ਪ੍ਰਤਾਪ ਸਿੰਘ ਬਾਜਵਾ ਦਾ ਭਗਵੰਤ ਮਾਨ ‘ਤੇ ਤਿੱਖਾ ਤਨਜ਼

ਬਰਨਾਲਾ- ਸਰਕਾਰੀ ਸੇਵਾਵਾਂ ਰਾਹੀਂ ਪੰਜਾਬ ਸਰਕਾਰ ਜਲਦੀ ਹੀ ਨਵੇਂ ਚਾਰਜ਼ ਲਗਾ ਕੇ ਲੋਕਾਂ ਦੀਆਂ ਜੇਬਾਂ ’ਤੇ ਹੋਰ ਵਾਧੂ ਬੋਝ ਪਾਵੇਗੀ, ਲੋਕ ਇਸ ਨਵੇਂ ਬਦਲਾਅ ਦੀ ਨੀਤੀ ਤੋਂ ਹੋਰ ਡਾਢੇ ਦੁਖੀ ਹੋਣਗੇ। ਇਹ ਸ਼ਬਦ ਬਰਨਾਲਾ ਤੋਂ ਜ਼ਿਮਨੀ ਚੋਣ ਜਿੱਤੇ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਵਲੋਂ ਇਕ ਨਿੱਜੀ ਪੈਲੇਸ ’ਚ ਹਲਕੇ ਦੇ ਆਗੂਆਂ ਤੇ ਵਰਕਰਾਂ ਲਈ ਰੱਖੀ ਪਾਰਟੀ ’ਚ ਸ਼ਾਮਲ ਹੋਏ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਹੇ। ਉਨ੍ਹਾਂ ਕਿਹਾ ਕਿ ਫ਼ੰਡਾਂ ਦੀ ਕਮੀ ਨਾਲ ਜੂਝ ਰਹੀ ‘ਆਪ’ ਸਰਕਾਰ ਆਪਣੀ ਆਮਦਨ ਵਧਾਉਣ ਲਈ ਲੋਕਾਂ ਨੂੰ ਵੱਖ-ਵੱਖ ਵਿਭਾਗਾਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਵੱਖ-ਵੱਖ ਸੇਵਾਵਾਂ ਦੇ ਚਾਰਜ ਵਧਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ, ਜਿਸ ਤਹਿਤ ਉਪਭੋਗਤਾ ਦੇ ਖ਼ਰਚੇ 10 ਤੋਂ 50 ਫ਼ੀਸਦੀ ਤੱਕ ਵਧ ਸਕਦੇ ਹਨ ਤੇ ਕੁਝ ਸੇਵਾਵਾਂ ਦੇ ਚਾਰਜ਼ 100 ਫ਼ੀਸਦੀ ਤੱਕ ਵੀ ਵਧਾਉਣ ਦੀ ਚਰਚਾ ਹੈ। ਸਰਕਾਰ ਪਹਿਲਾਂ ਹੀ ਸੇਵਾਵਾਂ ਦੇ ਖ਼ਰਚਿਆਂ ਦੀ ਸਮੀਖਿਆ ਕਰਨ ਲਈ ਮਾਲ, ਸਥਾਨਕ ਸਰਕਾਰਾਂ, ਸਿਹਤ, ਪੁਲਿਸ ਤੇ ਟਰਾਂਸਪੋਰਟ ਵਿਭਾਗਾਂ ਨਾਲ ਸਲਾਹ-ਮਸ਼ਵਰਾ ਕਰ ਚੁੱਕੀ ਹੈ। ਅਜਿਹਾ ਲੱਗਦਾ ਹੈ ਕਿ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਪੰਜਾਬ ਦਾ ਵਿੱਤ ਮੰਤਰਾਲਾ ਆਪਣੇ ਹੋਸ਼ ਗੁਆ ਬੈਠਾ ਹੈ ਤੇ ਨਵੇਂ ਨਿਯੁਕਤ ਵਿੱਤੀ ਸਲਾਹਕਾਰਾਂ ਅਰਬਿੰਦ ਮੋਦੀ ਤੇ ਸੇਬਾਸਟੀਅਨ ਜੇਮਜ਼ ਨੇ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ, ਜਿਨ੍ਹਾਂ ਦੀਆਂ ਸਿਫ਼ਾਰਸ਼ਾਂ ‘ਤੇ ਚੱਲਦਿਆਂ ‘ਆਪ’ ਸਰਕਾਰ ਪੰਜਾਬ ਦੇ ਲੋਕਾਂ ਦੀਆਂ ਜੇਬਾਂ ਨੂੰ ਖੋਰਾ ਲਾਉਣ ‘ਤੇ ਤੁਲੀ ਹੋਈ ਹੈ। ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਉਹ ਵਿਗੜਦੀ ਵਿੱਤੀ ਸਥਿਤੀ ਨੂੰ ਸੁਧਾਰਨ ‘ਚ ਅਸਫ਼ਲ ਰਹੀ ਹੈ। ਇਸ ਮੌਕੇ ਪੰਜਾਬ ਦੇ ਸਾਬਕਾ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਵਿਜੇਇੰਦਰ ਸਿੰਗਲਾ, ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ, ਕਾਂਗਰਸ ਕਿਸਾਨ ਸੈੱਲ ਦੇ ਸੂਬਾ ਮੀਤ ਪ੍ਰਧਾਨ ਧੰਨਾ ਸਿੰਘ ਗਰੇਵਾਲ, ਬਲਾਕ ਸ਼ਹਿਰੀ ਪ੍ਰਧਾਨ ਮਹੇਸ਼ ਕੁਮਾਰ ਲੋਟਾ, ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਮੱਖਣ ਸ਼ਰਮਾ, ਸੀਨੀਅਰ ਕਾਂਗਰਸੀ ਆਗੂ ਨਰਿੰਦਰ ਸ਼ਰਮਾ, ਜਸਮੇਲ ਸਿੰਘ ਡੇਅਰੀਵਾਲਾ, ਵਰੁਣ ਬੱਤਾ, ਗਿਰਧਰ ਮਿੱਤਲ, ਰੋਬਿਨ ਖੀਪਲ ਸਣੇ ਵੱਡੀ ਗਿਣਤੀ ’ਚ ਹਲਕੇ ਦੇ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।