ਆਸਟ੍ਰੇਲੀਆ ਦੇ ਸਿੱਖ ਮੋਟਰਸਾਈਕਲ ਕਲੱਬਾਂ ਵੱਲੋਂ ਹੈਲਮੇਟ ਤੋਂ ਛੋਟ

ਮੈਲਬੌਰਨ – ਆਸਟ੍ਰੇਲੀਆ ਵਿੱਚ ਕਾਫੀ ਸਮੇਂ ਤੋ ਸਿੱਖ ਮੋਟਰਸਾਈਕਲ ਚਾਲਕਾਂ ਵਲੋਂ ਹੈਲਮੇਟ ਤੋਂ ਛੋਟ ਨੂੰ ਲੈ ਕੇ ਸੰਘਰਸ਼ ਸ਼ੁਰੂ ਕੀਤਾ ਹੋਇਆ ਹੈ ਜਿਸ ਕਾਰਨ ਬੀਤੇ ਦਿਨੀਂ ਮੈਲਬੌਰਨ ਵਿੱਖੇ ਦਸਤਾਰਧਾਰੀ ਮੋਟਰਸਾਈਕਲ ਚਾਲਕਾਂ ਵਲੋਂ ਹੈਲਮੇਟ ਤੋਂ ਛੋਟ ਤੇ ਪੁਰਸ਼ਾਂ ਦੀ ਮਾਨਸਿਕ ਸਿਹਤ ਨੂੰ ਲੈ ਇੱਕ ਮੋਟਰਸਾਈਕਲ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਿੱਖ ਮੋਟਰਸਾਈਕਲ ਕਲੱਬ ਆਸਟ੍ਰੇਲੀਆ ਅਤੇ ਸਿੰਘਜ਼ ਸੋਸ਼ਲ ਮੋਟਰਸਾਈਕਲ ਕਲੱਬ ਆਸਟ੍ਰੇਲੀਆ ਜੋ ਇਸ ਰੈਲੀ ਵਿੱਚ ਭਾਗ ਲੈਣ ਲਈ ਸਿਡਨੀ ਤੋਂ ਵਿਸ਼ੇਸ਼ ਰੂਪ ਵਿੱਚ ਪੁੱਜੇ ਸਨ ਨੇ ਸਾਂਝੇ ਤੌਰ ‘ਤੇ ਇਸ ਰੈਲੀ ਵਿੱਚ ਸ਼ਿਰਕਤ ਕੀਤੀ।

ਇਹ ਰੈਲੀ ਨੂੰ “ਦਾ ਮੋ ਬਰੋਜ਼ ਰਾਈਡ” ਦਾ ਨਾਂ ਦਿੱਤਾ ਗਿਆ ਸੀ,ਨੂੰ ਮੈਂਬਰ ਪਾਰਲੀਮੈਂਟ ਸਟੀਵ ਮੈਗਈ ਨੇ ਝੰਡੀ ਦੇ ਕੇ ਰਵਾਨਾ ਕੀਤਾ। ਇਹ ਰੈਲੀ ਮੈਲਬੌਰਨ ਦੇ ਉੱਤਰ ਪੱਛਮ ਵਿੱਚ ਸਥਿਤ ਇਲਾਕੇ ਦੀ “ਗੈਲੀ ਵਾਇਨਰੀ” ਪਲੰਪਟਨ ਤੋਂ ਰਵਾਨਾ ਹੋ ਕੇ ਆੱਰਥਰ ਰਿਜ਼ਰਵ ਮੈਲਟਨ ਵਿੱਖੇ ਸਮਾਪਤ ਹੋਈ ਜਿੱਥੇ ਸਿੱਖ ਮੋਟਸਾਈਕਲ ਕਲੱਬ ਵਲੋ ਯੰਗ ਫੁੱਟਬਾਲ ਕਲੱਬ ਦੇ ਸਹਿਯੋਗ ਦੇ ਨਾਲ ਇੱਕ ਖੇਡ ਸਮਾਗਮ ਦਾ ਆਯੋਜਨ ਕੀਤਾ ਗਿਆ ਸੀ ਜਿਸ ਵੱਖ ਵੱਖ ਉਮਰ ਵਰਗ ਦੇ ਪਹੁੰਚੇ ਵੱਡੀ ਗਿਣਤੀ ਵਿੱਚ ਖਿਡਾਰੀਆਂ ਨੇ ਚੰਗੀ ਖੇਡ ਦਾ ਪ੍ਰਦਰਸ਼ਨ ਕੀਤਾ।

