10 ਅੱਤਵਾਦੀ… ਦਹਿਸ਼ਤ ਦੇ ਸਾਏ ਹੇਠ ਘੰਟਿਆਂ ਤਕ ਫਾਇਰਿੰਗ

ਨਵੀਂ ਦਿੱਲੀ- ਭਾਰਤ ਵਿਚ ’26 ਨਵੰਬਰ 2008′ ਅਜਿਹੀ ਤਰੀਕ ਹੈ, ਜਿਸ ਨੂੰ ਯਾਦ ਕਰ ਕੇ ਹਰ ਕਿਸੇ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ। ਇਹ ਤਰੀਕ ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਦੇ ਪੁਰਾਣੇ ਜ਼ਖ਼ਮਾਂ ਨੂੰ ਤਾਜ਼ਾ ਕਰਦੀ ਹੈ। ਅੱਜ ਦੇ ਦਿਨ 16 ਸਾਲ ਪਹਿਲਾਂ ਇਸੇ ਦਿਨ ਦੁਨੀਆ ਦੇ ਸਭ ਤੋਂ ਭਿਆਨਕ ਤੇ ਵਹਿਸ਼ੀ ਅੱਤਵਾਦੀ ਹਮਲਿਆਂ ਵਿੱਚੋਂ ਇਕ ਦੀ ਗਵਾਹ ਮੁੰਬਈ ਬਣਿਆ ਸੀ। ਅੱਜ ਰਾਸ਼ਟਰਪਤੀ ਦ੍ਰੋਪਦੀ ਮੁਰਮੂ (Draupadi Murmu) ਨੇ 26/11 ਦੀ ਘਟਨਾ (Mumbai 26/11 Attack ) ਨੂੰ ਬੇਰਹਿਮੀ ਹਮਲਾ ਕਰਾਰ ਦਿੱਤਾ ਤੇ ਕੁਰਬਾਨੀਆਂ ਦੇਣ ਵਾਲੇ ਬਹਾਦਰ ਸੁਰੱਖਿਆ ਕਰਮੀਆਂ ਨੂੰ ਯਾਦ ਕੀਤਾ।

ਜ਼ਿਕਰਯੋਗ ਹੈ ਕਿ ਪਾਕਿਸਤਾਨ ‘ਚ ਸਿਖਲਾਈ ਪ੍ਰਾਪਤ ਅਤੇ ਆਧੁਨਿਕ ਹਥਿਆਰਾਂ ਨਾਲ ਲੈਸ ਲਸ਼ਕਰ-ਏ-ਤੋਇਬਾ ਦੇ 10 ਅੱਤਵਾਦੀ ਕਿਸ਼ਤੀ ਦੀ ਮਦਦ ਨਾਲ ਸਮੁੰਦਰੀ ਰਸਤੇ ਮੁੰਬਈ ‘ਚ ਦਾਖ਼ਲ ਹੋਏ ਸਨ ਅਤੇ ਕਈ ਥਾਵਾਂ ‘ਤੇ ਆਪਣੀ ਦਹਿਸ਼ਤ ਤੇ ਜ਼ੁਲਮ ਦੇ ਨਿਸ਼ਾਨ ਛੱਡ ਗਏ ਸਨ। ਉਨ੍ਹਾਂ ਨੇ ਭੀੜ ਵਾਲੀਆਂ ਥਾਵਾਂ ਅਤੇ ਪ੍ਰਸਿੱਧ ਇਮਾਰਤਾਂ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਦਾ ਇਹ ਹਮਲਾ ਤੇ ਉਨ੍ਹਾਂ ਨੂੰ ਮਾਰਨ ਦੀ ਜੱਦੋ-ਜਹਿਦ ਚਾਰ ਦਿਨਾਂ ਤਕ ਚੱਲੀ ਸੀ।

26 ਨਵੰਬਰ 2008 ਦੀ ਰਾਤ ਨੂੰ ਮੁੰਬਈ ਵਿਚ ਸਭ ਕੁਝ ਆਮ ਵਾਂਗ ਚੱਲ ਰਿਹਾ ਸੀ। ਇਕਦਮ ਪੂਰੇ ਸ਼ਹਿਰ ਵਿਚ ਹਫੜਾ-ਦਫੜੀ ਤੇ ਡਰ ਦਾ ਮਾਹੌਲ ਬਣ ਗਿਆ। ਸ਼ੁਰੂ ਵਿਚ ਕਿਸੇ ਨੂੰ ਅੰਦਾਜ਼ਾ ਨਹੀਂ ਸੀ ਕਿ ਮੁੰਬਈ ’ਚ ਇੰਨਾ ਵੱਡਾ ਅੱਤਵਾਦੀ ਹਮਲਾ ਹੋਇਆ ਹੈ। ਰਾਤ 10 ਵਜੇ ਦੇ ਕਰੀਬ ਖ਼ਬਰ ਆਈ ਕਿ ਬੋਰੀਬੰਦਰ ’ਚ ਇਕ ਟੈਕਸੀ ਵਿਚ ਧਮਾਕਾ ਹੋਇਆ ਹੈ, ਜਿਸ ’ਚ ਡਰਾਈਵਰ ਅਤੇ ਦੋ ਯਾਤਰੀਆਂ ਦੀ ਮੌਤ ਹੋ ਗਈ ਹੈ।

ਇਸ ਦੌਰਾਨ ਹਮਲਾਵਰਾਂ ਨੇ ਲੋਕਾਂ ਨੂੰ ਬੰਧਕ ਬਣਾ ਲਿਆ, ਸੁਰੱਖਿਆ ਬਲਾਂ ਨੇ ਗੋਲੀਬਾਰੀ ਕੀਤੀ ਅਤੇ ਨਾਗਰਿਕਾਂ ‘ਤੇ ਬੇਰਹਿਮੀ ਨਾਲ ਹਮਲੇ ਕੀਤੇ, ਨਤੀਜੇ ਵਜੋਂ 18 ਸੁਰੱਖਿਆ ਕਰਮਚਾਰੀਆਂ ਸਮੇਤ 166 ਲੋਕਾਂ ਦੀ ਮੌਤ ਹੋ ਗਈ ਅਤੇ 300 ਤੋਂ ਵੱਧ ਜ਼ਖਮੀ ਹੋ ਗਏ। ਇਹ ਹਮਲਾ ਲਗਭਗ ਚਾਰ ਦਿਨ ਚੱਲਿਆ। ਭਾਰਤੀ ਕਮਾਂਡੋਜ਼ ਨੇ ਬੰਧਕਾਂ ਨੂੰ ਛੁਡਾਉਣ ਅਤੇ ਹਮਲਾਵਰਾਂ ਨੂੰ ਬੇਅਸਰ ਕਰਨ ਲਈ ਅਣਥੱਕ ਮਿਹਨਤ ਕੀਤੀ।