ਭਾਰਤ-ਚੀਨ ਨੇ ਸਰਹੱਦ ਤੋਂ ਫੌਜਾਂ ਹਟਾਉਣ ਦਾ ਸਮਝੌਤਾ ਲਾਗੂ ਕਰਨ ’ਚ ਪ੍ਰਗਤੀ ਕੀਤੀ

ਪੇਈਚਿੰਗ-ਚੀਨ ਦੇ ਰੱਖਿਆ ਮੰਤਰਾਲੇ ਨੇ ਅੱਜ ਆਖਿਆ ਕਿ ਪੂਰਬੀ ਲੱਦਾਖ ’ਚ ਚਾਰ ਸਾਲ ਪਹਿਲਾਂ ਸ਼ੁਰੂ ਹੋਏ ਤਣਾਅ ਨੂੰ ਘਟਾਉਣ ਲਈ ਚੀਨ ਅਤੇ ਭਾਰਤ ਦੀਆਂ ਫੌਜਾਂ ਸਰਹੱਦ ਤੋਂ ਪਿੱਛੇ ਹਟਣ ਸਬੰਧੀ ਸਮਝੌਤੇ ਨੂੰ ਲਾਗੂ ਕਰਨ ’ਚ ‘ਕਾਫੀ ਪ੍ਰਗਤੀ’ ਕਰ ਰਹੀਆਂ ਹਨ। ਰੱਖਿਆ ਮੰਤਰਾਲੇ ਦੇ ਤਰਜਮਾਨ ਸੀਨੀਅਰ ਕਰਨਲ ਵੂ ਕਿਆਨ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਅਸੀਂ ਠੋਸ ਕਦਮਾਂ ਰਾਹੀਂ ਭਾਰਤੀ ਤੇ ਚੀਨੀ ਫੌਜਾਂ ਵਿਚਾਲੇ ਭਾਈਚਾਰਕ ਤਾਲਮੇਲ ਦੀ ਉਮੀਦ ਕਰਦੇ ਹਾਂ।’’ ਉਨ੍ਹਾਂ ਆਖਿਆ ਕਿ ਭਾਰਤੀ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਉਨ੍ਹਾਂ ਦੇ ਚੀਨੀ ਹਮਰੁਤਬਾ ਐਡਮਿਰਲ ਡੌਂਗ ਜੁਨ ਨੇ ਪਿਛਲੇ ਹਫ਼ਤੇ ਲਾਓਸ ਦੀ ਰਾਜਧਾਨੀ ਵੀਏਨਤਿਆਨੇ ’ਚ ਖੇਤਰੀ ਸੁਰੱਖਿਆ ਸੰਮੇਲਨ ਤੋਂ ਵੱਖਰੇ ਤੌਰ ’ਤੇ ਹਾਂਪੱਖੀ ਅਤੇ ਉਸਾਰੂ ਮੀਟਿੰਗ ਕੀਤੀ ਸੀ। ਪੂਰਬੀ ਲੱਦਾਖ ’ਚ ਤਣਾਅ ਖਤਮ ਕਰਨ ਲਈ ਦੋਵਾਂ ਮੁਲਕਾਂ ਵਿਚਾਲੇ ਹੋਏ ਸਮਝੌਤੇ ਨੂੰ ਲਾਗੂ ਕਰਨ ਹੋਈ ਪ੍ਰਗਤੀ ਸਬੰਧੀ ਸਵਾਲ ਦੇ ਜਵਾਬ ’ਚ ਜੁਨ ਨੇ ਕਿਹਾ ਕਿ ਦੋਵਾਂ ਧਿਰਾਂ ਦੋਵਾਂ ਮੁਲਕਾਂ ਵਿਚਾਲੇ ਹੋਏ ਸਮਝੌਤੇ ਨੂੰ ਲਾਗੂ ਕਰ ਰਹੀਆਂ ਹਨ। ਉਨ੍ਹਾਂ ਕਿਹਾ, ‘‘ਹੁਣ, ਅਸੀਂ ਕਾਫ਼ੀ ਪ੍ਰਗਤੀ ਕਰ ਰਹੇ ਹਾਂ।’’ ਤਰਜਮਾਨ ਮੁਤਾਬਕ ਦੋਵਾਂ ਮੰਤਰੀਆਂ ਨੇ ਉੱਚ ਆਗੂਆਂ ਵੱਲੋਂ ਵਿਚਾਲੇ ਬਣੀ ਅਹਿਮ ਸਹਿਮਤੀ ਨੂੰ ਲਾਗੂ ਕਰਨ ਅਤੇ ਦੋਵਾਂ ਮੁਲਕਾਂ ਵਿਚਾਲੇ ਟਿਕਾਊ ਸਬੰਧਾਂ ਨੂੰ ਅੱਗੇ ਵਧਾਉਣ ਲਈ ਸਹਿਮਤੀ ਦਿੱਤੀ। ਜੁਨ ਨੇ ਕਿਹਾ ਕਿ ਦੋਵਾਂ ਫੌਜਾਂ ਨੂੰ ਸਰਹੱਦੀ ਇਲਕਿਆਂ ’ਚ ਤਣਾਅ ਘਟਾਉਣ ’ਤੇ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ।