੁਨਾ ਦੀ ਸਫ਼ਾਈ ਲਈ ਸੀਵੇਜ ਪਲਾਂਟ ਲਗਾਉਣ ਤੇ ਦਿੱਲੀ ਸ਼ਹਿਰ ’ਚੋਂ ਪ੍ਰਦੂਸ਼ਣ ਪੈਦਾ ਕਰਨ ਵਾਲੀਆਂ ਫੈਕਟਰੀਆਂ ਨੂੰ ਬਾਹਰ ਕੱਢਣ ਸਬੰਧੀ ਉਨ੍ਹਾਂ ਵੱਲੋਂ ਬਹੁਤ ਸਖ਼ਤੀ ਨਾਲ ਪੈਰਵੀ ਕੀਤੀ ਗਈ ਅਤੇ ਨਿੱਜੀ ਰੁਚੀ ਨਾਲ ਉਨ੍ਹਾਂ ਦਿੱਲੀ ਸ਼ਹਿਰ ਵਿੱਚੋਂ ਪ੍ਰਦੂਸ਼ਣ ਦੇ ਖ਼ਾਤਮੇ ਲਈ ਕਦਮ ਚੁੱਕੇ। ਤਾਜ ਮਹਿਲ ਦੇ ਪੱਥਰ ਨੂੰ ਵਾਤਾਵਰਨ ਵਿਚਲੇ ਤੇਜ਼ਾਬੀ ਮਾਦੇ ਰਾਹੀਂ ਪਹੁੰਚ ਰਹੇ ਨੁਕਸਾਨ ਨੂੰ ਰੋਕਣ ਵਾਲਾ ਫ਼ੈਸਲਾ ਉਨ੍ਹਾਂ ਵੱਲੋਂ ਆਪਣੀ ਸੇਵਾ ਮੁਕਤੀ ਵਾਲੇ ਦਿਨ ਕੀਤਾ ਗਿਆ।

ਵਾਤਾਵਰਨ ਲਈ ਕੀਤੇ ਗਏ ਉਨ੍ਹਾਂ ਦੇ ਕਾਰਜਾਂ ਨੂੰ ਜਿੱਥੇ ਭਾਰਤ ਦੀਆਂ ਵੱਖ-ਵੱਖ ਸੰਸਥਾਵਾਂ ਵੱਲੋਂ ਮਾਨਤਾ ਦਿੱਤੀ ਗਈ ਉੱਥੇ ਇੰਟਰਨੈਸ਼ਨਲ ਬਾਰ ਐਸੋਸੀਏਸ਼ਨ ਵੱਲੋਂ ਸਨਮਾਨਤ ਕੀਤਾ ਗਿਆ। ਸੰਨ 1997 ਵਿਚ ਉਨ੍ਹਾਂ ਨੂੰ ਸਨਮਾਨਤ ਕਰਦਿਆਂ ਅੰਤਰਰਾਸ਼ਟਰੀ ਬਾਰ ਐਸੋਸੀਏਸ਼ਨ ਨੇ ਸਲੂਟ ਪੇਸ਼ ਕੀਤਾ। ਵਿਸ਼ਵ ਪੱਧਰ ’ਤੇ ਇਹ ਇਕ ਬਹੁਤ ਵੱਡਾ ਸਨਮਾਨ ਹੈ। ਨੈਲਸਨ ਮੰਡੇਲਾ ਤੋਂ ਬਾਅਦ ਜਸਟਿਸ ਕੁਲਦੀਪ ਸਿੰਘ ਵਿਸ਼ਵ ਭਰ ਵਿਚ ਦੂਜੇ ਅਤੇ ਏਸ਼ੀਆ ਵਿਚ ਪਹਿਲੇ ਵਿਅਕਤੀ ਸਨ ਜਿਨ੍ਹਾਂ ਨੂੰ ਅੰਤਰਰਾਸ਼ਟਰੀ ਬਾਰ ਐਸੋਸੀਏਸ਼ਨ ਵੱਲੋਂ ਇਹ ਸਨਮਾਨ ਦਿੱਤਾ ਗਿਆ। ਆਈਬੀਏ ਦੇ ਪ੍ਰਧਾਨ ਡੇਸਮੋਂਡ ਫਰਨਾਂਡੋ ਨੇ ਜਸਟਿਸ ਕੁਲਦੀਪ ਸਿੰਘ ਨੂੰ ਸਨਮਾਨ ਪੇਸ਼ ਕਰਦਿਆਂ ਕਿਹਾ ਕਿ ਅਸੀਂ “ਆਸ ਕਰਦੇ ਹਾਂ ਕਿ ਭਾਰਤ ਦੇ ਹੋਰ ਜੱਜ ਵੀ ਇਨ੍ਹਾਂ ਦੇ ਫ਼ੈਸਲਿਆਂ ਤੋਂ ਸੇਧ ਲੈਣਗੇ ਤੇ ਇਨ੍ਹਾਂ ਵਾਂਗੂੰ ਦਲੇਰ ਫ਼ੈਸਲੇ ਲੈਣਗੇ”।

ਜਸਟਿਸ ਕੁਲਦੀਪ ਸਿੰਘ ਉਨ੍ਹਾਂ ਚੋਣਵੇਂ, ਸ਼ਰਧਾਵਾਨ ਸਿੱਖਾਂ ਵਿਚ ਸ਼ਾਮਲ ਹਨ ਜਿਨ੍ਹਾਂ ਨੇ ਵਰਤਮਾਨ ਇਤਿਹਾਸ ਵਿਚ ਆਪਣੇ ਅਮਲ ਰਾਹੀਂ ਖ਼ਾਲਸਾ ਜੀ ਦੇ ਮਾਣ-ਮਰਤਬੇ ਵਿਚ ਵਾਧਾ ਕੀਤਾ। ਇਸ ਲਈ ਉਨ੍ਹਾਂ ਵੱਲੋਂ ਨਿਆਂ ਅਤੇ ਮਨੁੱਖਤਾ ਦੀ ਸੇਵਾ ਲਈ ਨਿਭਾਈ ਗਈ ਯਾਦਗਾਰੀ ਭੂਮਿਕਾ ਨੂੰ ਅਕੀਦਤ ਭੇਟ ਕਰਦਿਆਂ ਦਾਸ ਵੱਲੋਂ ਨਿਮਰਤਾ ਸਹਿਤ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅਤੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੇਨਤੀ ਹੈ ਕਿ ਜਸਟਿਸ ਕੁਲਦੀਪ ਸਿੰਘ ਵੱਲੋਂ ਸਿੱਖ ਨੌਜਵਾਨਾਂ ਦੇ ਘਾਣ ਨੂੰ ਰੋਕਣ ਤੇ ਮਨੁੱਖਤਾ ਦੀ ਭਲਾਈ ਲਈ ਨਿਭਾਈਆਂ ਸੇਵਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਖ਼ਾਲਸਾ ਪੰਥ ਦੀਆਂ ਰਵਾਇਤਾਂ ਅਨੁਸਾਰ ਅਕਾਲ ਤਖ਼ਤ ਸਾਹਿਬ ਤੋਂ ਸਨਮਾਨਤ ਕੀਤਾ ਜਾਵੇ ਤੇ ਉਨ੍ਹਾਂ ਦੀ ਤਸਵੀਰ ਕੇਂਦਰੀ ਸਿੱਖ ਅਜਾਇਬਘਰ ਵਿਚ ਸੁਸ਼ੋਭਿਤ ਕੀਤੀ ਜਾਵੇ ਤਾਂ ਕਿ ਸਿੱਖ ਬੱਚਿਆਂ ਤੇ ਲੋਕਾਈ ਨੂੰ ਉੱਥੋਂ ਸਦੀਵੀ ਤੌਰ ’ਤੇ ਪ੍ਰੇਰਨਾ ਮਿਲਦੀ ਰਹੇ।