ਨਵੀਂ ਦਿੱਲੀ- ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਅੱਜ ਕਿਹਾ ਕਿ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਅਸ਼ਲੀਲ ਸਮੱਗਰੀ ਨੂੰ ਰੋਕਣ ਲਈ ਮੌਜੂਦਾ ਕਾਨੂੰਨਾਂ ਨੂੰ ਹੋਰ ਸਖ਼ਤ ਬਣਾਉਣ ਦੀ ਲੋੜ ਹੈ। ਲੋਕ ਸਭਾ ਵਿੱਚ ਸੂਚਨਾ ਅਤੇ ਪ੍ਰਸਾਰਨ ਮੰਤਰੀ ਨੇ ਕਿਹਾ ਕਿ ਸੰਸਦੀ ਸਥਾਈ ਕਮੇਟੀ ਨੂੰ ਇਹ ਮੁੱਦਾ ਉਠਾਉਣਾ ਚਾਹੀਦਾ ਹੈ ਅਤੇ ਇਸ ਸਬੰਧ ਵਿੱਚ ਹੋਰ ਸਖ਼ਤ ਕਾਨੂੰਨ ਬਣਾਉਣ ਲਈ ਸਹਿਮਤੀ ਬਣਾਉਣ ਲਈ ਵੀ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਤੱਥਾਂ ਬਾਰੇ ਸੰਪਾਦਕੀ ਪੱਧਰ ਦੀ ਜਾਂਚ ਹੁੰਦੀ ਸੀ ਅਤੇ ਇਹ ਤੈਅ ਕੀਤਾ ਜਾਂਦਾ ਸੀ ਕਿ ਕੀ ਕੁਝ ਸਹੀ ਹੈ ਤੇ ਕੀ ਕੁਝ ਗਲਤ ਪਰ ਹੁਣ ਪਹਿਲਾਂ ਵਾਲੀ ਜਾਂਚ ਖਤਮ ਹੋ ਗਈ ਹੈ। ਮੰਤਰੀ ਨੇ ਪ੍ਰਸ਼ਨ ਕਾਲ ਦੌਰਾਨ ਕਿਹਾ ਕਿ ਅੱਜ ਸੋਸ਼ਲ ਮੀਡੀਆ ਪ੍ਰੈਸ ਦੀ ਆਜ਼ਾਦੀ ਲਈ ਇੱਕ ਪਲੇਟਫਾਰਮ ਹੈ ਪਰ ਇਹ ਬੇਕਾਬੂ ਹੋ ਗਿਆ ਹੈ ਅਤੇ ਅਸ਼ਲੀਲ ਸਮੱਗਰੀ ਪਰੋਸ ਰਿਹਾ ਹੈ।ਸਦਨ ਵਿਚ ਹੰਗਾਮੇ ਦੌਰਾਨ ਵੈਸ਼ਨਵ ਨੇ ਕਿਹਾ ਕਿ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਅਸ਼ਲੀਲ ਸਮੱਗਰੀ ਨੂੰ ਰੋਕਣ ਲਈ ਮੌਜੂਦਾ ਕਾਨੂੰਨਾਂ ਨੂੰ ਹੋਰ ਸਖ਼ਤ ਬਣਾਉਣ ਦੀ ਲੋੜ ਹੈ।
ਇਸ ਤੋਂ ਪਹਿਲਾਂ ਭਾਜਪਾ ਮੈਂਬਰ ਅਰੁਣ ਗੋਵਿਲ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਗੈਰ-ਕਾਨੂੰਨੀ ਢੰਗ ਨਾਲ ਅਸ਼ਲੀਲ ਸਮੱਗਰੀ ਦੇ ਪ੍ਰਸਾਰਨ ਨੂੰ ਰੋਕਣ ਲਈ ਮੌਜੂਦਾ ਵਿਧੀ ਵਿਧਾਨ ਬਾਰੇ ਜਵਾਬ ਮੰਗਿਆ ਸੀ। ਉਨ੍ਹਾਂ ਕਿਹਾ ਕਿ ਕੀ ਸਰਕਾਰ ਮੌਜੂਦਾ ਕਾਨੂੰਨਾਂ ਨੂੰ ਇਸ ਤੱਥ ਨੂੰ ਧਿਆਨ ਵਿੱਚ ਰੱਖਦੇ ਹੋਏ ਹੋਰ ਸਖ਼ਤ ਬਣਾਉਣ ਦੀ ਤਜਵੀਜ਼ ਰੱਖ ਰਹੀ ਹੈ ਕਿ ਉਕਤ ਕਾਨੂੰਨ ਇਨ੍ਹਾਂ ਪਲੇਟਫਾਰਮਾਂ ਦੀ ਦੁਰਵਰਤੋਂ ਨੂੰ ਰੋਕਣ ਲਈ ਪ੍ਰਭਾਵਸ਼ਾਲੀ ਨਹੀਂ ਹਨ।