ਸਿਆਸੀ ਪਾਰਟੀਆਂ ਨੇ ਕੌਂਸਲ ਚੋਣਾਂ ਦੀ ਖਿੱਚੀ ਤਿਆਰੀ

ਚੰਡੀਗੜ੍ਹ – ਚੋਣ ਕਮਿਸ਼ਨ (Election Commission) ਨੇ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਦਾ ਅਜੇ ਐਲਾਨ ਨਹੀਂ ਕੀਤਾ, ਪਰ ਸਿਆਸੀ ਪਾਰਟੀਆਂ ਨੇ ਅੰਦਰ ਖਾਤੇ ਤਿਆਰੀਆਂ ਵਿੱਢ ਦਿੱਤੀਆਂ ਹਨ। ਦੇਸ਼ ਦੀ ਸਰਵਉਚ ਅਦਾਲਤ ਸੁਪਰੀਮ ਕੋਰਟ (Supreme Court) ਨੇ ਸੂਬਾ ਸਰਕਾਰ (Punjab Govt) ਨੂੰ ਅੱਠ ਹਫ਼ਤਿਆਂ ਦੇ ਅੰਦਰ ਅੰਦਰ ਚੋਣਾਂ ਸਬੰਧੀ ਸਾਰੀ ਪ੍ਰੀਕਿਰਿਆ ਪੂਰੀ ਕਰਨ ਦੇ ਹੁਕਮ ਦਿੱਤੇ ਹਨ। ਚੋਣਾਂ ਦੀ ਆਹਟ ਨੂੰ ਭਾਂਪਦਿਆਂ ਆਮ ਆਦਮੀ ਪਾਰਟੀ (AAP) ਵਲੋਂ ਮੰਗਲਵਾਰ ਨੂੰ ਪਟਿਆਲਾ ਤੋਂ ਅੰਮ੍ਰਿਤਸਰ ਸਾਹਿਬ ਤਕ ਸ਼ੁਕਰਾਨਾ ਯਾਤਰਾ ਕੱਢੀ ਜਾ ਰਹੀ ਹੈ। ਹਾਲਾਂਕਿ ਆਮ ਆਦਮੀ ਪਾਰਟੀ ਵਲੋਂ ਇਸ ਯਾਤਰਾ ਨੂੰ ਜ਼ਿਮਨੀ ਚੋਣ ਵਿਚ ਤਿੰਨ ਸੀਟਾਂ ’ਤੇ ਹੋਈ ਜਿੱਤ ਅਤੇ ਪਾਰਟੀ ਹਾਈਕਮਾਨ ਵਲੋਂ ਅਮਨ ਅਰੋੜਾ (Aman Arora) ਨੂੰ ਪ੍ਰਧਾਨ ਅਤੇ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ (Amansher Singh Sherry Kalsi) ਨੂੰ ਕਾਰਜਕਾਰੀ ਪ੍ਰਧਾਨ ਨਿਯੁਕਤ ਕਰਨ ਕਰਕੇ ਧੰਨਵਾਦ ਰੈਲੀ ਦਾ ਨਾਮ ਦਿੱਤਾ ਹੈ, ਪਰ ਸਿਆਸੀ ਹਲਕਿਆਂ ਵਿਚ ਚਰਚਾ ਹੈ ਕਿ ਆਪ ਵਲੋਂ ਇਹ ਯਾਤਰਾ ਨਗਰ ਨਿਗਮ ਅਤੇ ਨਗਰ ਕੌੰਸਲ ਚੋਣਾਂ ਨੂੰ ਧਿਆਨ ਵਿਚ ਰੱਖਦੇ ਹੋਏ ਉਲੀਕੀ ਹੈ।

ਇਹ ਪਹਿਲੀ ਵਾਰ ਹੈ ਕਿ ਕਿਸੇ ਸਿਆਸੀ ਪਾਰਟੀ ਵਲੋਂ ਪਟਿਆਲਾ ਕਾਲੀ ਮਾਤਾ ਮੰਦਰ ਤੋਂ ਯਾਤਰਾ ਸ਼ੁਰੂ ਕੀਤੀ ਜਾ ਰਹੀ ਹੈ। ਹੁਣ ਤੱਕ ਸਿਆਸੀ ਪਾਰਟੀਆਂ ਵਲੋਂ ਦਰਬਾਰ ਸਾਹਿਬ ਅੰਮ੍ਰਿਤਸਰ, ਦੁਰਗਿਆਣਾ ਮੰਦਿਰ ਜਾਂ ਫਿਰ ਭਗਵਾਨ ਬਾਲਮੀਕ ਤੀਰਥ ਅਸਥਾਨ ’ਤੇ ਨਤਮਸਤਕ ਕਰਦੀਆਂ ਰਹੀਆਂ ਹਨ।