ਇਸ ਸਮਾਗਮ ਵਿੱਚ ਫੈਡਰਲ ਮੈਂਬਰ ਪਾਰਲੀਮੈਂਟ ਸੈਮ ਰੇਅ, ਸਟੀਵ ਮੈਗਈ ਮੈਂਬਰ ਪਾਰਲੀਮੈਂਟ ਤੇ ਸ਼ਿਵਾਲੀ ਚੇਟਲੀ ਕੌਂਸਲਰ ਬੈਂਡਿਗੋ ਦੇ ਨਾਲ ਨਾਲ ਸਮਾਜਿਕ ਤੇ ਧਾਰਮਿਕ ਸ਼ਖ਼ਸੀਅਤਾਂ ਵਿਸ਼ੇਸ਼ ਮਹਿਮਾਨਾਂ ਵਜੋਂ ਹਾਜ਼ਰ ਸਨ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਅੱਜ ਦੀ ਇਸ ਰੈਲੀ ਦਾ ਮਕਸਦ ਲੰਮੇ ਸਮੇਂ ਤੋ ਚੱਲੀ ਆ ਰਹੀ ਮੰਗ ਸਿੱਖ ਮੋਟਰਸਾਈਕਲ ਸਵਾਰਾਂ ਲਈ ਹੈਲਮੈਟ ਤੋਂ ਛੋਟ ਲਈ ਅਵਾਜ਼ ਬੁਲੰਦ ਕਰਨਾ ਸੀ ਤੇ ਇਸ ਦੇ ਨਾਲ ਹੀ ਪੁਰਸ਼ਾਂ ਦੇ ਮਾਨਸਿਕ ਸਿਹਤ, ਖੁਦਕੁਸ਼ੀ ਰੋਕਥਾਮ, ਅਤੇ ਪ੍ਰੋਸਟੇਟ ਤੇ ਟੈਸਟਿਕੁਲਰ ਕੈਂਸਰ ਵਰਗੀਆਂ ਬਿਮਾਰੀਆਂ ਬਾਰੇ ਜਾਗਰੂਕਤਾ ਫੈਲਾਉਣਾ ਸੀ। ਇਸ ਕਰਮ ਇਸ਼ਰਸਰ ਸੇਵਾ ਅਤੇ ਸਿਮਰਨ ਸੋਸਾਇਟੀ ਸੰਸਥਾ ਵਲੋਂ ਸਮਾਗਮ ਵਿੱਚ ਆਏ ਨੌਜਵਾਨਾਂ ਨੂੰ ਜਿੱਥੇ ਦਸਤਾਰ ਦੀ ਮਹੱਤਤਾ ਬਾਰੇ ਦਸਿਆ ਉੱਥੇ ਹੀ ਦਸਤਾਰ ਸਿਖਲਾਈ ਤੇ ਦਸਤਾਰਾਂ ਦਾ ਲੰਗਰ ਵੀ ਲਗਾਇਆ ਗਿਆ ਸੀ।

ਇਸ ਮੌਕੇ ਫੈਡਰਲ ਐੱਮਪੀ ਸੈਮ ਰੇਅ, ਐੱਮਪੀ ਸਟੀਵ ਮੈਗਈ ਅਤੇ ਬੈਂਡੀਗੋ ਇਲਾਕੇ ਤੋਂ ਪੰਜਾਬੀ ਕੋਂਸਲਰ ਸ਼ਿਵਾਲੀ ਚਾਟਲੇ ਤੋਂ ਇਲਾਵਾ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਸਮਾਗਮ ਦੇ ਪ੍ਰਬੰਧਕ ਵਧਾਈ ਦੇ ਪਾਤਰ ਹਨ ਜਿਨ੍ਹਾਂ ਇਹ ਪਰੋਗਰਾਮ ਉਲੀਕੀਆ ਹੈ। ਬੁਲਾਰਿਆਂ ਨੇ ਕਿਹਾ ਕਿ ਅਜੋਕੀ ਦੌੜ ਭੱਜ ਵਾਲੀ ਜ਼ਿੰਦਗੀ, ਕੰਮ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਦੇ ਚਲਦਿਆਂ ਕਦੋਂ ਪੁਰਸ਼ ਮਾਨਸਿਕ ਦਾ ਤਣਾਅ ਦਾ ਸ਼ਿਕਾਰ ਹੋ ਜਾਂਦਾ, ਉਸ ਨੂੰ ਖੁਦ ਹੀ ਪਤਾ ਨਹੀਂ ਚਲਦਾ। ਸਿੱਟੇ ਵਜੋਂ ਕਈ ਵਾਰ ਨਤੀਜੇ ਭਿਆਨਕ ਵੀ ਹੋ ਜਾਂਦੇ ਹਨ ਪਰ ਇਨ੍ਹਾਂ ਸੰਸਥਾਵਾਂ ਨੇ ਜੋ ਇਹ ਉਪਰਾਲਾ ਕੀਤਾ ਹੈ ਉਹ ਕਾਬਿਲ- ਏ- ਤਾਰੀਫ਼ ਹੈ ਤੇ ਦੂਜਾ ਸਰਕਾਰ ਦੇ ਨੁਮਾਇੰਦਿਆਂ ਵਲੋਂ ਵੀ ਇਹ ਭਰੋਸਾ ਦਿਵਾਇਆ ਗਿਆ ਕਿ ਉਹ ਦਸਤਾਰਧਾਰੀ ਮੋਟਰਸਾਈਕਲ ਚਾਲਕਾਂ ਨੂੰ ਹੈਲਮੇਟ ਤੋਂ ਛੋਟ ਦਿਵਾਉਣ ਲਈ ਚਾਰਾਜ਼ੋਈ ਕਰਣਗੇ।

ਸਮਾਗਮ ਦੇ ਅੰਤ ਵਿੱਚ ਸਿੱਖ ਮੋਟਰਸਾਈਕਲ ਕਲੱਬ ਆਸਟ੍ਰੇਲੀਆ ਤੇ ਸਿੰਘਜ਼ ਸੋਸ਼ਲ ਮੋਟਰਸਾਈਕਲ ਕਲੱਬ ਆਸਟ੍ਰੇਲੀਆ ਤੇ ਯੰਗ ਫੁਟਬਾਲ ਕਲੱਬ ਵਲੋਂ ਇਸ ਸਮਾਗਮ ਨੂੰ ਕਾਮਯਾਬ ਕਰਨ ਲਈ ਧੰਨਵਾਦ ਕੀਤਾ।