ਇੱਕ ਨੌਜਵਾਨ ਕਬੱਡੀ ਖਿਡਾਰੀ ਦਾ ਗੋਲੀਆਂ ਮਾਰ ਕੇ ਕਤਲ

ਤਰਨ ਤਾਰਨ – ਸੂਬੇ ‘ਚ ਇਕ ਹੋਰ ਵਾਰਦਾਤ ਦੀ ਘਟਨਾ ਸਾਹਮਣੇ ਆਈ ਹੈ। ਇਕ ਹੋਰ ਕਤਲ ਤਰਨ ਤਾਰਨ ਦੇ ਨੌਸ਼ਹਿਰਾ ਪੰਨੂਆਂ ਵਿੱਚ ਕੀਤਾ ਗਿਆ ਹੈ, ਜਿੱਥੇ ਮਸ਼ਹੂਰ ਕਬੱਡੀ ਖਿਡਾਰੀ ਸੁਖਵਿੰਦਰ ਸਿੰਘ ਉਰਫ ਨੌਂਈਂ ਨੂੰ ਅਣਪਛਾਤਿਆਂ ਨੇ ਗੋਲੀਆਂ ਨਾਲ ਭੁੰਨ ਦਿੱਤਾ। ਮਾਮਲੇ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਮਿਲੀ ਜਾਣਕਾਰੀ ਮੁਤਾਬਿਕ ਤਰਨ ਤਾਰਨ ਜ਼ਿਲ੍ਹੇ ਦੇ ਕਸਬਾ ਨੌਸ਼ਹਿਰਾ ਪਨੂੰਆਂ ’ਚ ਐਤਵਾਰ ਦੇਰ ਸ਼ਾਮ ਨੌਜਵਾਨ ਕਬੱਡੀ ਖਿਡਾਰੀ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਕਤ ਘਟਨਾ ਤੋਂ ਬਾਅਦ ਇਲਾਕੇ ਵਿਚ ਸਨਸਨੀ ਫੈਲ ਗਈ। ਮਾਮਲੇ ਸਬੰਧੀ ਥਾਣਾ ਸਰਹਾਲੀ ਦੀ ਪੁਲਿਸ ਜਾਂਚ ਕਰ ਰਹੀ ਹੈ। ਪੁਲਿਸ ਮੁਤਾਬਿਕ ਅਜੇ ਤੱਕ ਇਸ ਕਤਲ ਪਿੱਛੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਪੁਲਿਸ ਨੇ ਕਿਹਾ ਕਿ ਜਲਦ ਹੀ ਮਾਮਲੇ ਦੀ ਪੜਤਾਲ ਕਰਕੇ ਮੁਲਜ਼ਮਾਂ ਨੂੰ ਕਾਬੂ ਕੀਤਾ ਜਾਵੇਗਾ।

ਉਥੇ ਹੀ ਪੁੱਤਰ ਦੇ ਕਤਲ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਨੌਜਵਾਨ ਆਪਣੇ ਪਰਿਵਾਰ ਦਾ ਇੱਕਲੌਤਾ ਪੁੱਤਰ ਸੀ ਅਤੇ ਕਬੱਡੀ ਖੇਡਦਾ ਸੀ। ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਵੀ ਨਹੀਂ ਸੀ। ਪਰਿਵਾਰ ਨੇ ਦੱਸਿਆ ਕਿ ਉਸ ਦਾ ਡੇਢ ਮਹੀਨਾ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ। ਮ੍ਰਿਤਕ ਕਬੱਡੀ ਖਿਡਾਰੀ ਦੇ ਪਿਤਾ ਬੱਸ ਡਰਾਈਵਰੀ ਕਰਦੇ ਹਨ। ਕਤਲ ਦੀ ਖਬਰ ਤੋਂ ਆਹਤ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਅਤੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।

ਉਧਰ ਮੌਕੇ ’ਤੇ ਪਹੁੰਚੀ ਪੁਲਿਸ ਦੀ ਟੀਮ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਡੀਐਸਪੀ ਗੁਰਕ੍ਰਿਪਾਲ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਮੌਕੇ ’ਤੇ ਪਹੁੰਚ ਕੇ ਹਰ ਪਹਿਲੂ ਨੂੰ ਧਿਆਨ ਵਿੱਚ ਰੱਖ ਕੇ ਜਾਂਚ ਕੀਤੀ ਜਾ ਰਹੀ ਹੈ।