ਇੱਥ ਦੱਸਿਆ ਜਾਂਦਾ ਹੈ ਕਿ ਸੂਬੇ ਦੀਆਂ ਪੰਜ ਨਗਰ ਨਿਗਮ ਪਟਿਆਲਾ, ਲੁਧਿਆਣਾ, ਫਗਵਾੜਾ, ਜਲੰਧਰ ਤੇ ਅੰਮ੍ਰਿਤਸਰ ਦੀ ਚੋਣ ਹੋਣੀ ਹੈ। ਇਸਤੋਂ ਇਲਾਵਾ ਚਾਰ ਦਰਜ਼ਨ ਤੋਂ ਵੱਧ ਨਗਰ ਕੌਸਲਾਂ, ਨਗਰ ਪੰਚਾਇਤਾਂ ਤੋਂ ਇਲਾਵਾ ਕਈ ਨਗਰ ਕੌਸਲਾਂ ਦੀ ਜ਼ਿਮਨੀ ਚੋਣ ਵੀ ਹੋਣੀ ਹੈ। ਆਪ ਵਲੋਂ ਕੱਢੀ ਜਾ ਰਹੀ ਧੰਨਵਾਦ ਯਾਤਰਾ ਵੀ ਇਹਨਾਂ ਸ਼ਹਿਰਾਂ ਵਿਚੋ ਗੁਜ਼ਰੇਗੀ ਜਿੱਥੇ ਚੋਣਾਂ ਹੋਣੀਆਂ ਹਨ। ਸੂਤਰ ਦੱਸਦੇ ਹਨ ਕਿਸ਼ਹਿਰੀ ਵੋਟਰਾਂ ਨੂੰ ਲਾਮਬੰਦ ਕਰਨ ਲਈ ਹੀ ਇਸ ਯਾਤਰਾ ਨੂੰ ਉਲੀਕਿਆ ਗਿਆ ਹੈ।

ਸਥਾਨਕ ਸਰਕਾਰਾਂ ਵਿਭਾਗ ਨੇ ਚੋਣਾਂ ਕਰਵਾਉਣ ਲਈ ਨੋਟੀਫਿਕੇਸ਼ਨ ਜਾਰੀ ਕਰਕੇ ਪੰਜਾਬ ਰਾਜ ਚੋਣ ਕਮਿਸ਼ਨ ਨੂੰ ਭੇਜ ਦਿੱਤਾ ਹੈ। ਹੁਣ ਚੋਣ ਕਮਿਸ਼ਨ ਨੇ ਚੋਣਾਂ ਸਬੰਧੀ ਅਗਲੀ ਪ੍ਰੀਕਿਰਿਆ ਜਾਰੀ ਕਰਨੀ ਹੈ। ਸੂਤਰ ਦੱਸਦੇ ਹਨ ਕਿ ਪੰਜਾਬ ਸਰਕਾਰ ਦਾ ਇਸ਼ਾਰਾ ਮਿਲਦਿਆਂ ਹੀ ਚੋਣ ਕਮਿਸ਼ਨ ਨੇ ਸਥਾਨਕ ਚੋਣਾਂ ਦਾ ਸ਼ਡਿਊਲਡ ਜਾਰੀ ਕਰ ਦੇਣਾ ਹੈ।

ਉਧਰ ਅਕਾਲੀ ਦਲ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖਕੇ ਸਥਾਨਕ ਚੋਣਾਂ ਦਸੰਬਰ ਤੋਂ ਬਾਅਦ ਕਰਵਾਉਣ ਦੀ ਬੇਨਤੀ ਕੀਤੀ ਹੈ। ਅਕਾਲੀ ਦਲ ਦੇ ਸੀਨੀਅਰ ਨੇਤਾ ਡਾ ਦਲਜੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ 15 ਦਸੰਬਰ ਤੋਂ ਸਾਹਿਬਜਾਦਿਆਂ ਦੀ ਯਾਦ ਵਿਚ ਸ਼ਹੀਦੀ ਸਭਾ ਸ਼ੁਰੂ ਹੋ ਜਾਂਦੀ ਹੈ। ਸਿੱਖ ਇਤਿਹਾਸ ਵਿਚ ਇਹ ਸੋਗਮਈ ਦਿਨ ਹੁੰਦੇ ਹਨ ਅਤੇ ਦੇਸ ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਸੰਗਤ ਨਤਮਸਤਕ ਹੋਣ ਆਉਦੀ ਹੈ। ਆਮ ਤੌਰ ’ਤੇ ਸਿੱਖ ਭਾਈਚਾਰਾ ਇਹਨਾਂ ਦਿਨਾਂ ਵਿਚ ਕੋਈ ਵੀ ਖੁਸ਼ੀ ਦਾ ਸਮਾਗਮ ਨਹੀਂ ਕਰਦਾ।

