ਨਵੀਂ ਦਿੱਲੀ – ਭਾਰਤੀ ਟੀਮ ਦੇ ਟਾਪ ਆਰਡਰ ਬੱਲੇਬਾਜ਼ ਸ਼ੁਭਮਨ ਗਿੱਲ ਅੰਗੂਠੇ ਦੀ ਸੱਟ ਤੋਂ ਉਭਰ ਨਹੀਂ ਸਕੇ ਅਤੇ 30 ਨਵੰਬਰ ਤੋਂ ਕੈਨਬਰਾ ਵਿਚ ਸ਼ੁਰੂ ਹੋਣ ਵਾਲੇ ਦੋ ਰੋਜ਼ਾ ਪਿੰਕ ਬਾਲ ਅਭਿਆਸ ਮੈਚ ਤੋਂ ਬਾਹਰ ਹੋ ਗਏ ਹਨ। ਗਿੱਲ ਨੂੰ ਇਹ ਸੱਟ ਪਰਥ ਵਿਚ ਅਭਿਆਸ ਮੈਚ ਦੌਰਾਨ ਲੱਗੀ ਸੀ। ਹਾਲਾਂਕਿ 6 ਦਸੰਬਰ ਤੋਂ ਐਡੀਲੇਡ ‘ਚ ਸ਼ੁਰੂ ਹੋਣ ਵਾਲੇ ਪਿੰਕ ਬਾਲ ਟੈਸਟ ‘ਚ ਖੇਡਣ ਨੂੰ ਲੈ ਕੇ ਅਜੇ ਅੰਤਿਮ ਫ਼ੈਸਲਾ ਨਹੀਂ ਲਿਆ ਗਿਆ ਹੈ।
ਦਰਅਸਲ ਬੀਸੀਸੀਆਈ ਸੂਤਰਾਂ ਮੁਤਾਬਿਕ ਗਿੱਲ ਪੂਰੀ ਤਰ੍ਹਾਂ ਠੀਕ ਹੋਣ ਤੱਕ ਬੱਲੇਬਾਜ਼ੀ ਨਹੀਂ ਕਰੇਗਾ। ਉਸ ਦੇ ਖੇਡਣ ਦਾ ਸਮਾਂ ਐਡੀਲੇਡ ਟੈਸਟ ਤੋਂ ਠੀਕ ਪਹਿਲਾਂ ਤੈਅ ਕੀਤਾ ਜਾਵੇਗਾ।
ਗਿੱਲ ਦੀ ਗੈਰ-ਮੌਜੂਦਗੀ ਵਿਚ ਦੇਵਦੱਤ ਪਡੀਕਲ ਨੂੰ ਤੀਜੇ ਨੰਬਰ ‘ਤੇ ਮੌਕਾ ਦਿੱਤਾ ਗਿਆ। ਪਹਿਲੀ ਪਾਰੀ ‘ਚ ਉਹ 23 ਗੇਂਦਾਂ ‘ਤੇ ਬਿਨਾਂ ਕੋਈ ਰਨ ਬਣਾਏ ਆਊਟ ਹੋ ਗਏ। ਹਾਲਾਂਕਿ ਦੂਜੀ ਪਾਰੀ ‘ਚ ਉਸ ਨੇ 71 ਗੇਂਦਾਂ ‘ਚ 25 ਦੌੜਾਂ ਬਣਾਈਆਂ ਅਤੇ ਕੇਐੱਲ ਰਾਹੁਲ ਨਾਲ 74 ਦੌੜਾਂ ਦੀ ਸਾਂਝੇਦਾਰੀ ਕੀਤੀ। ਦੋਵੇਂ ਵਾਰ ਉਸ ਨੂੰ ਜੋਸ਼ ਹੇਜ਼ਲਵੁੱਡ ਨੇ ਆਊਟ ਕੀਤਾ।
ਜੇ ਸ਼ੁਭਮਨ ਗਿੱਲ ਸਮੇਂ ‘ਤੇ ਫਿੱਟ ਨਹੀਂ ਹੁੰਦੇ ਤਾਂ ਕੇਐੱਲ ਰਾਹੁਲ ਤੀਜੇ ਨੰਬਰ ‘ਤੇ ਬੱਲੇਬਾਜ਼ੀ ਕਰ ਸਕਦੇ ਹਨ। ਰਾਹੁਲ ਨੇ ਪਰਥ ਟੈਸਟ ‘ਚ 103 ਦੌੜਾਂ ਬਣਾਈਆਂ, ਜਿਸ ‘ਚ ਦੂਜੀ ਪਾਰੀ ‘ਚ ਸ਼ਾਨਦਾਰ ਅਰਧ ਸੈਂਕੜਾ ਵੀ ਸ਼ਾਮਿਲ ਸੀ। ਰੋਹਿਤ ਸ਼ਰਮਾ ਦੀ ਟੀਮ ‘ਚ ਵਾਪਸੀ ਹੋਣ ਕਾਰਨ ਰਾਹੁਲ ਦੇ ਓਪਨਿੰਗ ਦੀ ਸੰਭਾਵਨਾ ਘੱਟ ਹੈ। ਰੋਹਿਤ ਨਿੱਜੀ ਕਾਰਨਾਂ ਕਰਕੇ ਛੁੱਟੀ ‘ਤੇ ਹੋਣ ਕਾਰਨ ਪਰਥ ਟੈਸਟ ਤੋਂ ਬਾਹਰ ਹੋ ਗਏ ਸਨ।
ਹਾਲਾਂਕਿ ਜੇ ਰਾਹੁਲ ਤੇ ਯਸ਼ਸਵੀ ਜੈਸਵਾਲ ਦੀ ਓਪਨਿੰਗ ਜੋੜੀ ਨੂੰ ਦੁਬਾਰਾ ਮੌਕਾ ਦਿੱਤਾ ਜਾਂਦਾ ਹੈ ਤਾਂ ਇਹ ਵੱਡਾ ਫੈਸਲਾ ਹੋਵੇਗਾ, ਕਿਉਂਕਿ ਦੋਵਾਂ ਨੇ ਪਰਥ ‘ਚ ਰਿਕਾਰਡ ਸਾਂਝੇਦਾਰੀ ਕੀਤੀ ਸੀ। ਹੁਣ ਅਭਿਆਸ ਮੈਚ ਤੋਂ ਬਾਅਦ ਸਥਿਤੀ ਹੋਰ ਸਪੱਸ਼ਟ ਹੋ ਜਾਵੇਗੀ। ਰੋਹਿਤ ਨੂੰ ਕੈਨਬਰਾ ਵਿੱਚ ਅਭਿਆਸ ਕਰਨ ਦਾ ਮੌਕਾ ਮਿਲਣ ਦੀ ਵੀ ਉਮੀਦ ਹੈ ਤਾਂ ਜੋ ਉਹ ਆਪਣੇ ਆਪ ਨੂੰ ਆਸਟ੍ਰੇਲੀਆ ਦੀਆਂ ਸਥਿਤੀਆਂ ਦੇ ਅਨੁਕੂਲ ਬਣਾ ਸਕੇ।