ਸਾਹਮਣੇ ਆਈ ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਦੀ ਤਸਵੀਰ

ਸੋਨੀਪਤ-ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਦੀ ਤਸਵੀਰ ਸਾਹਮਣੇ ਆ ਗਈ ਹੈ। ਰਿਸਰਚ ਡਿਜ਼ਾਈਨ ਐਂਡ ਸਟੈਂਡਰਡ ਆਰਗੇਨਾਈਜ਼ੇਸ਼ਨ (ਆਰਡੀਐੱਸਓ) ਨੇ ਇਸਦਾ ਮਾਡਲ ਟ੍ਰੇਨਸੈੱਟ ਨੂੰ ਲਾਂਚ ਕਰ ਦਿੱਤਾ ਹੈ। ਆਧੁਨਿਕ ਸਹੂਲਤਾਂ ਨਾਲ ਭਰਪੂਰ ਇਹ ਟ੍ਰੇਨ ਚੇਨਈ ਸਥਿਤ ਇੰਟੀਗ੍ਰਲ ਕੋਚ ਫੈਕਟਰੀ ’ਚ ਬਣ ਰਹੀ ਹੈ ਤੇ ਅਗਲੇ ਸਾਲ ਮਾਰਚ ਤੱਕ ਸੋਨੀਪਤ-ਜੀਂਦ ਰੇਲਵੇ ਲਾਈਨ ’ਤੇ ਇਸਦਾ ਟਰਾਇਲ ਵੀ ਸ਼ੁਰੂ ਹੋ ਜਾਏਗਾ।

ਰੇਲਵੇ ਅਧਿਕਾਰੀਆਂ ਮੁਤਾਬਕ, ਹਾਈਡ੍ਰੋਜਨ ਨਾਲ ਚੱਲਣ ਵਾਲੀ ਟ੍ਰੇਨ ਦੇ ਟਰਾਇਲ ਲਈ ਜੀਂਦ-ਸੋਨੀਪਤ ਰੂਟ ਨੂੰ ਖ਼ਾਸ ਕਾਰਨਾਂ ਕਰ ਕੇ ਚੁਣਿਆ ਗਿਆ ਹੈ। ਇਹ ਦਿੱਲੀ ਦੇ ਨਜ਼ਦੀਕ ਸਭ ਤੋਂ ਨਵਾਂ ਮਾਰਗ ਹੈ ਤੇ ਬੁਨਿਆਦੀ ਢਾਂਚਾ ਬਿਹਤਰ ਹੋਣ ਦੇ ਨਾਲ ਟ੍ਰੇਨ ਆਵਾਜਾਈ ਵੀ ਘੱਟ ਹੈ। ਇੱਥੇ ਸੀਐੱਨਜੀ ਨਾਲ ਚੱਲਣ ਵਾਲੀ ਲੋਕੋ ਦੇ ਨਾਲ ਟ੍ਰੇਨਾਂ ਦਾ ਸਫਲ ਟਰਾਇਲ ਹੋ ਚੁੱਕਾ ਹੈ। ਇਸੇ ਕਾਰਨ ਹਾਈਡ੍ਰੋਜਨ ਟ੍ਰੇਨ ਦੇ ਪ੍ਰਦਰਸ਼ਨ ਤੇ ਸੁਰੱਖਿਆ ਸਮਰੱਥਾਵਾਂ ਦੀ ਸਮੀਖਿਆ ਕਰਨ ’ਚ ਮਦਦ ਮਿਲੇਗੀ। ਟਰਾਇਲ ਦੌਰਾਨ ਸ਼ੁਰੂ ’ਚ ਸੋਨੀਪਤ ਤੋਂ ਜੀਂਦ ਤੱਕ ਬਿਨਾਂ ਸਟਾਪੇਜ ਦੇ ਚੱਲੇਗੀ। ਉਸ ਤੋਂ ਬਾਅਦ ਹਰ ਸਟੇਸ਼ਨ ’ਤੇ ਰੋਕ ਕੇ ਇਸਨੂੰ ਚਲਾਇਆ ਜਾਏਗਾ। 89 ਕਿਲੋਮੀਟਰ ਲੰਬੇ ਰੂਟ ’ਤੇ ਸੋਨੀਪਤ ਤੇ ਜੀਂਦ ਨੂੰ ਮਿਲਾ ਕੇ 14 ਸਟੇਸ਼ਨ ਹਨ।