ਉਧਰ ਆਮ ਆਦਮੀ ਪਾਰਟੀ ਦੇ ਨਵ ਨਿਯੁਕਤ ਪ੍ਰਧਾਨ ਅਮਨ ਅਰੋੜਾ ਦਾ ਕਹਿਣਾ ਹੈ ਕਿ ਅਕਾਲੀ ਦਲ ਵਲੋਂ ਚੋਣ ਕਮਿਸ਼ਨ ਨੂੰ ਲਿੱਖੀ ਚਿੱਠੀ ਬਾਰੇ ਉਨ੍ਹਾਂ ਨੂੰ ਇਲਮ ਨਹੀਂ ਹੈ, ਫਿਰ ਵੀ ਉਹ ਮੁੱਖ ਮੰਤਰੀ ਨਾਲ ਗੱਲ ਕਰਨਗੇ। ਅਰੋੜਾ ਨੇ ਕਿਹਾ ਕਿ ਦਰਅਸਲ ਚੋਣਾਂ ਸਬੰਧੀ ਕਾਨੂੰਨੀ ਪੇਚ ਫਸਿਆ ਹੋਇਆ ਹੈ , ਸਰਕਾਰ ਇਸ ਮਸਲੇ ਨੂੰ ਗੰਭੀਰਤਾਂ ਨਾਲ ਲਵੇਗੀ।

ਦੱਸਿਆ ਜਾਂਦਾ ਹੈ ਕਿ ਚੋਣਾਂ ਸਬੰਧੀ ਫੈਸਲਾ ਹੁਣ ਚੋਣ ਕਮਿਸ਼ਨ ਵਲੋਂ ਲਿਆ ਜਾਣਾ ਹੈ। ਭਾਰਤ ਦੇ ਚੋਣ ਕਮਿਸ਼ਨ ਲੋਕ ਸਭਾ ਚੋਣਾਂ ਅਤੇ ਹੁਣ ਜ਼ਿਮਨੀ ਚੋਣਾਂ ਨੂੰ ਧਿਆਨ ਵਿਚ ਰੱਖਦੇ ਹੋਏ ਤਾਰੀਕ ਵਿਚ ਬਦਲਾਅ ਕਰ ਚੁੱਕੇ ਹਨ। ਜੇਕਰ ਪੰਜਾਬ ਰਾਜ ਚੋਣ ਕਮਿਸ਼ਨ ਚਾਹੁਣ ਤਾਂ ਚੋਣਾਂ ਜਨਵਰੀ ਦੇ ਪਹਿਲੇ ਜਾਂ ਦੂਜੇ ਹਫ਼ਤੇ ਕਰਵਾ ਸਕਦੇ ਹਨ। ਵੈਸੇ ਵੀ ਸੁਪਰੀਮ ਕੋਰਟ ਦੀ ਹਦਾਇਤਾਂ ਮੁਤਾਬਿਕ ਅੱਠ ਹਫ਼ਤਿਆਂ ਦਾ ਸਮਾਂ ਦਸੰਬਰ ਅੰਤ ਵਿਚ ਬਣਦਾ ਹੈ।

ਉਧਰ ਪੰਜਾਬ ਰਾਜ ਚੋਣ ਕਮਿਸ਼ਨ ਕਮਲ ਚੌਧਰੀ ਨੇ ਪੰਜਾਬੀ ਜਾਗਰਣ ਨੂੰ ਦੱਸਿਆ ਕਿ ਸੂਬਾ ਸਰਕਾਰ ਨੇ ਦਸੰਬਰ ਦੇ ਅੰਤ ਤੱਕ ਚੋਣਾਂ ਕਰਵਾਉਣ ਸਬੰਧੀ ਨੋਟੀਫਿਕੇਸ਼ਨ ਕੀਤਾ ਹੈ, ਇਸ ਤਰ੍ਹਾਂ ਕਮਿਸ਼ਨ ਦੀ ਕੋਸ਼ਿਸ਼ ਰਹੇਗੀ ਕਿ ਦਸੰਬਰ ਦੇ ਅੰਤ ਤੱਕ ਚੋਣਾਂ ਕਰਵਾ ਦਿੱਤੀਆਂ ਜਾਣ।