ਉਧਗਮੰਡਲਮ-ਰਾਸ਼ਟਰਪਤੀ ਦਰੋਪਦੀ ਮੁਰਮੂ ਤਾਮਿਲਨਾਡੂ ਦੇ ਆਪਣੇ ਚਾਰ ਰੋਜ਼ਾ ਦੌਰੇ ਤਹਿਤ ਵੱਖ-ਵੱਖ ਅਧਿਕਾਰਤ ਪ੍ਰੋਗਰਾਮਾਂ ’ਚ ਸ਼ਾਮਲ ਹੋਣ ਲਈ ਮੰਗਲਵਾਰ ਨੂੰ ਨੀਲਗਿਰੀ ਜ਼ਿਲ੍ਹੇ ਦੇ ਉਧਗਮੰਡਲਮ ਪਹੁੰਚੇ। ਪੁਲੀਸ ਨੇ ਦੱਸਿਆ ਕਿ ਰਾਸ਼ਟਰਪਤੀ ਨੇ ਕੋਇੰਬਟੂਰ ਤੋਂ ਹੈਲੀਕਾਪਟਰ ਰਾਹੀਂ ਪਹੁੰਚਣਾ ਸੀ ਪਰ ਖਰਾਬ ਮੌਸਮ ਕਾਰਨ ਉਨ੍ਹਾਂ ਨੂੰ ਸੜਕ ਰਾਹੀਂ ਸਫਰ ਕਰਨਾ ਪਿਆ। ਪੁਲੀਸ ਮੁਤਾਬਕ ਇਸ ਕਾਰਨ ਪੂਰੇ ਰਸਤੇ ’ਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਅਤੇ ਉਹ ਸੜਕ ਮਾਰਗ ਰਾਹੀਂ ਇੱਥੇ ਰਾਜ ਭਵਨ ਪਹੁੰਚੀ। ਤਾਮਿਲਨਾਡੂ ਦੇ ਰਾਜਪਾਲ ਆਰਐੱਨ ਰਵੀ ਅਤੇ ਸ਼ਿਵਾ ਵੀ. ਮੇਈਨਾਥਨ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਦਾ ਸਵਾਗਤ ਕੀਤਾ।
ਰਾਸ਼ਟਰਪਤੀ ਮੁਰਮੂ ਵੀਰਵਾਰ ਨੂੰ ਵੈਲਿੰਗਟਨ ਸਥਿਤ ਰੱਖਿਆ ਸੇਵਾ ਸਟਾਫ ਕਾਲਜ ਦੇ ਸਟਾਫ ਤੇ ਵਿਦਿਆਰਥੀ ਅਧਿਕਾਰੀਆਂ ਨੂੰ ਸੰਬੋਧਨ ਕਰਨਗੇ। ਇਸ ਤੋਂ ਬਾਅਦ ਉਹ 29 ਨਵੰਬਰ ਇੱਥੇ ਰਾਜ ਭਵਨ ਵਿੱਚ ਆਦਿਵਾਸੀ ਮਹਿਲਾ ਸਵੈ-ਸਹਾਇਤਾ ਗਰੁੱਪਾਂ ਦੀਆਂ ਮੈਂਬਰਾਨ ਅਤੇ ਆਦਿਵਾਸੀ ਭਾਈਚਾਰਿਆਂ ਦੇ ਮੁੱਖ ਮੈਂਬਰਾਂ ਨਾਲ ਗੱਲਬਾਤ ਕਰਨਗੇ। ਰਾਸ਼ਟਰਪਤੀ ਮੁਰਮੂ ਇਸ ਤੋਂ ਬਾਅਦ 30 ਨਵੰਬਰ ਤਿਰੂਵਰੂਰ ’ਚ ਤਾਮਿਲਨਾਡੂ ਕੇਂਦਰੀ ਯੂਨੀਵਰਸਿਟੀ ਦੇ ਡਿਗਰੀ ਵੰਡ ਸਮਾਗਮ ’ਚ ਸ਼ਾਮਲ ਹੋਣਗੇ।