ਪੰਜਾਬ ‘ਚ ਕੱਬਡੀ ਖਿਡਾਰੀ ਦੇ ਕਤਲ ਦਾ ਕੋਈ ਨਵਾਂ ਮਾਮਲਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਕਈ ਕਬੱਡੀ ਖਿਡਾਰੀਆਂ ਨੂੰ ਨਿਸ਼ਾਨਾ ਬਣਾ ਕੇ ਉਹਨਾਂ ਦੇ ਕਤਲ ਕੀਤੇ ਜਾ ਚੁਕੇ ਹਨ। ਇਹਨਾਂ ਵਿੱਚ ਸਭ ਤੋਂ ਵੱਧ ਚਰਚਿਤ ਕਤਲਕਾਂਡ ਸੀ ਸੰਦੀਪ ਨੰਗਲ ਅੰਬੀਆਂ ਦਾ, ਜਿਸ ਨੂੰ ਨਕੋਦਰ ਦੇ ਪਿੰਡ ਮੱਲੀਆਂ ਕੱਲਾਂ ਦੇ ਕੱਬਡੀ ਕੱਪ ਦੌਰਾਨ ਹੋਈ ਗੋਲੀਬਾਰੀ ਵਿਚ ਸ਼ਰੇਆਮ ਕਤਲ ਕੀਤਾ ਗਿਆ। ਸੰਦੀਪ ਨੰਗਲ ਅੰਬੀਆਂ ਜਲੰਧਰ ਜ਼ਿਲ੍ਹੇ ਦੇ ਸ਼ਾਹਕੋਟ ਨੇੜਲੇ ਪਿੰਡ ਨੰਗਲ ਅੰਬੀਆਂ ਦਾ ਰਹਿਣ ਵਾਲਾ ਸੀ। ਇਸ ਕਤਲ ਨਾਲ ਪੰਜਾਬ ਦਹਿਲ ਗਿਆ। ਹਾਲਾਂਕਿ ਪੁਲਿਸ ਨੇ ਸਾਲ ਭਰ ਵਿੱਚ ਹੀ ਕਾਰਵਾਈ ਕਰਦਿਆਂ ਕਾਤਲਾਂ ਨੂੰ ਗ੍ਰਿਫਤਾਰ ਕਰ ਲਿਆ।

ਸੰਦੀਪ ਨੰਗਲ ਅੰਬੀਆਂ ਵਾਂਗ ਮੋਗਾ ਦੇ ਕਬੱਡੀ ਕੋਚ ਗੁਰਪ੍ਰੀਤ ਸਿੰਘ ਗਿੰਦਰੂ ਨੂੰ ਵੀ ਕਤਲ ਕਰ ਦਿੱਤਾ ਗਿਆ। ਇਹ ਕਤਲ ਦੀ ਵਾਰਦਾਤ ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ਵਿੱਚ ਵਾਪਰੀ ਸੀ। ਗੁਰਪ੍ਰੀਤ ਸਿੰਘ ਗਿੰਦਰੂ ਦਾ ਕਤਲ ਉਸ ਵੇਲੇ ਹੋਇਆ ਜਦੋਂ ਉਹ ਆਪਣੇ ਕੰਮ ਤੋਂ ਵਾਪਸ ਪਰਤ ਰਿਹਾ ਸੀ । ਉਸ ਕੋਲ ਕਾਫੀ ਕੈਸ਼ ਰੁਪਏ ਸਨ । ਕਬੱਡੀ ਕੋਚ ਮਨੀਲਾ ਵਿੱਚ ਫਾਈਨਾਂਸ ਦਾ ਕੰਮ ਕਰਦਾ ਸੀ ।

ਇਸ ਤੋਂ ਬਾਅਦ ਗੱਲ ਕੀਤੀ ਜਾਵੇ ਪੰਜਾਬ ਵਿੱਚ ਇੱਕ ਹੋਰ ਕਬਡੀ ਖਿਡਾਰੀ ਦੇ ਕਤਲ ਦੀ ਤਾਂ ਕਪੂਰਥਲਾ ‘ਚ ਕਬੱਡੀ ਖਿਡਾਰੀ ਹਰਦੀਪ ਸਿੰਘ ਉਰਫ਼ ਦੀਪਾ ਦਾ ਬੇਰਹਿਮੀ ਨਾਲ ਕਤਲ ਕਰ ਕੇ ਉਸ ਦੀ ਕੱਟੀ ਹੋਈ ਲਾਸ਼ ਨੂੰ ਕਾਤਲ ਉਸ ਦੇ ਘਰ ਦੇ ਬਾਹਰ ਸੁੱਟ ਗਏ ਅਤੇ ਉਸਦੇ ਮਾਪਿਆਂ ਨੂੰ ਕਿਹਾ, “ਆਹ ਲਓ ਤੁਹਾਡਾ ਸ਼ੇਰ ਪੁੱਤ” ।