ਅਮਰੀਕੀ ਸਾਮਾਨ ‘ਤੇ ਟੈਰਿਫ ਲਗਾਉਣ ਦੀ ਕੈਨੇਡਾ ਬਣਾ ਰਿਹੈ ਯੋਜਨਾ

 ਟੋਰਾਂਟੋ – ਟਰੂਡੋ ਸਰਕਾਰ ਨਵੇਂ ਚੁਣੇ ਗਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੈਨੇਡਾ ਨੂੰ ਟੈਰਿਫ ਬਾਰੇ ਧਮਕੀ ਦੇਣ ਤੋਂ ਬਾਅਦ ਹਰਕਤ ਵਿੱਚ ਆ ਗਈ ਹੈ। ਇੱਕ ਕੈਨੇਡੀਅਨ ਅਧਿਕਾਰੀ ਨੇ ਕਿਹਾ ਕਿ ਜੇ ਡੋਨਾਲਡ ਟਰੰਪ ਕੈਨੇਡੀਅਨ ਉਤਪਾਦਾਂ ‘ਤੇ ਭਾਰੀ ਟੈਰਿਫ ਲਗਾਉਣ ਦੀ ਆਪਣੀ ਧਮਕੀ ਦਾ ਪਾਲਣ ਕਰਦੇ ਹਨ ਤਾਂ ਕੈਨੇਡਾ ਅਮਰੀਕਾ ਤੋਂ ਆਉਣ ਵਾਲੇ ਕੁਝ ਸਮਾਨ ‘ਤੇ ਸੰਭਾਵਿਤ ਜਵਾਬੀ ਟੈਰਿਫ ਦੀ ਯੋਜਨਾ ਬਣਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਟਰੰਪ ਨੇ ਧਮਕੀ ਦਿੱਤੀ ਹੈ ਕਿ ਜੇ ਕੈਨੇਡਾ ਅਤੇ ਮੈਕਸੀਕੋ ਦੇਸ਼ਾਂ ਨੇ ਦੱਖਣੀ ਅਤੇ ਉੱਤਰੀ ਸਰਹੱਦਾਂ ‘ਤੇ ਨਸ਼ਿਆਂ ਅਤੇ ਪ੍ਰਵਾਸੀਆਂ ਦੇ ਪ੍ਰਵਾਹ ਨੂੰ ਨਹੀਂ ਰੋਕਿਆ ਤਾਂ ਉਹ ਕੈਨੇਡਾ ਅਤੇ ਮੈਕਸੀਕੋ ਤੋਂ ਆਉਣ ਵਾਲੇ ਉਤਪਾਦਾਂ ‘ਤੇ ਟੈਰਿਫ ਲਗਾ ਦੇਣਗੇ। ਉਸਨੇ ਕਿਹਾ ਕਿ ਉਹ ਆਪਣੇ ਪਹਿਲੇ ਕਾਰਜਕਾਰੀ ਆਦੇਸ਼ਾਂ ਵਿੱਚੋਂ ਇੱਕ ਵਜੋਂ ਕੈਨੇਡਾ ਅਤੇ ਮੈਕਸੀਕੋ ਤੋਂ ਅਮਰੀਕਾ ਵਿੱਚ ਦਾਖ਼ਲ ਹੋਣ ਵਾਲੇ ਸਾਰੇ ਉਤਪਾਦਾਂ ‘ਤੇ 25 ਪ੍ਰਤੀਸ਼ਤ ਟੈਕਸ ਲਗਾਏਗਾ।

ਹਾਲਾਂਕਿ, ਟਰੰਪ ਨੇ ਬੁੱਧਵਾਰ ਸ਼ਾਮ ਨੂੰ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ‘ਤੇ ਪੋਸਟ ਕੀਤਾ ਕਿ ਉਨ੍ਹਾਂ ਦੀ ਮੈਕਸੀਕੋ ਦੀ ਨਵੀਂ ਰਾਸ਼ਟਰਪਤੀ ਕਲਾਉਡੀਆ ਸ਼ੇਨਬੌਮ ਨਾਲ ਗੱਲਬਾਤ ਹੋਈ ਅਤੇ ਉਹ ਮੈਕਸੀਕੋ ਤੋਂ ਗੈਰ-ਕਾਨੂੰਨੀ ਪ੍ਰਵਾਸ ਨੂੰ ਰੋਕਣ ਲਈ ਸਹਿਮਤ ਹੋਈ ਹੈ।

ਟਰੰਪ ਨੇ ਪੋਸਟ ਕੀਤਾ, ‘ਮੈਕਸੀਕੋ ਲੋਕਾਂ ਨੂੰ ਸਾਡੀ ਦੱਖਣੀ ਸਰਹੱਦ ‘ਤੇ ਜਾਣ ਤੋਂ ਰੋਕੇਗਾ, ਇਸ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕੀਤਾ ਜਾਵੇਗਾ। ਇਹ ਅਮਰੀਕਾ ਦੇ ਗੈਰ-ਕਾਨੂੰਨੀ ਹਮਲੇ ਨੂੰ ਰੋਕਣ ਲਈ ਇੱਕ ਲੰਮਾ ਸਫ਼ਰ ਤੈਅ ਕਰੇਗਾ। ਇਹ ਅਜੇ ਸਪੱਸ਼ਟ ਨਹੀਂ ਹੈ ਕਿ ਟੈਰਿਫ ਲਗਾਉਣ ਦੀ ਟਰੰਪ ਦੀ ਯੋਜਨਾ ‘ਤੇ ਇਸ ਗੱਲਬਾਤ ਦਾ ਕੀ ਪ੍ਰਭਾਵ ਹੋਵੇਗਾ।

ਦੂਜੇ ਪਾਸੇ ਕੈਨੇਡਾ ਦੇ ਇਕ ਸਰਕਾਰੀ ਅਧਿਕਾਰੀ ਨੇ ਕਿਹਾ ਕਿ ਕੈਨੇਡਾ ਹਰ ਸਥਿਤੀ ਨਾਲ ਨਜਿੱਠਣ ਦੀ ਤਿਆਰੀ ਕਰ ਰਿਹਾ ਹੈ ਅਤੇ ਇਸ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ ਹੈ ਕਿ ਬਦਲੇ ਵਜੋਂ ਕਿਹੜੀਆਂ ਵਸਤੂਆਂ ‘ਤੇ ਟੈਰਿਫ ਲਗਾਇਆ ਜਾਵੇ। ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ‘ਤੇ ਇਹ ਜਾਣਕਾਰੀ ਦਿੱਤੀ। ਜ਼ਿਕਰਯੋਗ ਹੈ ਕਿ ਜਦੋਂ ਟਰੰਪ ਨੇ ਆਪਣੇ ਪਹਿਲੇ ਕਾਰਜਕਾਲ ਦੌਰਾਨ ਉੱਚ ਟੈਰਿਫ ਲਗਾਏ ਸਨ ਤਾਂ ਦੂਜੇ ਦੇਸ਼ਾਂ ਨੇ ਜਵਾਬੀ ਕਾਰਵਾਈ ਕਰਦੇ ਹੋਏ ਆਪਣੇ ਹੀ ਟੈਰਿਫ ਲਗਾਏ ਸਨ।