ਰੂਸ ਵੱਲੋਂ ਯੂਕਰੇਨ ਦੇ ਊਰਜਾ ਢਾਂਚੇ ’ਤੇ ਜ਼ੋਰਦਾਰ ਹਮਲਾ

ਕੀਵ-ਰੂਸ ਨੇ ਅੱਜ ਯੂਕਰੇਨ ਦੇ ਊਰਜਾ ਢਾਂਚੇ ’ਤੇ ਜ਼ੋਰਦਾਰ ਹਮਲੇ ਕਰਦਿਆਂ ਕਰੀਬ 200 ਮਿਜ਼ਾਈਲਾਂ ਅਤੇ ਡਰੋਨ ਦਾਗ਼ੇ। ਯੂਕਰੇਨੀ ਅਧਿਕਾਰੀਆਂ ਮੁਤਾਬਕ ਹਮਲਿਆਂ ਮਗਰੋਂ 10 ਲੱਖ ਤੋਂ ਵਧ ਘਰਾਂ ਦੀ ਬਿਜਲੀ ਗੁਲ ਹੋ ਗਈ ਹੈ। ਰੂਸ ਨੇ ਦੋ ਹਫ਼ਤਿਆਂ ਤੋਂ ਘੱਟ ਸਮੇਂ ਦੇ ਅੰਦਰ ਯੂਕਰੇਨ ਦੇ ਬਿਜਲੀ ਗਰਿੱਡਾਂ ’ਤੇ ਦੂਜਾ ਵੱਡਾ ਹਵਾਈ ਹਮਲਾ ਕੀਤਾ ਹੈ। ਕੀਵ, ਖਾਰਕੀਵ, ਲੁਤਸਕ ਅਤੇ ਕਈ ਹੋਰ ਵੱਡੇ ਸ਼ਹਿਰਾਂ ’ਚ ਧਮਾਕੇ ਸੁਣੇ ਗਏ। ਯੂਕਰੇਨ ਦੇ ਬਿਜਲੀ ਮੰਤਰੀ ਹਰਮਨ ਹਾਲੂਸ਼ਚੇਂਕੋ ਨੇ ਫੇਸਬੁੱਕ ਪੋਸਟ ’ਚ ਕਿਹਾ ਕਿ ਸਾਰੇ ਯੂਕਰੇਨ ’ਚ ਊਰਜਾ ਕੇਂਦਰਾਂ ’ਤੇ ਹਮਲੇ ਹੋ ਰਹੇ ਹਨ ਅਤੇ ਪੂਰੇ ਮੁਲਕ ’ਚ ਐਮਰਜੈਂਸੀ ਬਿਜਲੀ ਕੱਟ ਲਾਏ ਜਾ ਰਹੇ ਹਨ। ਯੂਕਰੇਨੀ ਰਾਸ਼ਟਰਪਤੀ ਵਲਾਦੀਮੀਰ ਜ਼ੈਲੇਂਸਕੀ ਨੇ ਕਿਹਾ ਕਿ ਕੁਝ ਖ਼ਿੱਤਿਆਂ ’ਚ ਕਾਲਿਬਰ ਕਰੂਜ਼ ਮਿਜ਼ਾਈਲਾਂ ਸ਼ਹਿਰੀ ਇਲਾਕਿਆਂ ’ਚ ਦਾਗ਼ੀਆਂ ਗਈਆਂ ਹਨ।

ਯੂਕਰੇਨੀ ਅਧਿਕਾਰੀਆਂ ਨੇ ਹੁਣੇ ਜਿਹੇ ਚਿਤਾਵਨੀ ਦਿੱਤੀ ਸੀ ਕਿ ਰੂਸ ਸਰਦੀਆਂ ਸ਼ੁਰੂ ਹੋਣ ਤੋਂ ਪਹਿਲਾਂ ਯੂਕਰੇਨ ਦੇ ਬਿਜਲੀ ਗਰਿੱਡਾਂ ’ਤੇ ਕਰੂਜ਼ ਅਤੇ ਬੈਲਿਸਟਿਕ ਮਿਜ਼ਾਈਲਾਂ ਦਾਗ਼ਣ ਦੀ ਤਿਆਰੀ ਕਰ ਰਿਹਾ ਹੈ। ਜੰਗ ਦੇ ਕਰੀਬ ਤਿੰਨ ਸਾਲਾਂ ਦੌਰਾਨ ਯੁਕਰੇਨ ਦਾ ਅੱਧਾ ਊਰਜਾ ਬੁਨਿਆਦੀ ਢਾਂਚਾ ਤਹਿਸ-ਨਹਿਸ ਹੋ ਗਿਆ ਹੈ। ਜ਼ੈਲੇਂਸਕੀ ਨੇ ਪੱਛਮੀ ਮੁਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਹਵਾਈ ਰੱਖਿਆ ਪ੍ਰਣਾਲੀਆਂ ਅਤੇ ਹਥਿਆਰਾਂ ਦੀ ਸਪਲਾਈ ਫੌਰੀ ਭੇਜਣ।